Oct 3, 2026

ਬਠਿੰਡਾ- ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਬੀਤੀ ਸ਼ਾਮ ਬਠਿੰਡਾ ਵਿੱਚ ਰੋਡ ਸ਼ੋਅ ਕੀਤਾ। ਭਾਵੇਂ ਪਾਰਟੀ ਨੇ ਇਸ ਨੂੰ ਲਗਾਤਾਰ ਦੂਜੀ ਵਾਰ ਮੇਅਰ ਬਣੇ ਪਦਮਜੀਤ ਮਹਿਤਾ ਦੇ ਹੱਕ ਵਿੱਚ ਧੰਨਵਾਦੀ ਦੌਰਾ ਕਰਾਰ ਦਿੱਤਾ ਹੈ ਪਰ ਸਿਆਸੀ ਹਲਕਿਆਂ ਵਿੱਚ ਇਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ‘ਚਿੱਟੇ’ ਅਤੇ ‘ਬੇਅਦਬੀਆਂ’ ਵਾਲੀ ਪਾਰਟੀ ਸਮੇਤ ‘ਝਗੜਾ ਪਾਰਟੀ’ ਅਤੇ ‘ਈ ਡੀ ਪਾਰਟੀ’ ਆਮ ਆਦਮੀ ਪਾਰਟੀ ਖ਼ਿਲਾਫ਼ ਇਕੱਠੇ ਹੋ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਮਾਨਦਾਰ ਆਗੂ ਦੱਸਦਿਆਂ ਕਿਹਾ ਕਿ ਜੇ ਉਨ੍ਹਾਂ ਕੋਈ ਗਲਤ ਕੰਮ ਕੀਤਾ ਹੁੰਦਾ ਤਾਂ ਉਹ ਵੀ ਹੁਣ ਤੱਕ ਈ ਡੀ ਦੇ ਨਿਸ਼ਾਨੇ ’ਤੇ ਆ ਚੁੱਕੇ ਹੁੰਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਨਾਲ ਗੱਡੀ ਵਿੱਚ ਮੌਜੂਦ ਮੇਅਰ ਪਦਮਜੀਤ ਮਹਿਤਾ ਅਤੇ ਉਨ੍ਹਾਂ ਦੇ ਪਿਤਾ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਠਿੰਡਾ ਦੀਆਂ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਵਿਰੋਧੀ ਧਿਰਾਂ ਦੇ ਕੰਮਕਾਜ ਦੀ ਆਲੋਚਨਾ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ, ਮੁਫ਼ਤ ਬਿਜਲੀ ਅਤੇ ਮੁੱਖ ਮੰਤਰੀ ਬੀਮਾ ਯੋਜਨਾ ਸਮੇਤ ਹੋਰ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।

error: Content is protected !!