Jul 13, 2026

ਓਟਵਾ-ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟਰੇਲੀਆ ਨੇ ਇਸਰਾਈਲ-ਫ਼ਲਸਤੀਨ ਸੰਘਰਸ਼ ਵਿੱਚ ਲੰਬੇ ਸਮੇਂ ਦੀ ਸ਼ਾਂਤੀ ਦੀ ਸੰਭਾਵਨਾ ਨੂੰ ਮਜ਼ਬੂਤ ਕਰਨ ਲਈ ਇੱਕ ਨਵੀਂ ਬਹੁ-ਦਾਤਾ ਅੰਤਰਰਾਸ਼ਟਰੀ ਪਹਿਲ “ਇੰਟਰਨੈਸ਼ਨਲ ਪੀਸ ਫ਼ੰਡ” ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਤਿੰਨੋਂ ਦੇਸ਼ ਅਗਲੇ ਤਿੰਨ ਸਾਲਾਂ ਵਿੱਚ ਹਰੇਕ ਨੂੰ 10 ਲੱਖ ਪੌਂਡ (1.3 ਮਿਲੀਅਨ ਡਾਲਰ) ਦੇਣਗੇ, ਇਸ ਉਮੀਦ ਨਾਲ ਕਿ ਹੋਰ ਦੇਸ਼ ਯੋਗਦਾਨ ਪਾਉਣਗੇ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਯੇਵੇਟ ਕੂਪਰ ਅਤੇ ਉਨ੍ਹਾਂ ਦੇ ਆਸਟਰੇਲੀਆਈ ਅਤੇ ਕੈਨੇਡੀਅਨ ਹਮਰੁਤਬਾ ਪੈਨੀ ਵੋਂਗ ਅਤੇ ਅਨੀਤਾ ਆਨੰਦ ਦੇ ਸਾਂਝੇ ਬਿਆਨ ਮੁਤਾਬਕ ਇਜ਼ਰਾਈਲ ਅਤੇ ਫ਼ਲਸਤੀਨੀ ਸਿਵਲ ਸੁਸਾਇਟੀ ਸੰਗਠਨ ਇਸ ਦੇ ਯੋਗ ਹੋਣਗੇ। ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਫ਼ੰਡ ਦਾ ਉਦੇਸ਼ ਦੋਹਾਂ ਪੱਖਾਂ ਵਿਚਕਾਰ ਭਰੋਸਾ, ਸੰਵਾਦ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਇੱਕ ਟਿਕਾਊ ਅਤੇ ਸਥਿਰ ਸ਼ਾਂਤੀ ਪ੍ਰਕਿਰਿਆ ਲਈ ਮਾਹੌਲ ਤਿਆਰ ਕੀਤਾ ਜਾ ਸਕੇ।

ਸਰਕਾਰੀ ਜਾਣਕਾਰੀ ਮੁਤਾਬਕ, ਕੈਨੇਡਾ, ਯੂ ਕੇ ਅਤੇ ਆਸਟਰੇਲੀਆ ਵੱਲੋਂ ਇਸ ਫ਼ੰਡ ਵਿੱਚ ਹਰੇਕ ਦੇਸ਼ ਲਗਪਗ 10 ਲੱਖ ਪੌਂਡ (ਕਰੀਬ 13.4 ਲੱਖ ਅਮਰੀਕੀ ਡਾਲਰ) ਯੋਗਦਾਨ ਦੇਵੇਗਾ, ਜਿਸ ਨਾਲ ਕੁੱਲ ਰਕਮ ਲਗਪਗ 40 ਲੱਖ ਡਾਲਰ ਬਣਦੀ ਹੈ। ਇਹ ਫ਼ੰਡ ਹੋਰ ਅੰਤਰਰਾਸ਼ਟਰੀ ਭਾਗੀਦਾਰਾਂ ਲਈ ਵੀ ਖੁੱਲ੍ਹਾ ਰਹੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਖੇਤਰ ਵਿੱਚ ਨਾਗਰਿਕਾਂ ਨੂੰ ਭਾਰੀ ਮਨੁੱਖੀ ਨੁਕਸਾਨ ਅਤੇ ਤਬਾਹੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਦੋਹਾਂ ਸਮਾਜਾਂ ਵਿਚਕਾਰ ਵਿਸ਼ਵਾਸ ਹੋਰ ਘੱਟਦਾ ਜਾ ਰਿਹਾ ਹੈ। ਇਸ ਸਥਿਤੀ ਵਿੱਚ ਨਾਗਰਿਕ ਸਮਾਜਕ ਸੰਸਥਾਵਾਂ (CSOs) ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ ਗਿਆ ਹੈ।