Jul 13, 2026

ਕੈਲਗਰੀ ( ਦਲਵੀਰ ਜੱਲੋਵਾਲੀਆ )- ਵਿੰਨੀਪੈੱਗ ਦੇ ਸਾਊਥ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਨਾਲ ਜੁੜੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਮਰਿਯਾਦਾ ਦੇ ਉਲਟ ਕਾਰਜ ਕੀਤੇ ਗਏ, ਜਿਨ੍ਹਾਂ ਵਿੱਚ ਲੰਗਰ ਹਾਲ ਵਿੱਚ ਜੋੜੇ ਪਾ ਕੇ ਘੁੰਮਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਛੇੜਛਾੜ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਕਈ ਵਾਰ ਚਿੱਠੀਆਂ ਭੇਜ ਕੇ ਸਬੰਧਤ ਮੈਂਬਰਾਂ ਨੂੰ ਆਪਣਾ ਪੱਖ ਰੱਖਣ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਕਿਹਾ ਗਿਆ, ਪਰ ਉਹ ਹਾਜ਼ਰ ਨਹੀਂ ਹੋਏ। ਇਸ ਤੋਂ ਬਾਅਦ ਪ੍ਰਧਾਨ ਨਿਸ਼ਾਨ ਸਿੰਘ, ਰਜਿੰਦਰ ਸਿੰਘ, ਮਲਕੀਤ ਸਿੰਘ, ਮੋਹਣ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ।
ਇਸ ਦੇ ਨਾਲ ਹੀ ਪੰਜ ਮੈਂਬਰੀ ਕਮੇਟੀ ਦੇ ਅਮਰਜੀਤ ਸਿੰਘ, ਕਿਰਨਪਾਲ ਸਿੰਘ, ਚਰਨਜੀਤ ਸਿੰਘ, ਹਰਪਾਲ ਸਿੰਘ ਅਤੇ ਸੁਖਜਿੰਦਰ ਸਿੰਘ ਖ਼ਿਲਾਫ਼ ਵੀ ਇਹੀ ਕਾਰਵਾਈ ਕੀਤੀ ਗਈ।
ਜਥੇਦਾਰ ਨੇ ਸੰਗਤ ਨੂੰ ਹਦਾਇਤ ਕੀਤੀ ਕਿ ਜਦ ਤੱਕ ਸਬੰਧਤ ਵਿਅਕਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਭੁੱਲ ਦੀ ਮਾਫ਼ੀ ਨਹੀਂ ਮੰਗਦੇ, ਤਦ ਤੱਕ ਗੁਰੂ ਖ਼ਾਲਸਾ ਪੰਥ ਉਨ੍ਹਾਂ ਨੂੰ ਮੂੰਹ ਨਾ ਲਾਵੇ। ਜ਼ਿਕਰਯੋਗ ਹੈ ਕਿ ਵਿੰਨੀਪੈੱਗ ਦੀਆਂ ਸੰਗਤਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਬੰਧਕ ਕਮੇਟੀ ਦੇ ਕੰਮਕਾਜ ਨੂੰ ਲੈ ਕੇ ਲਗਾਤਾਰ ਇਤਰਾਜ਼ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ।

ਵਿੰਨੀਪੈਗ ਗੁਰਦੁਆਰਾ ਪ੍ਰਧਾਨ ਨੇ ਜਥੇਦਾਰ ਵਲੋਂ ਜਾਰੀ ਫਤਵੇ ਨੂੰ ਇਕਪਾਸੜ ਕਾਰਵਾਈ ਕਿਹਾ-
ਵਿੰਨੀਪੈਗ ( ਮਾਵੀ, ਸ਼ਰਮਾ)- ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਵਿਨੀਪੈੱਗ (ਕੈਨੇਡਾ) ਸਥਿਤ ਗੁਰਦੁਆਰਾ ਸਾਊਥ ਸਿੱਖ ਸੈਂਟਰ ਦੀ ਕਮੇਟੀ ਮੈਂਬਰਾਂ ਵਿਰੁੱਧ ਪਾਸ ਕੀਤੇ ਹੁਕਮਨਾਮੇ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਇੱਕਪਾਸੜ ਦੱਸਦਿਆਂ ਕਿਹਾ ਕਿ ਸਾਰੇ ਦੋਸ਼ ਨਿਰਮੂਲ ਹਨ।
ਪ੍ਰਧਾਨ ਨੇ ਇਸ ਦੋਸ਼ ਨੂੰ ਵੀ ਗਲਤ ਕਿਹਾ ਕਿ ਉਨ੍ਹਾਂ ਵਲੋਂ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਲੋਂ ਭੇਜੀ ਕਿਸੇ ਚਿੱਠੀ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਈਮੇਲ ਅਤੇ ਡਾਕ ਰਾਹੀਂ ਭੇਜੇ ਜਵਾਬਾਂ ਦੇ ਸਬੂਤ ਮੌਜੂਦ ਹਨ, ਜਿਸ ਨੂੰ ਉਹ ਆਉਂਦੇ ਐਤਵਾਰ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਰੱਖੀ ਗਈ ਮੀਟਿੰਗ ’ਚ ਵਿਚਾਰਨ ਤੋਂ ਬਾਅਦ ਹਰੇਕ ਦੋਸ਼ ਦਾ ਵਿਸਥਾਰਤ ਅਤੇ ਸਬੂਤਾਂ ਸਮੇਤ ਉੱਤਰ ਜਨਤਕ ਕਰਨਗੇ। ਉਨ੍ਹਾਂ ਕਿਹਾ ਕਿ ਫੈਸਲਾ ਮੁੱਢ ਤੋਂ ਇੱਕਪਾਸੜ ਹੈ, ਜਿਸ ਦੀ ਉਮੀਦ ਸਰਬ ਉੱਚ ਸਿੱਖ ਸੰਸਥਾਨ ਤੋਂ ਨਹੀਂ ਕੀਤੀ ਜਾ ਸਕਦੀ।
ਨਿਸ਼ਾਨ ਸਿੰਘ ਨੇ ਦੁਹਰਾਇਆ ਕਿ ਐਤਵਾਰ ਨੂੰ ਆਪਣੀ ਬੇਗੁਨਾਹੀ ਦੇ ਸਾਰੇ ਠੋਸ ਸਬੂਤ ਜਨਤਕ ਕਰਕੇ ਸਿੱਖ ਸੰਗਤ ਤੋਂ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਪ੍ਰਧਾਨ ਨੇ ਭਾਵੁਕ ਹੁੰਦੇ ਹੋਏ ਬਹੁਤੇ ਸਵਾਲਾਂ ਦੇ ਜਵਾਬ ਐਤਵਾਰ ਨੂੰ ਦੇਣ ਦੀ ਗੱਲ ਕਰਦਿਆਂ ਵਾਰ ਵਾਰ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਸਿੱਖ ਮਰਿਆਦਾ ਦੀ ਕੋਈ ਅਵੱਗਿਆ ਨਹੀਂ ਕੀਤੀ।
ਗੁਰਦੁਆਰਾ ਕਮੇਟੀ ਪ੍ਰਧਾਨ ਨਿਸ਼ਾਨ ਸਿੰਘ ਨੇ ਕਿਹਾ ਕਿ ਉਹ 30-35 ਸਾਲ ਤੋਂ ਗੁਰਦੁਆਰਾ ਸਾਹਿਬ ਨਾਲ ਜੁੜੇ ਹਏ ਹਨ ਤੇ ਕਮੇਟੀ ਦੇ 300 ਮੈਂਬਰਾਂ ਵਲੋਂ ਕੀਤੀ ਜਾਂਦੀ ਚੋਣ ਮੌਕੇ ਤੀਜੀ ਵਾਰ ਸੌਂਪੀ ਗਈ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਤੇ ਕਬਜ਼ੇ ਦੀ ਲਾਲਸਾ ਨਾਲ ਮੈਂਬਰ ਬਣੇ ਕੁਝ ਲੋਕਾਂ ਦੀਆਂ ਹਰਕਤਾਂ ਦੇ ਚਲਦਿਆਂ ਉਨ੍ਹਾਂ ਦੀ ਮੈਂਬਰਸ਼ਿੱਪ ਖਾਰਜ ਕੀਤੇ ਜਾਣ ਕਾਰਨ ਉਹ ਝੂਠੀਆਂ ਸ਼ਿਕਾਇਤਾਂ ਭੇਜ ਰਹੇ ਸਨ, ਜਿੰਨਾਂ ਨੂੰ ਜਥੇਦਾਰ ਸਾਹਿਬਾਨ ਵੱਲੋਂ ਸਾਡੇ ਜਵਾਬ ਅਣਗੋਲੇ ਕਰਕੇ ਉਨ੍ਹਾਂ ਦੀ ਝੂਠ ਦੀ ਪੰਡ ਨੂੰ ਸੱਚ ਮੰਨਦੇ ਹੋਏ ਹੁਕਮਨਾਮਾ ਜਾਰੀ ਕੀਤਾ ਗਿਆ, ਜੋ ਕਿ ਬਹੁਤ ਦੁੱਖਦਾਈ ਗੱਲ ਹੈ। ਉਨ੍ਹਾਂ ਨੇ ਭਰੋਸੇ ਨਾਲ ਕਿਹਾ ਕਿ ਐਤਵਾਰ ਦੀ ਕਮੇਟੀ ਮੀਟਿੰਗ ਤੋਂ ਬਾਅਦ ਸਾਰੇ ਦੋਸ਼ਾਂ ਦਾ ਨਿਤਾਰਾ ਸਿੱਖ ਸੰਗਤ ਕਰੇਗੀ।

Leave a Reply

Your email address will not be published. Required fields are marked *