Jun 17, 2026
ਦਰਬਾਰਾ ਸਿੰਘ ਕਾਹਲੋ—
 ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 26 ਮਈ 2014 ਤੋਂ 10 ਜੂਨ 2026 ਤੱਕ ਅਜ਼ਾਦ ਭਾਰਤ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਨੂੰ ਮਾਤ ਪਾ ਕੇ ਭਾਰਤੀ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਗੱਡਿਆ ਹੈ ।ਪੰਡਿਤ ਜਵਾਹਰ ਲਾਲ ਨਹਿਰੂ ਨੇ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ 1952 ਤੋਂ 1964 ਤੱਕ 4398 ਦਿਨ ਸ਼ਾਸਨ ਕੀਤਾ ਜਦ ਕੇ 10 ਜੂਨ 2026 ਨੂੰ ਸ਼੍ਰੀ ਮੋਦੀ ਨੇ 4399 ਦਿਨ ਪ੍ਰਧਾਨ ਮੰਤਰੀ ਵਜੋਂ ਸ਼ਾਸਨ ਕਰਦੇ ਉਸ ਦਾ ਰਿਕਾਰਡ ਤੋੜ ਦਿੱਤਾ ਹੈ । ਇਸ ਸ਼ੁਭ ਸਮੇਂ ਤੇ ਉਹਨਾਂ ਨੂੰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ,ਰਾਸ਼ਟਰਪਤੀਆਂ ,ਕੌਮਾਂਤਰੀ ਸੰਸਥਾਵਾਂ ਦੇ ਆਗੂਆਂ ਵੱਲੋਂ ਵਧਾਈ ਸੰਦੇਸ਼ ਪੁੱਜ ਰਹੇ ਹਨ ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ੍ਰੀ ਮੋਦੀ ਨੂੰ ਆਪਣਾ ਪਰਮ ਮਿੱਤਰ ਸੰਬੋਧਨ ਕਰਦਿਆਂ ਇੱਕ ਮਜ਼ਬੂਤ ,ਸਿਹਤਮੰਦ ਅਤੇ ਵਿਵੇਕ ਬੁੱਧੀ ਸ਼ਖਸ਼ੀਅਤ ਕਰਾਰ ਦਿੰਦਿਆਂ ਉਹਨਾਂ ਨੂੰ ਭਾਰਤ ਦਾ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲਾ ਪ੍ਰਧਾਨ ਮੰਤਰੀ ਹੋਣ ਨਾਤੇ ਕੋਟਨ ਕੋਟ ਵਧਾਈ ਦਿੱਤੀ ਹੈ । ਲੇਕਿਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਬਹੁਤ ਹੀ ਵੱਡੀਆਂ ਦੇਸ਼ ਦੇ ਅੰਦਰ ਅਤੇ ਬਾਹਰ ਚਣੌਤੀਆਂ ਦੇ ਬਾਵਜੂਦ ਭਾਜਪਾ ਦੇ ਜੇਤੂ ਅਸ਼ਵਮੇਧ ਰੱਥ ਦਾ ਕਾਫਲਾ ਲਗਾਤਾਰ ਜਾਰੀ ਰੱਖਿਆ ।ਉਨਾਂ ਉੱਤਰੀ ਅਤੇ ਮੱਧ ਭਾਰਤ ਦੀ ਹਿੰਦੂ ਬਹੁਲ ਆਬਾਦੀ ਦੇ ਰਾਜਾਂ ਵਿੱਚ ਭਾਜਪਾ ਦੀ ਜਿੱਤ ਦਾ ਪਰਚਮ ਹੀ ਨਹੀਂ ਲਹਿਰਾਇਆ ਬਲਕਿ ਧੁਰ ਉਤਰਪੂਰਬ ਰਾਜਾ ਖਾਸ ਕਰਕੇ ਸੀਪੀਐਮ ਦੀ ਅਗਵਾਈ ਵਾਲੇ ਤਿਰੀਪੁਰਾ ਸਮੇਤ ਦੂਸਰੇ ਰਾਜਾਂ ਜਿਵੇਂ ਆਸਾਮ ,ਭਾਰਤੀ ਪੱਛਮੀ ਤੱਟ ਤੇ ਲੰਬਾ ਸਮਾਂ ਬੀਜੂ ਜਨਤਾ ਦਲ ਦੇ ਆਗੂ ਨਵੀਨ ਪਟਨਾਇਕ ਦੇ ਗੜ ਉਡੀਸਾ ਅਤੇ ਹੁਣ ਅਪ੍ਰੈਲ 2026 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਟੀਐਮਸੀ ਦੀ ਆਗੂ ਮਮਤਾ ਬੈਨਰਜੀ ਦੇ ਗੜ ਨੂੰ ਪੱਛਮੀ ਬੰਗਾਲ ਤੋੜ ਕੇ ਉੱਥੇ ਭਾਜਪਾ ਦਾ ਪਰਚਮ ਲਹਿਰਾ ਕੇ ਦੇਸ਼ ਵਿਦੇਸ਼ ਦੀ ਰਾਜਨੀਤੀ ਨੂੰ ਹੈਰਾਨ ਕਰਕੇ ਰੱਖ ਦਿੱਤਾ। ਭਾਵੇਂ ਪੱਛਮੀ ਬੰਗਾਲ ਚੋਣਾਂ ਬਹੁਤ ਵਿਵਾਦ ਪੂਰਵਕ ਰਹੀਆਂ ਪਰ ਹਕੀਕਤ ਤਾਂ ਇਹ ਹੈ ਕਿ ਮਮਤਾ ਬੈਨਰਜੀ ਦੇ ਏਕਾਧਿਕਾਰਵਾਦੀ , ਆਪਹੁਦਰਾਸ਼ਾਹ ਅਤੇ ਭਰਿਸ਼ਟਾਚਾਰ ਸਾਸਨ ਕਰਕੇ ਉਸ ਦੀ ਪਾਰਟੀ ਦਾ ਪਹਿਲਾਂ ਹੀ ਰਾਜਨੀਤਿਕ ਤੌਰ ਤੇ ਰਾਜ ਵਿੱਚ ਲੱਕ ਟੁੱਟ ਚੁੱਕਾ ਸੀ ।ਜੇ ਇੰਜ ਨਾ ਹੁੰਦਾ ਤਾਂ ਉਸਦੀ ਪਾਰਟੀ ਹੁਣ ਚੋਣਾਂ ਤੋਂ ਬਾਅਦ ਖੇਰੂ ਖੇਰੂ ਨਾ ਹੁੰਦੀ ।ਭਾਜਪਾ ਦੀਆਂ ਜਿੱਤਾਂ ਦਾ ਸਿਹਰਾ ਨਰਿੰਦਰ ਮੋਦੀ ਦੀ ਅਨੁਸ਼ਾਸਿਤ ਅਤੇ ਪ੍ਰੋਢ ਅਗਵਾਈ ਸਿਰ ਬੱਝਦਾ ਹੈ । ਉਹਨਾਂ ਨੇ ਦੇਸ਼ ਦੇ ਉੱਚ ,ਮੱਧ ,ਕਾਰੋਬਾਰੀ ,ਪਛੜੇ ,ਆਦਿਵਾਸੀ ਅਤੇ ਦਲਿਤ ਵਰਗਾਂ ,ਵੱਖ ਵੱਖ ਧਰਮਾਂ ,ਮਜਹਬਾਂ ,ਇਲਾਕਿਆਂ ,ਭਾਸ਼ਾਵਾਂ ,ਸੱਭਿਆਚਾਰਾਂ ਅਤੇ ਇਲਾਕਿਆਂ ਦੇ ਲੋਕਾਂ ਨੂੰ ਭਾਜਪਾ ਨਾਲ ਆਪਣੀ “ਸਭ ਕਾ ਸਾਥ ,ਸਭ ਕਾ ਵਿਕਾਸ “ਨੀਤੀ ਅਤੇ ਪ੍ਰਬੰਧਕੀ ਕਾਰਜ ਸ਼ੈਲੀ ਬਲਬੂਤੇ ਜੋੜਿਆ । ਵਿਦੇਸ਼ ਨੀਤੀ : ਸ੍ਰੀ ਮੋਦੀ ਅਗਵਾਈ ਵਿੱਚ ਭਾਰਤ ਦੀ ਵਿਦੇਸ਼ ਨੀਤੀ ਵਿੱਚ ਵੱਡਾ ਬਦਲ ਵੇਖਣ ਨੂੰ ਮਿਲਿਆ ।ਅੱਤਵਾਦ ਵਿਰੁੱਧ ਭਾਰਤ ਦਾ ਸਟੈਂਡ ਪੂਰੇ ਵਿਸ਼ਵ ਵਿੱਚ ਪੂਰੀ ਤਰ੍ਹਾਂ ਸਪਸ਼ਟ ,ਵਿਸ਼ਵਾਸ ਪੂਰਵਕ ਅਤੇ ਨਿਸ਼ਚੇ ਵਾਚਕ ਦਰਜ ਕੀਤਾ ।ਉਹਨਾਂ ਨੇ 12 ਸਾਲਾਂ ਦੇ ਸ਼ਾਸਨ ਵਿੱਚ 68 ਦੇਸ਼ਾਂ ਅਤੇ ਪ੍ਰਦੇਸ਼ਾਂ ਦਾ ਦੌਰਾ ਕੀਤਾ ਅਤੇ 138 ਕਮਾਂਤਰੀ ਪੱਧਰ ਤੇ ਯਾਤਰਾਵਾਂ ਕੀਤੀਆਂ ।ਇਸ ਦੌਰਾਨ ਅਮਰੀਕਾ ਦੀ ਨੌ ਵਾਰ ਯਾਤਰਾ ਕਰਕੇ ਰਿਕਾਰਡ ਕਾਇਮ ਕੀਤਾ ।ਇਸ ਤੋਂ ਇਲਾਵਾ ਜਪਾਨ ਅਤੇ ਯੂ ਏ ਈ ਦਾ 7-7ਵਾਰ ,ਰੂਸ ਅਤੇ ਜਰਮਨੀ ਦਾ 6-6ਵਾਰ ਅਤੇ ਚੀਨ ਦਾ ਛੇ ਵਾਰ ਦੌਰਾ ਕੀਤਾ।ਕੌਮਾਂਤਰੀ ਪੱਧਰ ਤੇ ਭਾਰਤ ਦੇ ਦੂਸਰੇ ਦੇਸ਼ਾਂ ਨਾਲ ਬਹੁਮੁਖੀ ਸਬੰਧਾਂ ਨੂੰ ਮਜ਼ਬੂਤ ਕੀਤਾ ।”ਆਪਰੇਸ਼ਨ ਸੰਦੂਰ “ਦੌਰਾਨ ਭਾਰਤ ਦੀ ਅੱਤਵਾਦ ਵਿਰੁੱਧ ਸਟੈਂਡ ਪ੍ਰਤੀ ਜਾਣਕਾਰੀ ਪ੍ਰਦਾਨ ਕਰਨ ਲਈ ਸਰਬ ਪਾਰਟੀ ਵਫਦ ਵੱਖ ਵੱਖ ਦੇਸ਼ਾਂ ਵਿੱਚ ਭੇਜੇ ਗਏ ਤਾਂ ਕਿ ਕੌਮਾਂਤਰੀ ਭਾਈਚਾਰੇ ਨੂੰ ਭਾਰਤ ਵੱਲੋਂ ਅੱਤਵਾਦ ਦੇ ਖਾਤਮੇ ਪ੍ਰਤੀ ਦ੍ਰਿੜ ਸੰਕਲਪ ਦਾ ਪਤਾ ਲੱਗ ਸਕੇ ।ਭਾਰਤ ਦੇ ਇਤਿਹਾਸ ਵਿੱਚ ਨਰਿੰਦਰ ਮੋਦੀ ਨੇ ਇੱਕ ਮਜ਼ਬੂਤ ,ਦੂਰ ਦ੍ਰਿਸ਼ਟੀ ਭਰਪੂਰ ਅਤੇ ਮਿਲਵਰਤਨ ਦਾ ਪੈਗਾਮ ਦੇਣ ਵਾਲੀ ਲੀਡਰਸ਼ਿਪ ਰਾਹੀਂ ਪੂਰੇ ਵਿਸ਼ਵ ਵਿੱਚ ਇੱਕ ਨਵੇਕਲੀ ਸ਼ਖਸੀਅਤ ਵਜੋਂ ਅਮਿਟ ਛਾਪ ਦਰਜ ਕੀਤੀ ਹੈ । ਪਾਕਿਸਤਾਨ ਅਤੇ ਚੀਨ ਨੂੰ ਸਬਕ : ਪਾਕਿਸਤਾਨ ਨੂੰ ਭਾਰਤ ਅੰਦਰ ਅੱਤਵਾਦੀ ਦਖਲ ਅੰਦਾਜ਼ੀ ਅਤੇ ਤੋੜਫੋੜ ਕਰਨ ਵਿਰੁੱਧ ਸਬਕ ਸਿਖਾਉਣ ਲਈ ਉਸ ਦੇ ਖੇਤਰ ਅੰਦਰ ਘੁਸ ਕੇ ਹਮਲੇ ਕਰਕੇ ਭਾਰਤ ਦੀ ਫੌਜੀ ਸ਼ਾਖ ਨੂੰ ਕੌਮਾਂਤਰੀ ਪੱਧਰ ਤੇ ਸਥਾਪਿਤ ਕੀਤਾ ।ਸਤੰਬਰ ਸਨ 2016 ਵਿੱਚ ਉੜੀ (ਜੰਮੂ ਕਸ਼ਮੀਰ )ਅੰਦਰ ਹਵਾਈ ਅੱਡੇ ਵਿੱਚ ਅੱਤਵਾਦੀ ਹਮਲੇ ਦਾ ਜਵਾਬ ਲਾਈਨ ਆਫ ਕੰਟਰੋਲ ਅੰਦਰ ਘੁਸ ਕੇ ਸਰਜੀਕਲ ਸਟਰਾਈਕਸ ਰਾਹੀਂ ਅੱਤਵਾਦੀ ਅੱਡੇ ਤਬਾਹ ਕਰਕੇ ਦਿੱਤਾ ।ਫਰਵਰੀ 2019 ਵਿੱਚ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਵਿਰੁੱਧ ਭਾਰਤੀ ਜੈਟ ਲੜਾਕੂ ਹਵਾਈ ਜਹਾਜਾਂ ਨੇ ਬਾਲਾਕੋਟ ਵਿਖੇ ਜੈਸ਼ ਏ ਮੁਹੰਮਦ ਦੇ ਟਰੇਨਿੰਗ ਕੈਂਪਾਂ ਨੂੰ ਨੇਸਤੇ ਨਾਬੂਦ ਕਰ ਦਿੱਤਾ ।ਮਈ 2025 ਵਿੱਚ ਪਹਿਲਗਾਮ ਵਿਖੇ 26 ਭਾਰਤੀ ਸਿਵਲੀਅਨ ਟੂਰਿਸਟਾਂ ਨੂੰ ਪਾਕਿਸਤਾਨ ਸਥਿਤ ਅੱਤਵਾਦੀਆਂ ਵੱਲੋਂ ਭੁੰਨਣ ਦਾ ਬਦਲਾ ਲੈਣ ਲਈ ਆਪਰੇਸ਼ਨ ਸੰਦੂਰ ਅਧੀਨ ਚਾਰ ਰੋਜ਼ਾ ਹਮਲਿਆਂ ਰਾਹੀਂ ਪਾਕਿਸਤਾਨ ਅੰਦਰ ਅੱਤਵਾਦੀ ਅੱਡੇ ਮਿੱਟੀ ਚ ਮਿਲਾ ਦਿੱਤੇ । ਉਹਨਾਂ ਦੀ ਅਗਵਾਈ ਵਿੱਚ ਚੀਨ ਦੇ ਗਲਵਾਨ ਘਾਟੀ ਵਿੱਚ ਦਖਲ ਅਤੇ ਕੰਟਰੋਲ ਰੇਖਾ ਤੇ ਬਾਰ ਬਾਰ ਉਕਸਾਹਟਾ ਨੂੰ ਢੁਕਵਾਂ ਜਵਾਬ ਦਿੱਤਾ ।ਡੈਪਸੌਂਗ ਅਤੇ ਡੈਮਚੌਕ ਵਿੱਚ ਸਰਹੱਦੀ ਗਸ਼ਤ ਸਮਝੌਤਾ ਚੀਨ ਨਾਲ ਕੀਤਾ ।ਹਿੰਦ ਮਹਾਸਾਗਰ ਵਿੱਚ ਭਾਰਤੀ ਸਮੁੰਦਰੀ ਬੇੜੇ ਨੂੰ ਮਜ਼ਬੂਤ ਕੀਤਾ । ਸਿੱਖਿਆ ਨੀਤੀ : ਕਿਸੇ ਵੀ ਰਾਸ਼ਟਰ ਦਾ ਵਿਕਾਸ ਉਸ ਦੀ ਸਿੱਖਿਆ ਨੀਤੀ ਅਤੇ ਮੂਲ ਢਾਂਚੇ ਤੇ ਆਧਾਰਤ ਹੁੰਦਾ ਹੈ ।ਸਨ 2020 ਵਿੱਚ ਨਰਿੰਦਰ ਮੋਦੀ ਨੇ ਰਾਸ਼ਟਰੀ ਸਿੱਖਿਆ ਨੀਤੀ ਦੀ ਘੁੰਡ ਚੁਕਾਈ ਕੀਤੀ ।ਮਕਸਦ ਭਾਰਤ ਨੂੰ 21ਵੀਂ ਸਦੀ ਦੀਆਂ ਦਰਪੇਸ਼ ਚੁਣੌਤੀਆਂ ਲਈ ਤਿਆਰ ਕਰਨਾ ਸੀ ।ਥਾਮਸ ਬਾਬਿਗਟਨ ਮੈਕਾਲੇ ਦਾ ਸਿੱਖਿਆ ਸਿਸਟਮ ਜੋ ਬਸਤੀਵਾਤੀ ਬ੍ਰਿਟਿਸ਼ ਨਿਜ਼ਾਮ ਦੇ ਹਿੱਤਾਂ ਦੀ ਪੂਰਤੀ ਲਈ ਭਾਰਤ ਵਿੱਚ ਲਾਗੂ ਕੀਤਾ ਗਿਆ ਸੀ, ਦੀ ਰਹਿੰਦ ਖੂੰਹਦ ਨੂੰ ਸਾਫ ਕਰਕੇ ਪੂਰਨ ਤੌਰ ਤੇ ਭਾਰਤੀ ਸਿੱਖਿਆ ਦਾ ਭਾਰਤੀਕਰਨ ਕਰਨਾ ਹੈ ।ਮਕਸਦ ਭਾਰਤੀ ਨੌਜਵਾਨਾ ਨੂੰ ਹਰ ਪ੍ਰਕਾਰ ਦੀ ਸਿੱਖਿਆ ਨਾਲ ਲੈਸ ਕਰਕੇ ਭਾਰਤ ਨੂੰ 2047 ਤੱਕ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਖੜਾ ਕਰਨਾ ਹੈ ।ਮੋਦੀ ਕਾਲ ਵਿੱਚ 2014 ਵਿੱਚ ਦੇਸ਼ ਵਿੱਚ 723 ਯੂਨੀਵਰਸਿਟੀਆਂ ਦੀ ਗਿਣਤੀ ਸੰਨ 2024 ਵਿੱਚ 10 ਸਾਲ ਅੰਦਰ ਵੱਧ ਕੇ 1213 ਹੋ ਗਈ ।ਉੱਚ ਸਿੱਖਿਆ ਸੰਸਥਾਵਾਂ ਦੀ ਗਿਣਤੀ 51,500 ਤੋਂ ਵੱਧ ਕੇ 59000 ਹੋ ਗਈ ।ਰਾਸ਼ਟਰੀ ਉੱਚ ਸਿੱਖਿਆ ਅਭਿਆਨ ਤਹਿਤ ਅੱਜ ਭਾਰਤ ਕੋਲ 23 ਆਈਆਈਟੀ ,22 ਆਈ ਆਈ ਐਮ ਅਤੇ 20 ਏਮਸ ਸੰਸਥਾਨ ਹਨ ਜੋ ਇੱਕ ਗੌਰਵਸ਼ਾਲੀ ਪ੍ਰਾਪਤੀ ਦਾ ਪ੍ਰਤੀਕ ਹਨ ।ਭਾਰਤ ਅੱਜ ਅਬੂ ਧਾਬੀ ਅਤੇ ਜਿੰਜੀਬਾਰ ਵਿੱਚ ਆਈ ਆਈ ਟੀ ਸੰਸਥਾਨ ਸਥਾਪਿਤ ਕਰਨ ਜਾ ਰਿਹਾ ਹੈ । ਸ੍ਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਅੰਦਰ ਵਿਕਾਸ ਦਾ ਪਹੀਆ ਸੜਕਾਂ , ਪੁਲਾਂ ,ਰੇਲ ,ਹਵਾਈ ਅੱਡਿਆਂ ,ਬੰਦਰਗਾਹਾਂ ਦੇ ਮੂਲ ਢਾਂਚੇ ਦੇ ਜਾਲ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਸੱਭਿਆਚਾਰਕ ਵਿਰਸੇ ,ਰਿਵਾਇਤੀ ਗਿਆਨ ,ਸਥਾਨਕ ਉਤਪਾਦਨ ਅਤੇ ਸੈਰ ਸਪਾਟਾ ਦੇ ਪੱਧਰ ਤੇ ਪ੍ਰਫੁੱਲਤ ਕੀਤਾ ਗਿਆ । ਇਸੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਜੰਮੂ ਕਸ਼ਮੀਰ ਨੂੰ ਰਾਜ ਦਾ ਰੁਤਬਾ ਦੇਣ ਦਾ ਵਾਅਦਾ ਪੂਰਾ ਕਰਨ ਦਾ ਵਿਸ਼ਵਾਸ ਦਿੱਤਾ ਹੈ । ਆਰਥਿਕ ਮੁਹਾਜ : ਆਰਥਿਕ ਮਹਾਜ ਤੇ ਇਸ ਦੌਰਾਨ ਬਹੁਤ ਸਾਰੀਆਂ ਨਕਾਮੀਆਂ ਦਾ ਸਾਹਮਣਾ ਵੀ ਲਗਾਤਾਰ ਪੇਸ਼ ਰਿਹਾ ਹੈ ਬੇਰੁਜ਼ਗਾਰੀ ਤੋਂ ਲੈ ਕੇ ਆਰਥਿਕ ਨਾਬਰਾਬਰੀ ਜਿਹੀਆਂ ਅਲਾਮਤਾਂ ਨੇ ਭਾਰਤ ਨੂੰ ਘੇਰ ਰੱਖਿਆ ਹੈ ।ਨੋਟਬੰਦੀ ਦਾ ਕੋਈ ਜਾਹਰਾ ਹਾਂ ਪੱਖੀ ਅਸਰ ਨਜ਼ਰ ਨਹੀਂ ਆਇਆ ਸੀ ।ਸਨ 2020-21ਵਿੱਚ ਕੋਵਿਡ -19ਦੇ ਵਿਸ਼ਵ ਪੱਧਰ ਤੇ ਹਮਲੇ ਜਿੱਥੇ ਕੌਮਾਂਮੰਤਰੀ ਵਿਕਸਿਤ ਦੇਸ਼ਾਂ ਦੀਆਂ ਆਰਥਿਕਤਾਵਾਂ ਲਈ ਘਾਤਕ ਨਜ਼ਰ ਆਏ ਉਥੇ ਭਾਰਤ ਦੀ ਆਰਥਿਕਤਾ ਤੇ ਵੀ ਇਸ ਦਾ ਬਹੁਤ ਬੁਰਾ ਪ੍ਰਭਾਵ ਪਿਆ ਜੋ ਅਜੇ ਵੀ ਜਾਰੀ ਹੈ ।ਅਮਰੀਕਾ -ਇਸਰਾਈਲ ਦੇ ਇਰਾਨ ਤੇ 28 ਫਰਵਰੀ ,2026 ਨੂੰ ਹਮਲੇ ਕਰਕੇ ਪੂਰਾ ਵਿਸ਼ਵ ਤੇਲ ,ਗੈਸ ਦੀ ਕਮੀ ਤੋਂ ਪ੍ਰਭਾਵਿਤ ਹੈ ਕਿਉਂਕਿ ਹਰਮੋਜ ਜਲ ਡਮਰੂ ਰਾਹੀਂ ਵਿਸ਼ਵ ਭਰ ਦੀ 20 ਪ੍ਰਤੀਸ਼ਤ ਤੇਲ ਅਤੇ ਗੈਸ ਸਪਲਾਈ ਰੁਕ ਕੇ ਰਹਿ ਗਈ ।ਇਸ ਦਾ ਭਾਰਤ ਦੀ ਆਰਥਿਕਤਾ ,ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਕਿਸਾਨੀ ਲਈ ਰਸਾਇਣਿਕ ਖਾਦਾਂ ਦੀ ਸਪਲਾਈ ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਜੋ ਲਗਾਤਾਰ ਜਾਰੀ ਹੈ ।ਇਸੇ ਦੌਰਾਨ ਭਾਰਤੀ ਰੁਪਇਆ 95.76 ਅਮਰੀਕੀ ਪ੍ਰਤੀ ਡਾਲਰ ਤੇ ਪਹੁੰਚਣਾ ਅਤੀ ਚਿੰਤਾਜਨਕ ਰੁਝਾਨ ਹੈ ।ਇਸੇ ਦੌਰਾਨ ਭਾਰਤ ਦੇ ਭੰਡਾਰ ਵਪਾਰੀ 30 ਬਿਲੀਅਨ ਅਮਰੀਕੀ ਡਾਲਰ ਅਮਰੀਕਾ ਵਿੱਚ ਨਿਵੇਸ਼ ਕਰਨ ਜਾ ਰਹੇ ਹਨ ਇਸ ਵਿੱਚ 10 ਬਿਲੀਅਨ ਸਿਰਫ ਅਡਾਨੀ ਗਰੁੱਪ ਦੁਆਰਾ ਨਿਵੇਸ਼ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਅਤੇ ਆਰਥਿਕ ਸਲਾਹਕਾਰਾਂ ਨੂੰ ਭਾਰਤ ਵਿੱਚੋਂ ਬਾਹਰ ਜਾ ਰਹੇ ਨਿਵੇਸ਼ ਤੇ ਕੜੀ ਨਜ਼ਰ ਰੱਖਣ ਦੀ ਲੋੜ ਹੈ ।ਇਸੇ ਦੌਰਾਨ ਭਾਰਤੀ ਧਨਾਢ ਕੰਪਨੀਆਂ ਨੇ ਰੂਸ ਤੋਂ ਸਸਤੇ ਰੇਟ ਤੇ ਤੇਲ ਅਤੇ ਗੈਸ ਖਰੀਦ ਕੇ ਯੂਰਪ ਵਿੱਚ ਮਹਿੰਗੇ ਰੇਟਾਂ ਤੇ ਵੇਚ ਕੇ 17 -18 ਲੱਖ ਕਰੋੜ ਰੁਪਇਆ ਕਮਾਇਆ ਹੈ ।ਭਾਵੇਂ 2025-26 ਵਿਚ ਭਾਰਤ ਦੀ ਵਿਕਾਸ ਦਰ 7.7ਪ੍ਰਤੀਸ਼ਤ ਰਹੀ ਹੈ ਲੇਕਿਨ ਭਾਰਤ ਦੀ ਪ੍ਰਤੀ ਜੀਅ ਆਮਦਨ 196 ਦੇਸ਼ਾਂ ਵਿੱਚੋਂ 146ਵੇ ਸਥਾਨ ਤੇ ਹੈ ।ਇਹ ਅਮੀਰ ਦੇਸ਼ਾਂ ਨਾਲੋਂ 91 ਗੁਣਾ ਘੱਟ ਹੈ ।ਹੈਰਾਨਗੀ ਇਸ ਗੱਲ ਦੀ ਹੈ ਕਿ ਭਾਰਤ ਨਾਲੋਂ ਮਾਲਦੀਪ ,ਭੂਟਾਨ ਅਤੇ ਸ੍ਰੀ ਲੰਕਾ ਦੀ ਪ੍ਰਤੀ ਜੀਅ ਆਮਦਨ ਜਿਆਦਾ ਹੈ ਜੋ ਇੱਕ ਚਿੰਤਾਜਨਕ ਮਸਲਾ ਹੈ ।ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਪੂਰੀ ਸਤਰਕਤਾ ਅਤੇ ਮੁਸਤੈਦੀ ਨਾਲ ਦੇਸ਼ ਦੀ ਆਰਥਿਕਤਾ ਨੂੰ ਸੰਭਾਲਣ ਵਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ । ਸ੍ਰੀ ਮੋਦੀ ਵੱਲੋਂ 12 ਸਾਲਾ ਕਾਰਜਕਾਲ ਪੂਰਾ ਕਰਨ ਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਮਤਾ ਪਾਸ ਕਰਕੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਭਾਰਤੀ ਲੋਕਤੰਤਰੀ ਜਾਗਰਤੀ ,ਜਨਤਕ ਵਿਸ਼ਵਾਸ ਅਤੇ ਜਨਤਕ ਸ਼ਮੂਲੀਅਤ ਦਾ ਪ੍ਰਤੀਬਿੰਬ ਦਰਸਾਇਆ ਹੈ ।ਉਹਨਾਂ ਦੇ ਜਨਤਕ ਜੀਵਨ ਨੂੰ ਸੇਵਾ ,ਹਿੰਮਤ ਅਤੇ ਰਾਸ਼ਟਰੀ ਨਿਰਮਾਣ ਦਾ ਮੁਜਸਮਾ ਦਰਸਾਇਆ ਹੈ ਇਸ ਮੌਕੇ ਸ੍ਰੀ ਮੋਦੀ ਨੇ ਕਾਂਗਰਸ ਪਾਰਟੀ ਤੇ ਹਮਲਾ ਕਰਦਿਆਂ ਉਸ ਨੂੰ ਭਾਰਤ ਦੀ ਅਸਥਿਰਤਾ ਅਤੇ ਰਾਜਨੀਤਿਕ ਉਥਲ ਪੁਥਲ ਲਈ ਜਿੰਮੇਵਾਰ ਠਹਿਰਾਇਆ ਜਿਸ ਦੇ ਫਰੇਬੀ ਜਾਲ ਵਿੱਚੋਂ ਐਨਡੀਏ ਗਠਜੋੜ ਸਰਕਾਰ ਨੇ ਮੁਕਤੀ ਦਵਾਈ। ਲੋਕਾਂ ਨੇ ਵਿਸ਼ਵਾਸਘਾਤ ਵਾਲੀ ਕਾਂਗਰਸ ਦੀ ਥਾਂ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਵਿੱਚ ਵਿਸ਼ਵਾਸ ਪ੍ਰਗਟ ਕੀਤਾ ।ਉਹਨਾਂ ਕਿਹਾ ਕਿ ਅਸੀਂ ਐਨਡੀਏ ਪਰਿਵਾਰ ਵਜੋਂ ਜੋ ਲੋਕਾਂ ਨੇ ਸਾਡੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਉਸ ਨੂੰ ਅੱਗੋਂ ਹੋਰ ਮਜਬੂਤ ਕੀਤਾ ਹੈ । ਭਾਰਤ ਦੇ 140 ਕਰੋੜ ਲੋਕਾਂ ਨੂੰ ਸ੍ਰੀ ਮੋਦੀ ਦੀ ਅਗਵਾਈ ਵਿੱਚ ਪੂਰਾ ਭਰੋਸਾ ਹੈ ।ਉਹ ਸਮਝਦੇ ਹਨ ਕਿ ਉਹਨਾਂ ਦੀ ਗਤੀਸੀਲ ,ਦੂਰ ਦ੍ਰਿਸ਼ਟੀ ਭਰਪੂਰ ਅਤੇ ਦ੍ਰਿੜ ਸੰਕਲਪ ਨਾਲ ਲਬਰੇਜ ਅਗਵਾਈ ਵਿੱਚ ਉਹਨਾਂ ਅਤੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰਖਿਅਤ ਰਹੇਗਾ ।ਉਹਨਾਂ ਦਾ “ਮਨ ਕੀ ਬਾਤ “ਪ੍ਰੋਗਰਾਮ ਲਗਾਤਾਰ ਦੇਸ਼ ਦੇ ਹਰ ਵਰਗ ਅਤੇ ਉਮਰ ਦੇ ਲੋਕਾਂ ਦੇ ਦਿਲਾਂ ਵਿੱਚ ਲਗਾਤਾਰ ਪ੍ਰੇਰਨਾਸਰੋਤ ਦੀ ਲਾਟ ਵਜੋਂ ਜਾਗਰਤੀ ਦਾ ਪ੍ਰਤੀਕ ਬਣਿਆ ਰਹੇਗਾ।
 ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ
ਕਿੰਗਸਟਨ -ਕੈਨੇਡਾ
 +12898292929

Leave a Reply

Your email address will not be published. Required fields are marked *