Screenshot
ਗਲੋਬਲ ਸਿਆਸਤ, ਆਰਥਿਕਤਾ ਅਤੇ ਸਮਕਾਲੀ ਮਸਲਿਆਂ ਦਾ ਬੇਬਾਕ ਕਾਵਿਕ ਦਸਤਾਵੇਜ਼ – ਬੁਲਾਰੇ
ਸਰੀ, 22 ਜੂਨ (ਹਰਦਮ ਮਾਨ) – ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਬੀਤੇ ਐਤਵਾਰ ਲੁਧਿਆਣਾ ਨਾਲ ਸਬੰਧਿਤ ਨਾਮਵਰ ਸ਼ਾਇਰ ਪਰਮਜੀਤ ਸੋਹਲ ਦੇ ਨਵੇਂ ਕਾਵਿ-ਸੰਗ੍ਰਹਿ ‘ਪੂਰਬ ਦੇ ਬੱਦਲ’ ਦੇ ਲੋਕ-ਅਰਪਣ ਸਬੰਧੀ ਇੱਕ ਵਿਸ਼ੇਸ਼ ਅਤੇ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਾਹਿਤ ਪ੍ਰੇਮੀਆਂ, ਬੁੱਧੀਜੀਵੀਆਂ ਅਤੇ ਕਲਾ-ਪ੍ਰੋਮੀਆਂ ਨੇ ਇਸ ਸਮਾਗਮ ਵਿਚ ਹਾਜਰੀ ਭਰੀ। ਸਮਾਗਮ ਦੀ ਪ੍ਰਧਾਨਗੀ ਸ਼ਾਇਰ ਪਰਮਜੀਤ ਸੋਹਲ, ਉੱਘੇ ਚਿੰਤਕ ਡਾ. ਸਾਧੂ ਬਿਨਿੰਗ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਅਮਰਜੀਤ ਭੁੱਲਰ ਅਤੇ ਡਾ. ਸੁਖਦੇਵ ਮਾਨ ਨੇ ਸਾਂਝੇ ਤੌਰ ‘ਤੇ ਕੀਤੀ। ਮੰਚ ਸੰਚਾਲਕ ਸੁਰਿੰਦਰ ਚਾਹਲ ਨੇ ਹਾਜ਼ਰੀਨ ਦਾ ਨਿੱਘਾ ਸਵਾਗਤ ਕਰਦਿਆਂ ਪਰਮਜੀਤ ਸੋਹਲ ਦੇ ਸਾਹਿਤਕ ਸਫ਼ਰ, ਸਿਰਜਣਾਤਮਕ ਯੋਗਦਾਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੁਸਤਕ ਦੇ ਰਸਮੀ ਲੋਕ-ਅਰਪਣ ਉਪਰੰਤ ਹੋਈ ਵਿਚਾਰ-ਚਰਚਾ ਦੌਰਾਨ ਬੁਲਾਰਿਆਂ ਨੇ ‘ਪੂਰਬ ਦੇ ਬੱਦਲ’ ਨੂੰ ਸਮਕਾਲੀ ਵਿਸ਼ਵ-ਪ੍ਰਸੰਗਾਂ, ਰਾਜਨੀਤਿਕ ਉਥਲ-ਪੁਥਲ, ਵਿਸ਼ਵ ਰਾਜਨੀਤਕ ਆਰਥਿਕਤਾ ਅਤੇ ਮਨੁੱਖੀ ਚਿੰਤਾਵਾਂ ਦਾ ਬੇਬਾਕ ਅਤੇ ਸੰਵੇਦਨਸ਼ੀਲ ਕਾਵਿਕ ਦਸਤਾਵੇਜ਼ ਕਰਾਰ ਦਿੱਤਾ। ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਪਰਮਜੀਤ ਸੋਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਅਜੋਕੇ ਸੰਸਾਰ ਦੇ ਭਖਦੇ ਅਤੇ ਸੰਵੇਦਨਸ਼ੀਲ ਮਸਲਿਆਂ ਨੂੰ ਨਿਡਰਤਾ ਨਾਲ ਉਭਾਰਿਆ ਹੈ। ਉਨ੍ਹਾਂ ਕਿਹਾ ਕਿ ਕਵੀ ਦੀ ਦ੍ਰਿਸ਼ਟੀ ਸਿਰਫ਼ ਸਥਾਨਕ ਨਹੀਂ, ਸਗੋਂ ਵਿਸ਼ਵ ਪੱਧਰੀ ਹੈ, ਜਿਸ ਕਰਕੇ ਇਹ ਕਾਵਿ-ਸੰਗ੍ਰਹਿ ਆਪਣੇ ਸਮੇਂ ਦੀ ਸੱਚਾਈ ਨਾਲ ਸਿੱਧਾ ਸੰਵਾਦ ਕਰਦਾ ਹੈ।
ਉੱਘੇ ਚਿੰਤਕ ਡਾ. ਸਾਧੂ ਬਿਨਿੰਗ ਨੇ ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਵੀ ਨੇ ਅੱਜ ਦੀ ਮਾਨਵਤਾ ਨੂੰ ਦਰਪੇਸ਼ ਗੁੰਝਲਦਾਰ ਅਤੇ ਚਿੰਤਾਜਨਕ ਮਸਲਿਆਂ ਨੂੰ ਬਹੁਤ ਹੀ ਸਰਲ, ਪ੍ਰਭਾਵਸ਼ਾਲੀ ਅਤੇ ਸੰਚਾਰਯੋਗ ਭਾਸ਼ਾ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਵਿਤਾਵਾਂ ਵਿੱਚ ਮੌਜੂਦ ਇਤਿਹਾਸਕ ਸੰਦਰਭਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਕਵਿਤਾ ਪਾਠਕ ਨੂੰ ਨਵੀਂ ਸੋਚ ਅਤੇ ਡੂੰਘੀ ਜਾਣਕਾਰੀ ਨਾਲ ਜੋੜਦੀ ਹੈ। ਡਾ. ਅਮਰਜੀਤ ਭੁੱਲਰ ਨੇ ਆਰਥਿਕ ਅਤੇ ਰਾਜਨੀਤਿਕ ਪੱਖ ਤੋਂ ਪੁਸਤਕ ਦਾ ਵਿਸ਼ਲੇਸ਼ਣ ਕਰਦਿਆਂ ਇਸ ਨੂੰ ਵਿਸ਼ਵ ਰਾਜਨੀਤਿਕ ਅਰਥਚਾਰੇ ਦਾ ਕਾਵਿਕ ਰੂਪਾਂਤਰਣ ਦੱਸਿਆ। ਉਨ੍ਹਾਂ ਕਿਹਾ ਕਿ ਇਹ ਕਿਤਾਬ ਆਪਣੇ ਸਮੇਂ ਦੇ ਸੱਚ ਨੂੰ ਸਮਝਣ ਅਤੇ ਉਸ ਦੀ ਵਿਆਖਿਆ ਕਰਨ ਦੀ ਸਮਰੱਥਾ ਰੱਖਦੀ ਹੈ।
ਡਾ. ਸੁਖਦੇਵ ਮਾਨ ਨੇ ਕਿਹਾ ਕਿ ਪੁਸਤਕ ਦਾ ਮੁੱਖਬੰਧ ਹੀ ਪਾਠਕ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦਾ ਹੈ ਅਤੇ ਪੂਰੀ ਕਿਤਾਬ ਪੜ੍ਹਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪਰਮਜੀਤ ਸੋਹਲ ਦੀ ਖ਼ਾਸੀਅਤ ਇਹ ਹੈ ਕਿ ਉਹ ਸੰਸਾਰ ਦੇ ਜਟਿਲ ਅਤੇ ਵਿਸ਼ਾਲ ਮਸਲਿਆਂ ਨੂੰ ਛੋਟੀਆਂ ਪਰ ਪ੍ਰਭਾਵਸ਼ਾਲੀ ਕਵਿਤਾਵਾਂ ਵਿੱਚ ਬਹੁਤ ਹੀ ਸਫ਼ਲਤਾ ਨਾਲ ਸਮੇਟ ਲੈਂਦੇ ਹਨ।ਇਸ ਮੌਕੇ ਸਾਹਿਤਕਾਰ ਮੇਜਰ ਰੰਧਾਵਾ, ਕਵੀ ਦੀ ਬੇਟੀ ਗੁਰਲੀਨ ਸੋਹਲ ਅਤੇ ਮਿਸਟਰ ਜੋਸਨ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਪਰਮਜੀਤ ਸੋਹਲ ਨੂੰ ਇਸ ਮਹੱਤਵਪੂਰਨ ਸਾਹਿਤਕ ਕਿਰਤ ਲਈ ਵਧਾਈ ਦਿੱਤੀ। ਸਮਾਗਮ ਦੇ ਅਖੀਰ ਵਿੱਚ ਪਰਮਜੀਤ ਸੋਹਲ ਨੇ ਸਾਰੇ ਵਿਦਵਾਨਾਂ, ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਠਕਾਂ ਅਤੇ ਸਾਹਿਤਕ ਭਾਈਚਾਰੇ ਦਾ ਸਹਿਯੋਗ ਹੀ ਕਿਸੇ ਵੀ ਲੇਖਕ ਦੀ ਅਸਲ ਤਾਕਤ ਹੁੰਦਾ ਹੈ। ਇਸ ਮੌਕੇ ਉਨ੍ਹਾਂ ‘ਪੂਰਬ ਦੇ ਬੱਦਲ’ ਵਿੱਚੋਂ ਕੁਝ ਚੋਣਵੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ, ਜਿਸ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਅਤੇ ਹੁੰਗਾਰਾ ਮਿਲਿਆ।

