Jun 25, 2026

ਕੈਨੇਡਾ ਇੰਡੀਆ ਫਾਊਂਡੇਸ਼ਨ ਵਲੋਂ ਸਰੀ ਵਿਚ ਸ਼ਾਨਦਾਰ ਸਮਾਗਮ ਦੌਰਾਨ ਐਮ ਪੀ ਸੰਧੂ ਦਾ ਸਨਮਾਨ-

ਸਰੀ ( ਚੋਹਲਾ, ਮਾਂਗਟ, ਗਰੇਵਾਲ )- ਭਾਰਤ ਅਤੇ ਕੈਨੇਡਾ ਦੇ ਰਿਸ਼ਤੇ  ਕੂਟਨੀਤਕ ਹੀ ਨਹੀ ਬਲਕਿ ਸਮਾਜਿਕ ਸਾਂਝ ਅਤੇ  ਨੋਂਹ ਮਾਸ ਦੇ ਰਿਸ਼ਤੇ ਵਾਲੇ ਹਨ। ਜਿਤਨੀ  ਵੱਡੀ ਪੱਧਰ ਤੇ ਭਾਰਤੀ ਡਾਇਸਪੋਰਾ ਕੈਨੇਡਾ ਵਿਚ ਵਸਦਾ ਹੈ, ਉਨੀ ਹੀ ਵੱਡੀ ਸਾਂਝ ਦਾ ਰਿਸ਼ਤਾ ਹੈ ਇਹ। ਜਦੋਂ ਵੀ ਕਦੇ ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਇਸ ਸਥਿਤੀ ਲਈ ਜਿੰਮੇਵਾਰ ਧਿਰਾਂ ਨੂੰ ਨਹੀਂ ਬਲਕਿ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ, ਰਿਸ਼ਤੇ ਪ੍ਰਭਾਵਿਤ ਹੁੰਦੇ ਹਨ। ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਭਾਰਤ ਨਾਲ ਚੰਗੇਰੇ ਸਬੰਧਾਂ ਲਈ ਸੁਹਿਰਦ ਯਤਨ ਆਰੰਭੇ ਹਨ, ਜਿਸਦੇ ਜਵਾਬ ਵਿਚ ਭਾਰਤ ਵਲੋਂ ਵੀ ਚੰਗਾ ਹੁੰਗਾਰਾ ਭਰਿਆ ਗਿਆ ਹੈ। ਅਗਲੇ ਦਿਨਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਕੈਨੇਡਾ ਦਾ ਦੌਰਾ ਕਰਕੇ ਇਹਨਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ ਜਿਸ ਨਾਲ ਦੋਵਾਂ ਮੁਲਕਾਂ ਦੇ ਸਮਾਜਿਕ ਸਬੰਧਾਂ ਨੂੰ ਮੁੜ ਹੁਲਾਰਾ ਮਿਲਣ ਦੇ ਨਾਲ ਵਪਾਰ ਵਿਚ ਭਾਰੀ ਵਾਧਾ ਹੋਵੇਗਾ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਤੋਂ ਰਾਜ ਸਭਾ ਮੈਂਬਰ, ਭਾਜਪਾ ਆਗੂ ਅਤੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ ਸਤਨਾਮ ਸਿੰਘ ਸੰਧੂ ਨੇ ਇਥੇ ਉਹਨਾਂ ਦੇ ਮਾਣ ਵਿਚ ਕੈਨੇਡਾ ਇੰਡੀਆ ਫਰੈਂਡਸ਼ਿਪ ਫਾਊਂਡੇਸ਼ਨ ਵਲੋਂ ਰੱਖੇ ਇਕ ਸਮਾਗਮ ਨੂੰ ਸੰਬੋਧਨ ਹੁੰਦਿਆਂ ਕੀਤਾ।

ਉਹਨਾਂ  ਫਾਉਂਡੇਸ਼ਨ ਵਲੋਂ ਸਿਆਸਤ ਤੋਂ ਉਪਰ ਉਠਕੇ ਕੀਤੇ ਗਏ ਇਸ ਸਾਂਝੇ ਉਪਰਾਲੇ ਲਈ ਫਾਉਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਇਸ ਇਕੱਠ ਵਿਚ ਇਤਨੀ ਵੱਡੀ ਗਿਣਤੀ ਵਿਚ ਹਿੰਦੂ ਮੰਦਿਰ, ਗੁਰਦੁਆਰਾ ਸਾਹਿਬਾਨ, ਧਾਰਮਿਕ ਅਤੇ ਹੋਰ ਸਮਾਜਿਕ ਸੰਸਥਾਵਾਂ ਨਾਲ ਸਬੰਧਿਤ ਪ੍ਰਵਾਸੀ ਭਾਰਤੀ ਇਕੱਤਰ ਹੋਏ ਹਨ। ਇਹ ਉਹ ਲੋਕ ਹਨ ਜਿਹਨਾਂ ਦੇ ਦਿਲਾਂ ਵਿਚ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਸਦਾ ਹੈ ਤੇ ਸਭ ਨੂੰ ਆਪਣੇ ਪਿਤਰੀ ਮੁਲਕ ਅਤੇ ਮਿੱਟੀ ਨਾਲ ਮੋਹ ਪਿਆਰ ਤੇ ਇਕ ਚਿੰਤਾ ਹੈ। ਉਹਨਾਂ ਹੋਰ ਕਿਹਾ ਕਿ ਅਸੀ ਸਭ ਪੰਜਾਬ ਦੀ ਧਰਤੀ ਨਾਲ ਸਬੰਧਿਤ ਹਾਂ ਤੇ ਉਸ ਧਰਤੀ ਨੂੰ ਬੇਹੱਦ ਪਿਆਰ ਕਰਦੇ ਹਾਂ। ਉਸ ਧਰਤੀ ਦੇ ਕਈ ਬੁਨਿਆਦੀ ਮੁੱਦੇ ਹਨ। ਇਹਨਾਂ ਵਿਚ ਕਿਸਾਨੀ,ਜਵਾਨੀ ਤੇ ਹੋਰ ਸਮਾਜਿਕ ਸਮੱਸਿਆਵਾਂ ਹਨ। ਪੰਜਾਬ ਦੇ ਦਰਿਆਵਾਂ ਦਾ ਅੰਮ੍ਰਿਤ ਵਰਗਾ ਪਾਣੀ ਜ਼ਹਿਰਾਂ ਵਿਚ ਤਬਦੀਲ ਹੋ ਰਿਹਾ ਹੈ ਜਿਸ ਲਈ ਲੋਕਾਂ ਨੂੰ ਮੋਰਚੇ ਲਗਾਉਣੇ ਪੈਂਦੇ ਹਨ। ਪੰਜਾਬ ਦੀਆਂ ਸਮੱਸਿਆਵਾਂ ਤੇ ਬੁਨਿਆਦੀ ਮਸਲਿਆਂ ਨੂੰ ਸੁਲਝਾਉਣ ਦੇ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਸਭ ਦੀ ਜਿੰਮੇਵਾਰੀ ਹੈ।

ਉਹਨਾਂ ਭਾਰਤ- ਕੈਨੇਡਾ ਰਿਸ਼ਤਿਆਂ ਦੀ ਗੱਲ ਕਰਦਿਆਂ ਇਹਨਾਂ ਵਿਚ ਮਜ਼ਬੂਤੀ ਅਤੇ ਨੇੜਤਾ ਨੂੰ ਦੋਵਾਂ ਮੁਲਕਾਂ ਦੇ ਭਲੇ ਵਿਚ ਦੱਸਿਆ। ਉਹਨਾਂ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਤੌਰ ਪ੍ਰਧਾਨ ਮੰਤਰੀ ਵਜੋਂ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ 3399 ਦਿਨਾਂ ਦਾ ਰਿਕਾਰਡ ਤੋੜਨ ਤੇ ਨਵਾਂ ਕੀਰਤੀਮਾਨ ਸਥਾਪਿਤ ਕੀਤੇ ਜਾਣ ਤੇ ਖੁਸ਼ੀ ਪ੍ਰਗਟ ਕਰਦਿਆਂ  ਉਹਨਾਂ ਦੀ ਅਗਵਾਈ ਹੇਠ ਪਿਛਲੇ 12 ਸਾਲਾ ਵਿਚ ਮੁਲਕ ਦੀ ਆਰਥਿਕਤਾ ਨੂੰ ਦੁਨੀਆ ਦੇ ਮਜਬੂਤ ਅਰਥਚਾਰਿਆਂ ਵਿਚ ਖੜਾ ਕਰਨ ਨੂੰ ਵੱਡੀ ਪ੍ਰਾਪਤੀ ਵਜੋਂ ਗਿਣਾਇਆ। ਭਾਰਤ ਅਤੇ ਪੰਜਾਬ ਵਿਚ ਬੁਨਿਆਦੀ ਢਾਂਚੇ ਦੀ ਉਸਾਰੀ, ਹਾਵੀਵੇਜ਼ ਦਾ ਜ਼ਾਲ ਅਤੇ ਰੇਲਵੇ ਦੇ ਵਿਸਥਾਰ ਅਤੇ ਸਟੇਸ਼ਨਾਂ ਦੇ ਵਿਕਾਸ ਦਾ ਹਵਾਲਾ ਦਿੱਤਾ। ਉਹਨਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪਿਛਲੇ ਸਾਲਾਂ ਦੌਰਾਨ ਲਗਪਗ 25 ਕਰੋੜ ਲੋਕਾਂ ਨੂੰ ਗਰੀਬੀ ਦੀ ਰੇਖਾ ਚੋ ਬਾਹਰ ਕੱਢੇ ਜਾਣ ਨੂੰ ਵੱਡੀ ਪ੍ਰਾਪਤੀ ਦੱਸਿਆ। ਕੇਂਦਰ ਵਲੋਂ ਪੰਜਾਬ ਵਿਚ ਬੁਨਿਆਦੀ ਢਾਂਚੇ ਲਈ 5600 ਕਰੋੜ ਰੁਪਏ ਖਰਚੇ ਗਏ ਹਨ।  ਉਹਨਾਂ ਕੈਨੇਡਾ ਵਿਚ ਵਸਦੇ ਪੰਜਾਬੀਆਂ ਵਲੋਂ ਕੈਨੇਡਾ ਤੋਂ ਸਿੱਧੀਆਂ ਉਡਾਣਾਂ ਦੀ ਮੰਗ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਏਅਰਲਾਈਨਜ਼ ਵਲੋਂ ਦਿੱਤੇ ਗਏ ਆਰਡਰ ਤਹਿਤ 2030 ਤੱਕ 2200 ਏਅਰ ਕਰਾਫਟਾਂ ਦੀ ਡਲਿਵਰੀ ਹੋਣੀ ਹੈ ਜਿਸਤੋਂ ਉਹਨਾਂ ਨੂੰ ਉਮੀਦ  ਹੈ ਤੇ ਉਹਨਾਂ ਦੀ ਕੋਸ਼ਿਸ਼ ਵੀ ਹੈ ਕਿ ਪੰਜਾਬ ਲਈ ਸਿੱਧੀਆਂ ਉਡਾਣਾਂ ਦਾ ਮਸਲਾ ਹੱਲ ਹੋ ਸਕੇਗਾ।

ਇਸ ਮੌਕੇ ਜਗਰੂਪ ਸਿੰਘ ਖੇੜਾ ਵਲੋਂ ਕੈਨੇਡਾ ਤੋਂ ਪੰਜਾਬ ਨੂੰ ਸਿੱਧੀਆਂ ਉਡਾਣਾਂ ਲਈ ਉਹਨਾਂ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਸਬੰਧੀ ਉਹਨਾਂ ਕਿਹਾ ਕਿ ਉਹ ਜਲਦ ਹੀ ਪ੍ਰਧਾਨ ਮੰਤਰੀ ਕੋਲ ਕੈਨੇਡੀਅਨ ਪੰਜਾਬੀਆਂ ਦੀ ਇਹ ਮੰਗ ਪਹੁੰਚਾਉਣਗੇ ਤੇ ਜਲਦ ਹੀ ਇਸ ਸਬੰਧੀ ਕੋਈ ਠੋਸ ਹੱਲ ਕੱਢਿਆ ਜਾਵੇਗਾ। ਇਸਤੋਂ ਪਹਿਲਾਂ ਫਾਉਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਉਹਨਾਂ ਨੂੰ ਜੀ ਆਇਆ ਕਿਹਾ ਤੇ ਕੈਨੇਡਾ-ਭਾਰਤ ਸਬੰਧਾਂ ਵਿਚ ਮਜ਼ਬੂਤੀ ਦੇ ਨਾਲ ਪਰਵਾਸੀ ਪੰਜਾਬੀਆਂ ਦੀਆਂ ਚਿੰਤਾਵਾਂ ਦੀ ਚਰਚਾ ਕਰਦਿਆਂ  ਉਮੀਦ ਪ੍ਰਗਟ ਕੀਤੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਤੱਕ ਉਹਨਾਂ ਦੀਆਂ ਮੰਗਾਂ ਨੂੰ ਪਹੁੰਚਾਉਣਗੇ। ਇਸ ਮੌਕੇ ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ ਨੇ ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਸੁਧਾਰ ਲਈ ਤਾਜ਼ਾ ਸਿਆਸੀ ਘਟਨਾਕ੍ਰਮ ਨੂੰ ਸਹੀ ਦਿਸ਼ਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਸ ਮੁਲਕ ਵਿਚ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਦੇ ਪਰਵਾਸ ਅਤੇ ਸੰਘਰਸ਼ ਦਾ ਲਗਪਗ ਡੇਢ ਸੌ ਸਾਲ ਦਾ ਇਤਿਹਾਸ ਹੈ। ਪੰਜਾਬੀਆਂ ਨੇ ਇਸ ਮੁਲਕ ਵਿਚ ਸਖਤ ਮਿਹਨਤ ਤੇ ਲਗਨ ਨਾਲ ਆਪਣਾ ਮੁਕਾਮ ਬਣਾਇਆ ਹੈ। ਉਹਨਾਂ ਬੀਤੇ ਵਿਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ  ਕਿ ਬਿਨਾਂ ਸ਼ੱਕ ਪੰਜਾਬੀ ਅਤੇ ਸਿੱਖ 84 ਨੂੰ ਭੁਲਾ ਨਹੀ ਸਕਦੇ ਪਰ ਨਸਲਾਂ ਦੀ ਤਰੱਕੀ ਤੇ ਵਿਕਾਸ ਲਈ ਅੱਗੇ ਵਧਣ ਦੀ ਲੋੜ ਹੈ। ਅਸੀ ਲੜ, ਝਗੜਕੇ ਜਾਂ ਵਿਰੋਧ ਨਾਲ ਕੁਝ ਵੀ ਪ੍ਰਾਪਤ ਨਹੀ ਕਰ ਸਕਦੇ। ਚੰਗੇ ਸਬੰਧਾਂ. ਤਾਲਮੇਲ ਅਤੇ ਇਕ ਦੂਸਰੇ ਨੂੰ ਸਮਝਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਉਹਨਾਂ ਸ ਸੰਧੂ ਨੂੰ ਪ੍ਰਧਾਨ ਮੰਤਰੀ ਲਈ ਇਹ ਸੁਨੇਹਾ ਦੇਣ ਲਈ ਕਿਹਾ ਕਿ ਕੈਨੇਡੀਅਨ ਪੰਜਾਬੀ ਭਾਰਤ ਅਤੇ ਪੰਜਾਬ ਦਾ ਭਲਾ ਚਾਹੁੰਦੇ ਹਨ ਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ ਜਾਵੇ। ਇਸ ਮੌਕੇ ਹਿੰਦੂ ਮੰਦਿਰ ਕਮੇਟੀ ਵਲੋਂ ਵਿਨੇ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਸ ਸੰਧੂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਕੈਨੇਡਾ ਵਿਚ ਹਿੰਦੂ-  ਸਿੱਖ ਅਤੇ ਹੋਰ ਭਾਰਤੀ ਭਾਈਚਾਰਾ ਇਕਮਿਕ ਹੈ ਤੇ ਸਾਰੇ ਭਾਰਤ ਨੂੰ ਇਕ ਮਜਬੂਤ ਮੁਲਕ ਦੇ ਨਾਲ ਲੋਕਾਂ ਨੂੰ ਹਰ ਪੱਖੋ ਅੱਗੇ ਵਧਿਆ ਵੇਖਣਾ ਚਾਹੁੰਦੇ ਹਨ। ਮੰਚ ਸੰਲਾਲਨ ਦੀ ਜਿੰਮੇਵਾਰ ਐਡਵੋਕੇਟ ਲਵਲੀਨ ਸਿੰਘ ਗਿੱਲ ਨੇ ਬਾਖੂਬੀ ਨਿਭਾਈ।

ਇਸ ਮੌਕੇ ਕੈਨੇਡਾ- ਇੰਡੀਆ ਫਰੈਂਡਸ਼ਿਪ ਫਾਉਂਡੇਸ਼ਨ ਵਲੋਂ ਸ ਸਤਨਾਮ ਸਿੰਘ ਸੰਧੂ ਨੂੰ ਇਕ ਯਾਦਗਾਰੀ ਚਿੰਨ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ ਕੁਲਵੰਤ ਸਿੰਘ ਢੇਸੀ, ਗੁਰਮੰਤ ਗਰੇਵਾਲ ਸਾਬਕਾ ਐਮ ਪੀ,  ਬੂਟਾ ਸਿੰਘ ਢਿੱਲੋਂ, ਐਡਵੋਕੇਟ ਲਵਲੀਨ ਗਿੱਲ, ਸਤੀਸ਼ ਕੁਮਾਰ ਪ੍ਰਧਾਨ ਹਿੰਦੂ ਮੰਦਿਰ ਕਮੇਟੀ, ਵਨੀਤ ਅਗਰਵਾਲ, ਪਰਮਜੀਤ ਸਿੰਘ, ਹੈਰੀ ਕੂਨਰ, ਬਲਦੇਵ ਸਿੰਘ ਭੰਮ, ਪ੍ਰੋ ਗੁਰਦੇਵ ਸਿੰਘ,ਦਵਿੰਦਰ ਬੈਨੀਪਾਲ, ਹਰਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ, ਡਾ ਹਾਕਮ ਭੁੱਲਰ, ਡਾ ਜਸਵੀਰ ਰੋਮਾਣਾ, ਡਾ ਰਮਿੰਦਰ ਸਿੰਘ ਕੰਗ, ਜੁਗਰਾਜ ਸਿੰਘ ਗਰਚਾ, ਐਡਵੋਕੇਟ ਜਗਮੋਹਣ ਸਿੰਘ, ਤ੍ਰਿਪਤ ਅਟਵਾਲ, ਨਰਿੰਦਰ ਸਿੰਘ ਖੱਖ, ਬਿੱਲਾ ਸੰਧੂ, ਹਰਪ੍ਰੀਤ ਧਾਲੀਵਾਲ, ਗੁਰਪਾਲ ਲਿੱਟ, ਕ੍ਰਿਪਾਲ ਮਾਂਗਟ, ਜੋਧਾ ਚੱਕਰ, ਸਤਵਿੰਦਰ ਸਿੰਘ ਗਾਖਲ, ਹਰਦੇਵ ਸਿੰਘ ਗਰੇਵਾਲ, ਜਰਨੈਲ ਸਿੰਘ ਖੰਡੋਲੀ, ਪੰਜਾਬ ਤੋਂ ਕੈਨੇਡਾ ਦੌਰੇ ਤੇ ਆਏ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।

ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ  23 ਜੂਨ 1985 ਨੂੰ ਏਅਰ ਇੰਡੀਆ ਫਲਾਈਟ ਬੰਬ ਧਮਾਕੇ ਵਿਚ ਮਾਰੇ ਗਏ 329 ਯਾਤਰੀਆਂ ਦੀ ਯਾਦ ਵਿਚ ਇਕ ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ  ਭੇਟ ਕੀਤੀ ਗਈ।

ਕੈਨੇਡਾ ਇੰਡੀਆ ਫਾਊਂਡੇਸ਼ਨ ਵਲੋਂ ਸ ਸਤਨਾਮ ਸਿੰਘ ਸੰਧੂ ਦੇ ਮਾਣ ਵਿਚ ਰੱਖੀ ਗਈ ਮਿਲਣੀ ਨੇ ਰੈਲੀ ਦਾ ਰੂਪ ਲੈ ਲਿਆ, ਜਿਸ ਵਿਚ ਬੁਲਾਰਿਆਂ ਤੇ ਹੋਰ ਲੋਕਾਂ ਨੇ ਨਿੱਜੀ ਰੂਪ ਵਿਚ ਪਰਵਾਸੀਆਂ ਦੀਆਂ ਚਿੰਤਾਵਾਂ ਤੇ ਮੰਗਾਂ ਨੂੰ ਮੋਦੀ ਸਰਕਾਰ ਤੇ ਭਾਜਪਾ ਹਾਈਕਮਾਨ ਤੱਕ ਪਹੁੰਚਾਉਣ ਲਈ ਸ ਸੰਧੂ ਹੱਥ ਸੁਨੇਹਾ ਦੇਣ ਦਾ ਮੌਕਾ ਨਾ ਖੁੰਝਾਇਆ।

Leave a Reply

Your email address will not be published. Required fields are marked *