Jul 4, 2026

ਵੈਨਕੂਵਰ, ( ਮਲਕੀਤ ਸਿੰਘ, ਰਵੀ ਕਾਂਤ ਸ਼ਰਮਾ)-:  ਬੀਸੀ ਟਾਈਗਰਜ਼ ਫੁੱਟਬਾਲ ਕਲੱਬ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 3, 4 ਅਤੇ 5 ਜੁਲਾਈ ਨੂੰ ਸਰੀ ਦੇ ਨਿਊਟਨ ਐਥਲੈਟਿਕ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਪ੍ਰਬੰਧਕ ਅਜਿੰਦਰਪਾਲ ਸਿੰਘ ਮਾਂਗਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਟੋਰਾਂਟੋ, ਵਿੰਨੀਪੈਗ, ਐਡਮਿੰਟਨ, ਕੈਲਗਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਪਗ 230 ਟੀਮਾਂ ਹਿੱਸਾ ਲੈ ਰਹੀਆਂ ਹਨ। ਅੰਡਰ-5 ਵਰਗ ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਤੱਕ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣਗੇ, ਜਿਸ ਨਾਲ ਇਹ ਟੂਰਨਾਮੈਂਟ ਹਰ ਉਮਰ ਦੇ ਖਿਡਾਰੀਆਂ ਲਈ ਖੇਡ ਪ੍ਰਤਿਭਾ ਦਾ ਵਿਲੱਖਣ ਮੰਚ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਪ੍ਰੀਮੀਅਰ ਡਿਵੀਜ਼ਨ ਦੇ ਚੈਂਪੀਅਨ ਨੂੰ 15 ਹਜ਼ਾਰ ਕੈਨੇਡੀਅਨ ਡਾਲਰ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ 3 ਜੁਲਾਈ ਸ਼ਾਮ 5:30 ਵਜੇ ਹੋਵੇਗਾ। ਇਸ ਤੋਂ ਬਾਅਦ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਲਗਾਤਾਰ ਮੈਚ ਖੇਡੇ ਜਾਣਗੇ। 4 ਅਤੇ 5 ਜੁਲਾਈ ਨੂੰ ਮੁਕਾਬਲੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜਾਰੀ ਰਹਿਣਗੇ। ਟੂਰਨਾਮੈਂਟ ਦਾ ਸਭ ਤੋਂ ਵੱਡਾ ਆਕਰਸ਼ਣ ਐਤਵਾਰ ਸ਼ਾਮ 7 ਵਜੇ ਮੁੱਖ ਮੈਦਾਨ ਵਿੱਚ ਹੋਣ ਵਾਲਾ ਚੈਂਪੀਅਨਸ਼ਿਪ ਫਾਈਨਲ ਹੋਵੇਗਾ। ਫਾਈਨਲ ਮੁਕਾਬਲੇ ਤੋਂ ਪਹਿਲਾਂ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੀ ਭੰਗੜੇ ਦੀ ਵਿਸ਼ੇਸ਼ ਪੇਸ਼ਕਾਰੀ ਵੀ ਕੀਤੀ ਜਾਵੇਗੀ। ਖੇਡ ਪ੍ਰੇਮੀਆਂ ਲਈ ਇਸ ਵਾਰ ਇੱਕ ਹੋਰ ਖਾਸ ਪ੍ਰਬੰਧ ਕੀਤਾ ਗਿਆ ਹੈ। ਟੂਰਨਾਮੈਂਟ ਦੌਰਾਨ ਤਿੰਨਾਂ ਦਿਨ ਇੱਕ ਵਿਸ਼ਾਲ ਐਲ.ਈ.ਡੀ. ਸਕਰੀਨ ‘ਤੇ ਫੀਫਾ ਵਿਸ਼ਵ ਕੱਪ ਦੇ ਮੈਚਾਂ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ, ਤਾਂ ਜੋ ਦਰਸ਼ਕ ਸਥਾਨਕ ਫੁੱਟਬਾਲ ਮੁਕਾਬਲਿਆਂ ਦੇ ਨਾਲ-ਨਾਲ ਵਿਸ਼ਵ ਪੱਧਰੀ ਫੁੱਟਬਾਲ ਦਾ ਵੀ ਆਨੰਦ ਮਾਣ ਸਕਣ।ਆਯੋਜਕਾਂ ਨੇ ਦੱਸਿਆ ਕਿ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦਰਸ਼ਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸ਼ਨੀਵਾਰ ਅਤੇ ਐਤਵਾਰ ਮੁਫ਼ਤ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

Leave a Reply

Your email address will not be published. Required fields are marked *