ਮੇਅਰ ਤੋਂ ਪ੍ਰਾਪਰਟੀ ਖਰੀਦ ਸਬੰਧੀ ਪੂਰਾ ਰਿਕਾਰਡ ਜਨਤਕ ਕਰਨ ਦੀ ਮੰਗ-
ਸਰੀ ( ਦੇ ਪ੍ਰ ਬਿ )- ਸਰੀ ਵਾਸੀ ਜਿਥੇ ਇਕ ਪਾਸੇ ਭਾਰੀ ਟੈਕਸਾਂ ਅਤੇ ਮਹਿੰਗਾਈ ਦੀ ਮਾਰ ਹੇਠ ਜਿਊਣ ਲਈ ਮਜਬੂਰ ਹਨ ਤਾਂ ਦੂਸਰੇ ਪਾਸੇ ਸਿਟੀ ਕੌਂਸਲ ਵਲੋਂ ਕਰਦਾਤਾਵਾਂ ਦਾ ਪੈਸਾ ਆਪਣੇ ਚਹੇਤਿਆਂ ਨੂੰ ਲੁਟਾਇਆ ਜਾ ਰਿਹਾ ਹੈ। ਸਿਟੀ ਕੌਂਸਲ ਦੀਆਂ ਚੋਣਾਂ ਵਿਚ ਕੌਂਸਲਰ ਉਮੀਦਵਾਰ ਵਜੋਂ ਚੋਣ ਲੜ ਰਹੇ ਅਤੇ ਸਰੀ ਨਾਓ ਟੀਮ ਦੇ ਮੈਂਬਰ ਰਾਹੁਲ ਗਿੱਲ ਨੇ ਇਕ ਬਿਆਨ ਰਾਹੀਂ ਸਿਟੀ ਕੌਂਸਲ ਵਲੋਂ 7580-152 ਸਟਰੀਟ ਉਪਰ ਜ਼ਮੀਨ ਦੇ ਇਕ ਟੁਕੜੇ ਨੂੰ ਬਾਜ਼ਾਰੀ ਕੀਮਤਾਂ ਤੋਂ ਉਪਰ ਖਰੀਦੇ ਜਾਣ ਵਿਚ ਵੱਡੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਮੇਅਰ ਬਰੈਂਡਾ ਲੌਕ ਤੋਂ ਜਵਾਬ ਮੰਗਿਆ ਹੈ।
ਰਾਹੁਲ ਗਿੱਲ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਸਿਟੀ ਕੌਂਸਲ ਵਲੋਂ ਕੀਤਾ ਗਿਆ ਇਹ ਸੌਦਾ ਕੇਵਲ ਕਾਗਜ਼ਾਂ ਦੀ ਜਾਂਚ ਪੜਤਾਲ ਦੀ ਮੰਗ ਹੀ ਨਹੀ ਕਰਦਾ ਬਲਕਿ ਇਹ ਜਨਤਕ ਫੰਡਾਂ ਵਿਚ ਹੋਏ ਘਪਲੇ ਅਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ। ਉਹਨਾਂ ਦੱਸਿਆ ਕਿ ਸਬੰਧਿਤ ਪ੍ਰਾਪਰਟੀ ਦੀ ਕੀਮਤ ਬੀਸੀ ਅਸੈਸਮੈਂਟ ਮੁਤਾਬਿਕ 2.9 ਮਿਲੀਅਨ ਡਾਲਰ ਹੈ। ਇਸਦੀ ਲਿਸਟਿੰਗ ਕੀਮਤ 4.5 ਮਿਲੀਅਨ ਸੀ ਪਰ ਇਹ ਪ੍ਰਾਪਰਟੀ 3.35 ਮਿਲੀਅਨ ਵਿਚ ਵਿਕੀ। ਸਿਟੀ ਵਲੋਂ ਇਹੀ ਪ੍ਰਾਪਰਟੀ 30 ਜੂਨ ਦੇ ਇਕ ਇਕਰਾਰਨਾਮੇ ਮੁਤਾਬਿਕ 6.8 ਮਿਲੀਅਨ ਵਿਚ ਖਰੀਦੀ ਗਈ ਹੈ। ਉਹਨਾਂ ਸਵਾਲ ਉਠਾਇਆ ਕਿ ਸਿਟੀ ਕੌਂਸਲ ਜਦੋਂਕਿ ਘੱਟ ਕੀਮਤ ਉਪਰ ਵੀ ਇਹ ਪ੍ਰਾਪਰਟੀ ਖਰੀਦ ਸਕਦੀ ਸੀ ਪਰ ਆਪਣੇ ਕਿਸੇ ਚਹੇਤੇ ਨੂੰ ਲਾਭ ਪਹੁੰਚਾਉਂਦਿਆਂ ਇਸ ਉਪਰ ਮਾਰਕੀਟ ਰੇਟ ਤੋਂ ਲਗਪਗ ਸਾਢੇ ਤਿੰਨ ਮਿਲੀਅਨ ਡਾਲਰ ਵਾਧੂ ਅਦਾ ਕੀਤੇ ਗਏ ਹਨ। ਉਹਨਾਂ ਹੋਰ ਕਿਹਾ ਕਿ ਸਿਟੀ ਨੇ ਭਾਵੇਂਕਿ ਇਹ ਪ੍ਰਾਪਰਟੀ ਸਿੱਧੇ ਤੌਰ ‘ਤੇ ਖਰੀਦੀ ਹੈ, ਪਰ ਇਹ ਕੀਮਤ ਜਾਇਦਾਦ ਦੇ ਅੱਜ ਦੇ ਬਾਜ਼ਾਰੀ ਮੁੱਲ ਨੂੰ ਨਹੀਂ ਦਰਸਾਉਂਦੀ। ਮੈਂ ਪਿਛਲੇ 22 ਸਾਲਾਂ ਤੋਂ ਰੀਅਲ ਅਸਟੇਟ ਵਿੱਚ ਹੋਣ ਕਰਕੇ ਮੈਂ ਇਹ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਸ ਪ੍ਰਾਪਰਟੀ ਦੀ ਕੀਮਤ 6.8 ਮਿਲੀਅਨ ਡਾਲਰ ਨਹੀਂ ਹੈ। ਉਹਨਾਂ ਸਵਾਲ ਕੀਤਾ ਹੈ ਕਿ ਸਿਟੀ ਕੌੰਸਲ ਨੇ ਬਾਜ਼ਾਰ ਮੁੱਲ ਤੋਂ ਦੁੱਗਣੇ ਤੋਂ ਵੱਧ ਕਿਉਂ ਭੁਗਤਾਨ ਕਿਊਂ ਕੀਤਾ ਹੈ ?
ਸਿਟੀ ਕੌਂਸਲ ਅਕਸਰ ਇਹ ਦਲੀਲ ਦਿੰਦੀ ਹੈ ਕਿ ਉਨ੍ਹਾਂ ਨੂੰ ਭਵਿੱਖ ਦੇ ਬੁਨਿਆਦੀ ਢਾਂਚੇ, ਆਵਾਜਾਈ ਕੋਰੀਡੋਰਾਂ, ਜਾਂ ਸੜਕਾਂ ਚੌੜੀਆਂ ਕਰਨ ਲਈ ਖਾਸ ਪਾਰਸਲ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ ਪਰ ਇੱਕ ਅਸਾਈਨਮੈਂਟ ਇਕਰਾਰਨਾਮੇ ‘ਤੇ ਬਾਜ਼ਾਰੀ ਕੀਮਤ ਨਾਲੋਂ $3.5 ਮਿਲੀਅਨ ਪ੍ਰੀਮੀਅਮ ਦਾ ਭੁਗਤਾਨ ਹੈਰਾਨ ਕਰਨ ਵਾਲਾ ਹੈ। ਇਹ ਇਕ ਵਿੱਤੀ ਘਪਲਾ ਹੈ ਜੋ ਸਿਟੀ ਦੀ ਕਾਰਗੁਜਾਰੀ ਉਪਰ ਗੰਭੀਰ ਸਵਾਲ ਖੜੇ ਕਰਦਾ ਹੈ।
ਉਹਨਾਂ ਸਿਟੀ ਮੇਅਰ ਨੂੰ ਇਸ ਸੌਦੇ ਨਾਲ ਸਬੰਧਿਤ ਸਾਰਾ ਰਿਕਾਰਡ, ਈਮੇਲਜ ਅਤੇ ਪੱਤਰ ਵਿਹਾਰ ਜਨਤਾ ਸਾਹਮਣੇ ਰੱਖਣ ਦੀ ਮੰਗ ਕੀਤੀ ਹੈ।
