Jul 8, 2026

-ਅਕਾਲ ਤਖਤ ਸਾਹਿਬ ਵੱਲੋਂ ਜਾਰੀ ਪੱਤਰ ਰਾਹੀਂ ਸੰਗਤ ਵਿਚ ਦੁਬਿਧਾ ਪੈਦਾ ਕਰਨ ਤੋਂ ਸੰਕੋਚ ਕਰਨ ਤੇ  ਸੁਝਾਅ ਭੇਜਣ ਲਈ ਕਿਹਾ-

ਸਰੀ ( ਦੇ ਪ੍ਰ ਬਿ)— ਵਿਦੇਸ਼ਾਂ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਪਹੁੰਚਾਏ ਜਾਣ ਦੀ ਪ੍ਰਕਿਰਿਆ ਦੌਰਾਨ ਧਾਰਮਿਕ ਰਹਿਤ ਮਰਿਯਾਦਾ ਅਤੇ ਲੋੜੀਂਦੇ ਸਤਿਕਾਰ ਵਿਚ ਕੁਤਾਹੀਆਂ ਦੇ ਮੁੱਦੇ ਤੇ ਅਕਸਰ ਹੀ ਵਿਵਾਦ ਅਤੇ ਚਰਚਾ ਹੁੰਦੀ ਆਈ ਹੈ। ਬੀਤੇ ਦਿਨੀਂ ਸਰੀ ਦੇ ਗੁਰਦੁਆਰਾ ਸਿੰਘ ਸਭਾ ਦੀ ਮੰਗ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਇਕ ਬੱਸ ਵਿਚ ਗੁਰੂ ਗਰੰਥ ਸਾਹਿਬ ਦੇ 225 ਸਰੂਪ ਸਮੁੰਦਰੀ ਰਸਤੇ ਭੇਜੇ ਜਾਣ ਅਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਵਲੋਂ  ਇਹਨਾਂ ਸਰੂਪਾਂ ਨੂੰ ਪ੍ਰਾਪਤ ਕੀਤੇ ਜਾਣ ਦੀ ਪ੍ਰਕਿਰਿਆ ਉਪਰ ਇਤਰਾਜ਼ ਪ੍ਰਗਟ ਕਰਦਿਆਂ ਬੀਸੀ ਅਤੇ ਉਨਟਾਰੀਓ ਦੀਆਂ ਗੁਰਦੁਆਰਾ ਕੌਂਸਲਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਇਕ ਸ਼ਿਕਾਇਤ ਪੱਤਰ ਰਾਹੀਂ ਇਸ ਕਾਰਵਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਾਰ ਦਿੰਦਿਆਂ ਸਰੂਪ ਮੰਗਵਾਉਣ ਵਾਲੇ ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਸ਼ਿਕਾਇਤ ਕਰਤਾ ਗੁਰਦੁਆਰਾ ਕੌਂਸਲਾਂ ਦਾ ਦੋਸ਼ ਹੈ ਕਿ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਦੋ ਢਾਈ ਮਹੀਨੇ ਬਿਨਾਂ ਪ੍ਰਕਾਸ਼ ਕੀਤੇ ਸਿੱਲ੍ਹ ਵਾਲੇ ਕੰਟੇਨਰ ਚ ਬੰਦ ਰੱਖਣਾ ਗੁਰੂ ਸਾਹਿਬ ਦੀ ਬੇਅਦਬੀ ਹੈ।  ਉਨ੍ਹਾਂ ਯਾਦ ਕਰਾਇਆ ਕਿ 2014 ’ਚ ਤਤਕਾਲੀ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਬੀੜਾਂ ਨੂੰ ਕੰਨਟੇਨਰ ਜਾਂ ਹਵਾਈ ਜਹਾਜ਼ ਦੇ ਕਾਰਗੋ ਵਿੱਚ ਲਿਜਾਣਾ ਮਰਿਯਾਦਾ ਦੀ ਉਲੰਘਣਾ ਹੈ। ਉੱਧਰ ਗੁਰੁਦਆਰਾ ਸ੍ਰੀ ਗੁਰੂ ਸਿੰਘ ਸਭਾ ਐਸੋਸੀਏਸ਼ਨ ਵਲੋਂ ਜਾਰੀ ਪ੍ਰੈਸ ਨੋਟ ਵਿਚ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਗਿਆ ਹੈ ਕਿ ਸ਼ਰਧਾਲੂਆਂ ਦੀ ਮੰਗ ਤੇ ਬੀੜਾਂ ਮੰਗਾਈਆਂ ਗਈਆਂ ਹਨ ਤੇ ਉਨ੍ਹਾਂ ਨੂੰ ਪੂਰੇ ਸਤਿਕਾਰ ਸਹਿਤ ਗੁਰੂ ਘਰ ਵਿਖੇ ਸ਼ਸੋਭਿਤ ਕੀਤਾ ਗਿਆ ਹੈ।

ਗੁਰਦੁਆਰਾ ਕੌਂਸਲ ਦੀ ਸ਼ਿਕਾਇਤ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਲੋਂ 7 ਜੁਲਾਈ 2026 ਨੂੰ ਜਾਰੀ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਕੱਤਰੇਤ ਵਲੋਂ ਇਸ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਪਾਸੋਂ ਇਸ ਮਾਮਲੇ ਦੀ ਮੁਕੰਮਲ ਰਿਪੋਰਟ ਪ੍ਰਾਪਤ ਕੀਤੀ ਗਈ ਹੈ। ਇਸਤੋਂ ਸਾਹਮਣੇ ਆਇਆ ਹੈ ਕਿ ਪਾਵਨ ਸਰੂਪ ਪੂਰਨ ਗੁਰਮਰਿਯਾਦਾ ਅਨੁਸਾਰ ਭੇਜੇ ਗਏ ਹਨ ਤੇ ਅੱਗੋਂ ਪ੍ਰਬੰਧਕਾਂ ਨੇ ਵੀ ਪਾਵਨ ਸਰੂਪ ਸਤਿਕਾਰ ਸਹਿਤ ਸੁਭਾਇਮਾਨ ਕਰਵਾ ਲਏ ਹਨ। ਪੱਤਰ ਵਿਚ ਅੱਗੇ ਗੁਰਦੁਆਰਾ ਕੌਂਸਲ ਵਲੋਂ 2014 ਦੇ ਹੁਕਮਨਾਮੇ ਦੇ ਹਵਾਲੇ ਬਾਰੇ ਸਪੱਸ਼ਟ ਕੀਤਾ ਗਿਆ ਹੈ ਕਿ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਵਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ 26-4-2014 ਨੂੰ ਜੋ ਹੁਕਮਨਾਮਾ ( ਪੱਤ੍ਰਿਕਾ)  ਜਾਰੀ ਕੀਤਾ ਗਿਆ ਸੀ ਉਸਦਾ ਸਬੰਧ ਕੇਵਲ ਉਸ ਸਮੇਂ ਦੇ ਮਾਮਲੇ ਨਾਲ ਹੀ ਸੀ। ਜਿਕਰਯੋਗ ਹੈ ਕਿ 2014  ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਵਨ ਸਰੂਪ ਕੈਨੇਡਾ ਭੇਜਣ ਸਮੇਂ ਮਰਿਯਾਦਾ ਸਬੰਧੀ ਲੋੜੀਂਦੇ ਪ੍ਰਬੰਧਾਂ ਵਿਚ ਕਮੀਆਂ ਦੇ ਮੱਦੇ ਨਜ਼ਰ ਦਿੱਲੀ ਦੀਆਂ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਨੂੰ ਉਸ ਸਮੇਂ ਪ੍ਰਾਪਤ ਸਰੂਪ ਵਾਪਿਸ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਤਾਜਾ ਪੱਤਰ ਵਿਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਤੋਂ ਪਾਵਨ ਸਰੂਪਾਂ ਦੀ ਮੰਗ ਦੇ ਮੱਦੇ ਨਜ਼ਰ  ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਅਤੇ ਪੰਜ ਪਿਆਰਿਆਂ ਵਲੋਂ 19 ਸਤੰਬਰ 2009 ਨੂੰ ਪ੍ਰਵਾਨ ਕੀਤੇ ਮਤਾ ਨੰਬਰ 02 ਤਹਿਤ ਹੀ ਪਾਵਨ ਸਰੂਪ ਵਿਦੇਸ਼ਾਂ ਵਿਚ ਭੇਜੇ ਜਾਂਦੇ ਹਨ। ਤਾਜਾ ਮਾਮਲੇ ਵਿਚ ਗੁਰਦੁਆਰਾ ਸਿੰਘ ਸਭਾ ਸਰੀ, ਕੈਨੇਡਾ ਵਲੋਂ ਪੁੱਜੀ ਮੰਗ ਉਪਰ ਸ੍ਰੋਮਣੀ ਕਮੇਟੀ  ਦੀ ਅੰਤ੍ਰਿੰਗ ਕਮੇਟੀ ਵਲੋਂ 28-7-2025 ਵਿਚ ਮਤਾ ਨੰਬਰ 798 ਰਾਹੀਂ ਹੋਈ ਪ੍ਰਵਾਨਗੀ ਤਹਿਤ ਹੀ ਪਾਵਨ ਸਰੂਪ ਪੂਰਨ ਮਰਿਯਾਦਾ ਤੇ ਸਤਿਕਾਰ ਸਹਿਤ ਉਕਤ ਗੁਰਦੁਆਰਾ ਸਾਹਿਬ ਨੂੰ ਭੇਜੇ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸ਼ਿਕਾਇਤ ਕਰਤਾ ਨੂੰ ਕੋਈ ਵੀ ਸੁਝਾਅ ਜਾਂ ਵਿਚਾਰ ਭੇਜਣ ਦੀ ਖੁੱਲ ਦਿੰਦਿਆਂ ਸੰਗਤ ਵਿਚਾਲੇ ਕਿਸੇ ਵੀ ਤਰਾਂ ਦੀ ਦੁਬਿਧਾ ਪੈਦਾ ਕਰਨ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਗਈ ਹੈ।

ਇਸੇ ਦੌਰਾਨ ਗੁਰਦੁਆਰਾ ਸਿੰਘ ਸਭਾ ਸਰੀ ਦੇ ਪ੍ਰਧਾਨ ਸ ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਹੈ ਗੁਰਦੁਆਰਾ ਕਮੇਟੀ ਪੂਰੀ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਪੂਰਨ ਤੌਰ ਤੇ  ਸਮਰਿਪਤ ਹੈ। ਉਹਨਾਂ ਸੋਸ਼ਲ ਮੀਡੀਆ ਉਪਰ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੰਗਤਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਗੁਰੂ ਗਰੰਥ ਸਾਹਿਬ ਦੇ ਸਰੂਪ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਬੱਸ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਮਰਿਯਾਦਾ ਤਹਿਤ ਹੀ ਪੁੱਜੇ ਹਨ ਜਿਹਨਾਂ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਸਤਿਕਾਰ ਸਹਿਤ ਸੁਸ਼ੋਭਿਤ ਕੀਤਾ ਗਿਆ ਹੈ।

ਗੁਰਦੁਆਰਾ ਸਿੰਘ ਸਭਾ ਸਰੀ  ਵਿਖੇ ਖੜੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਭੇਜੀ ਗਈ ਬੱਸ ।

Leave a Reply

Your email address will not be published. Required fields are marked *