ਨਰਸਾਂ ਨੂੰ ਸੁਰੱਖਿਅਤ ਮਾਹੌਲ ਤੇ ਬੇਹਤਰ ਤਨਖਾਹ ਲਾਭ ਦੇਣੇ ਸਰਕਾਰ ਦੀ ਡਿਊਟੀ-
ਸਰੀ ( ਮਾਂਗਟ, ਮਲਕੀਤ ਸਿੰਘ)– ਸੂਬੇ ਭਰ ਦੀਆਂ ਨਰਸਾਂ ਵਲੋਂ ਆਪਣੀ ਮੰਗਾਂ ਦੇ ਹੱਕ ਵਿਚ ਵੀਰਵਾਰ ਤੋਂ ਹੜਤਾਲ ਸ਼ੁਰੂ ਕੀਤੀ ਗਈ ਹੈ। ਬੀਤੇ ਦਿਨ ਸਰੀ ਨਾਰਥ ਤੋਂ ਕੰਸਰਵੇਟਿਵ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਨਰਸਾਂ ਦੀਆਂ ਮੰਗਾਂ ਦੇ ਸਮਰਥਨ ਵਿਚ ਉਹਨਾਂ ਨਾਲ ਹੜਤਾਲ ਵਿਚ ਸ਼ਾਮਿਲ ਹੋਏ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬੇਹਰੀਨ ਸਿਹਤ ਸਹੂਲਤਾਂ ਅਤੇ ਬੀਮਾਰੀ ਦੌਰਾਨ ਊਹਨਾਂ ਦੀ ਦੇਖਭਾਲ ਲਈ ਨਰਸਾਂ ਦਾ ਯੋਗਦਾਨ ਬਹੁਤ ਵੱਡਾ ਹੈ। ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀਆਂ ਨਰਸਾਂ ਦੀ ਸਰਕਾਰ ਵਲੋਂ ਅਣਦੇਖੀ ਕਦਾਚਿਤ ਉਚਿਤ ਨਹੀ। ਉਹਨਾਂ ਦੀਆਂ ਕੰਮਾਂ ਵਾਲੀਆਂ ਥਾਵਾਂ ਨੂੰ ਸੁਰੱਖਿਅਤ ਬਣਾਉਣਾ ਅਤੇ ਹੋਰ ਬਣਦੇ ਹੱਕ ਮੁਹੱਈਆ ਕਰਵਾਉਣ ਸਰਕਾਰ ਦਾ ਪਹਿਲਾ ਫਰਜ਼ ਹੈ।
ਉਹਨਾਂ ਦੀਆਂ ਮੰਗਾਂ ਵਿਚ ਸੁਰੱਖਿਅਤ ਨਰਸ-ਤੋਂ-ਮਰੀਜ਼ ਅਨੁਪਾਤ, ਬਿਹਤਰ ਨਰਸ ਰਿਟੈਨਸ਼ਨ, ਬਿਹਤਰ ਤਨਖਾਹਾਂ ਅਤੇ ਲਾਭ, ਕੰਮ ਵਾਲੀ ਥਾਂ ‘ਤੇ ਹਿੰਸਾ ਤੋਂ ਸੁਰੱਖਿਆ, ਸੁਰੱਖਿਅਤ ਕੰਮ ਕਰਨ ਦੀਆਂ ਸਥਿਤੀਆਂ, ਸਟਾਫਿੰਗ ਦੀ ਘਾਟ ਨੂੰ ਦੂਰ ਕਰਨਾ ਆਦਿ ਸ਼ਾਮਿਲ ਹਨ। ਇਸ ਮੌਕੇ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੀਆਂ ਨਰਸਾਂ ਸੁਰੱਖਿਅਤ ਅਤੇ ਵਧੀਆਂ ਵਾਤਾਵਰਣ ਵਿੱਚ ਕੰਮ ਕਰਨ ਦੀਆਂ ਹੱਕਦਾਰ ਹਨ। ਫਰੰਟ ਲਾਈਨਾਂ ‘ਤੇ ਮੌਜੂਦ ਲੋਕਾਂ ਦਾ ਸਮਰਥਨ ਕਰਨ ਦਾ ਮਤਲਬ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਇੱਕ ਮਜ਼ਬੂਤ ਸਿਹਤ ਸੰਭਾਲ ਪ੍ਰਣਾਲੀ ਦਾ ਸਮਰਥਨ ਕਰਨਾ।
ਇਸੇ ਦੌਰਾਨ ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਨਰਸਾਂ ਦੀ ਯੂਨੀਅਨ ਨਾਲ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

