Sep 13, 2026

ਸਟੇਜ ’ਤੇ ਪਹੁੰਚਿਆ ‘ਗੁਲਾਬੀ ਕੁਈਨ’ ਦਾ ਹਮਸਫ਼ਰ

ਨਵੀ ਦਿੱਲੀ ( ਦਿਓਲ)- ਪੰਜਾਬੀ ਅਤੇ ਬੌਲੀਵੁੱਡ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਨੇ ਦਿੱਲੀ ਵਿਖੇ ਆਪਣੇ ਲਾਈਵ ਕੰਸਰਟ ਦੌਰਾਨ ਪ੍ਰਸ਼ੰਸਕਾਂ ਨੂੰ ਉਸ ਵੇਲੇ ਵੱਡਾ ਸਰਪ੍ਰਾਈਜ਼ ਦਿੱਤਾ, ਜਦੋਂ ਉਸ ਨੇ ਸਟੇਜ ਤੋਂ ਆਪਣੀ ਮੰਗਣੀ ਦਾ ਅਧਿਕਾਰਤ ਐਲਾਨ ਕਰ ਦਿੱਤਾ। ਸ਼ਨੀਵਾਰ ਰਾਤ ਦਿੱਲੀ ਦੇ ਯਸ਼ੋਭੂਮੀ ਕਨਵੈਨਸ਼ਨ ਸੈਂਟਰ ਵਿਖੇ ਆਪਣੇ ‘ਦਿ ਡ੍ਰੀਮ ਗਰਲ ਇੰਡੀਆ ਟੂਰ’ ਦੀ ਸ਼ੁਰੂਆਤ ਕਰਦਿਆਂ ਜੈਸਮੀਨ ਨੇ ਨਾ ਸਿਰਫ਼ ਆਪਣੀ ਮੰਗਣੀ ਦੀ ਅੰਗੂਠੀ ਦਿਖਾਈ, ਬਲਕਿ ਆਪਣੇ ਮੰਗੇਤਰ ਸ਼ੇਖਰ ਚੌਧਰੀ ਨੂੰ ਸਟੇਜ ‘ਤੇ ਬੁਲਾ ਕੇ ਸਭ ਦੇ ਸਾਹਮਣੇ ਪੇਸ਼ ਵੀ ਕੀਤਾ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਜੈਸਮੀਨ ਬੇਹੱਦ ਭਾਵੁਕ ਅਤੇ ਖ਼ੁਸ਼ ਨਜ਼ਰ ਆ ਰਹੀ ਹੈ। ਲਾਈਵ ਸ਼ੋਅ ਦੌਰਾਨ ਸ਼ੇਖਰ ਚੌਧਰੀ ਦਾ ਹੱਥ ਫੜ ਕੇ ਜੈਸਮੀਨ ਨੇ ਉਤਸ਼ਾਹਿਤ ਭੀੜ ਨੂੰ ਕਿਹਾ, “ਇਹ ਉਹ ਇਨਸਾਨ ਹੈ ਜਿਸ ਨੇ ਮੈਨੂੰ ਅੰਗੂਠੀ ਪਹਿਨਾਈ ਹੈ। ਸਾਰਿਆਂ ਨੂੰ ਦੱਸ ਦਿਆਂ, ਇਹ ਮੇਰਾ ਹਮਸਫ਼ਰ (ਮਾਈ ਮੈਨ) ਹੈ!” ਇਸ ਤੋਂ ਬਾਅਦ ਦੋਵਾਂ ਨੇ ਸਟੇਜ ’ਤੇ ਇੱਕ-ਦੂਜੇ ਨੂੰ ਗਲੇ ਲਗਾਇਆ ਅਤੇ ਜੈਸਮੀਨ ਦੇ ਮਸ਼ਹੂਰ ਗੀਤ ‘ਲਾਵਾਂ’ ’ਤੇ ਰੋਮਾਂਟਿਕ ਡਾਂਸ ਕੀਤਾ, ਜਿਸ ਨੂੰ ਦੇਖ ਕੇ ਹਾਲ ਵਿੱਚ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਨੇ ਤਾੜੀਆਂ ਨਾਲ ਅਸਮਾਨ ਗੁੰਜਾ ਦਿੱਤਾ। ਸਟੇਜ ਛੱਡਣ ਤੋਂ ਪਹਿਲਾਂ ਸ਼ੇਖਰ ਨੇ ਜੈਸਮੀਨ ਨੂੰ ਫਲਾਇੰਗ ਕਿਸ (Flying Kiss) ਦਿੱਤੀ, ਜਿਸ ਤੋਂ ਬਾਅਦ ਗਾਇਕਾ ਆਪਣੇ ਹੰਝੂ ਰੋਕ ਨਾ ਸਕੀ।’