ਓਟਵਾ-ਦੁਨੀਆ ਭਰ ਵਿੱਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਦੇਸ਼ ਕੈਨੇਡਾ ਨੂੰ ਅਜੋਕੇ ਦੌਰ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਹਰੀ ਚੁਣੌਤੀਆਂ ਤੋਂ ਇਲਾਵਾ ਉਸ ਨੂੰ ਆਪਣੇ ਦੇਸ਼ ਦੇ ਲੋਕਾਂ ਦੀ ਨਾਰਾਜ਼ਗੀ ਵੀ ਝੱਲਣੀ ਪੈ ਰਹੀ ਹੈ। ਕੈਨੇਡਾ ਤੋਂ ਨਿਰਾਸ਼ ਅਤੇ ਮਾਯੂਸ ਹੋਏ ਵੱਖ-ਵੱਖ ਦੇਸ਼ਾਂ ਤੋਂ ਉੱਥੇ ਜਾ ਕੇ ਵੱਸ ਰਹੇ ਲੋਕਾਂ, ਜਿਨ੍ਹਾਂ ਵਿੱਚ ਸਿਟੀਜ਼ਨਸ਼ਿਪ (ਨਾਗਰਿਕ) ਅਤੇ ਪੀਆਰ (PR) ਧਾਰਕ ਸ਼ਾਮਲ ਹਨ, ਨੇ ਕੈਨੇਡਾ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਦੀ ਸਰਕਾਰੀ ਵੈੱਬਸਾਈਟ ਅਨੁਸਾਰ ਲੰਘੇ ਸਾਲ 2025 ਵਿੱਚ 1 ਲੱਖ 20 ਹਜ਼ਾਰ ਲੋਕ ਦੇਸ਼ ਛੱਡ ਕੇ ਚਲੇ ਗਏ ਸਨ। ਇਸ ਚਾਲੂ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਲਗਪਗ ਤੀਹ ਹਜ਼ਾਰ ਲੋਕਾਂ ਨੇ ਦੇਸ਼ ਨੂੰ ਛੱਡ ਦਿੱਤਾ ਹੈ। ਕੈਨੇਡਾ ਦੇ ਤਿੰਨ ਸੂਬਿਆਂ—ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚੋਂ ਹੀ ਜ਼ਿਆਦਾਤਰ ਹਿਜਰਤ (ਪਲਾਇਨ) ਹੋ ਰਹੀ ਹੈ। ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਨੌਕਰੀਆਂ ਦੀ ਘਾਟ ਅਤੇ ਮਹਿੰਗਾਈ ਦੀ ਅਜਿਹੀ ਮਾਰ ਪਈ ਹੈ ਕਿ ਪੱਕੇ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਵੀ ਮਜਬੂਰੀ ਵਿੱਚ ਦੇਸ਼ ਦਾ ਤਿਆਗ ਕਰਨ ਦਾ ਫੈਸਲਾ ਲੈਣਾ ਪੈ ਰਿਹਾ ਹੈ।
