ਸਰੀ ( ਮਾਂਗਟ, ਮਾਵੀ, ਮਲਕੀਤ ਸਿੰਘ)- ਡੈਲਟਾ ਦੇ ਟਿਲਬਰੀ ਇਲਾਕੇ ਵਿੱਚ ਸਥਿਤ ਫੈਡਐਕਸ (FedEx) ਡਿਪੂ ਵਿੱਚ ਮਹਿਲਾ ਕਰਮਚਾਰੀਆਂ ਦੇ ਵਾਸ਼ਰੂਮ ਅੰਦਰ ਕਥਿਤ ਤੌਰ ‘ਤੇ ਗੁਪਤ ਰਿਕਾਰਡਿੰਗ ਕੈਮਰਾ ਲਗਾ ਕੇ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਇੱਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੈਲਟਾ ਪੁਲੀਸ ਨੇ ਇਸ ਨੂੰ ਗੰਭੀਰ ਅਪਰਾਧ ਦਾ ਮਾਮਲਾ ਮੰਨਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ, ਇਸ ਮਾਮਲੇ ਵਿੱਚ ਇੱਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਜਾਂਚ ਦੌਰਾਨ ਕੁਝ ਸ਼ਰਤਾਂ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਜਾਂਚਕਰਤਾ ਇਸ ਸਬੰਧੀ ਡਿਜੀਟਲ ਸਬੂਤ ਇਕੱਠੇ ਕਰ ਰਹੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ ਤੇ ਕੀ ਕੋਈ ਹੋਰ ਵੀ ਪੀੜਤ ਹੈ। ਫ਼ਿਲਹਾਲ ਪੁਲੀਸ ਦਾ ਕਹਿਣਾ ਹੈ ਕਿ ਇਹ ਮਾਮਲਾ ਇਸੇ ਕਾਰਜ ਸਥਾਨ (ਵਰਕਪਲੇਸ) ਤੱਕ ਸੀਮਤ ਦਿਖਾਈ ਦਿੰਦਾ ਹੈ ਅਤੇ ਆਮ ਲੋਕਾਂ ਲਈ ਕਿਸੇ ਵੱਡੇ ਖ਼ਤਰੇ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਮਾਮਲੇ ਨੇ ਉਸ ਵੇਲੇ ਹੋਰ ਗੰਭੀਰ ਰੂਪ ਧਾਰ ਲਿਆ ਜਦੋਂ ਮਹਿਲਾਵਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ‘ਕੌਰ ਮੂਵਮੈਂਟ ਫਾਊਂਡੇਸ਼ਨ’ ਦੀ ਸੰਸਥਾਪਕ ਗੁਰਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਕਈ ਮਹਿਲਾ ਕਰਮਚਾਰੀਆਂ ਦੀਆਂ ਨਿੱਜੀ ਵੀਡੀਓ ਅਸ਼ਲੀਲ ਵੈੱਬਸਾਈਟਾਂ ਤੱਕ ਪਹੁੰਚ ਗਈਆਂ ਸਨ। ਉਨ੍ਹਾਂ ਕਿਹਾ ਕਿ ਪੀੜਤ ਮਹਿਲਾਵਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਕਿ ਵੀਡੀਓਜ਼ ਵਿੱਚ ਉਨ੍ਹਾਂ ਦੀ ਪਛਾਣ ਬਿਲਕੁਲ ਸਪੱਸ਼ਟ ਦਿਖਾਈ ਦੇ ਰਹੀ ਸੀ, ਜਿਸ ਕਾਰਨ ਉਹ ਗੰਭੀਰ ਮਾਨਸਿਕ ਸਦਮੇ ਵਿੱਚ ਹਨ। ਹਾਲਾਂਕਿ, ਬਾਅਦ ਵਿੱਚ ਇਹ ਵੀਡੀਓਜ਼ ਇੰਟਰਨੈੱਟ ਤੋਂ ਹਟਾ ਦਿੱਤੀਆਂ ਗਈਆਂ ਦੱਸੀਆਂ ਜਾ ਰਹੀਆਂ ਹਨ।
ਸਮਾਜਿਕ ਜਥੇਬੰਦੀ ‘ਕੌਰ ਮੂਵਮੈਂਟ’ ਨੇ ਖ਼ੁਲਾਸਾ ਕੀਤਾ ਹੈ ਕਿ ਵਾਸ਼ਰੂਮ ਦੇ ਅੰਦਰ ਵਿਅਕਤੀਗਤ ਕੈਬਿਨਾਂ ਵਿੱਚ ਕੂੜੇਦਾਨਾਂ ਉੱਤੇ ਗੁਪਤ ਕੈਮਰੇ ਲਗਾਏ ਗਏ ਸਨ। ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਪੋਸਟਰ ਵਿੱਚ ‘ਫੈਡਐਕਸ ਡੈਲਟਾ ਡਿਪੂ’ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਹੈ।
ਗੁਰਪ੍ਰੀਤ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਮੁਲਜ਼ਮ ਵਿਰੁੱਧ ਕਰਮਚਾਰੀਆਂ ਵੱਲੋਂ ਪਿਛਲੇ ਲਗਪਗ ਦੋ ਸਾਲਾਂ ਤੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਅਨੁਸਾਰ, ਸੱਤ ਤੋਂ ਵੱਧ ਕਰਮਚਾਰੀਆਂ ਨੇ ਸ਼ੱਕੀ ਵਿਅਕਤੀ ਨੂੰ ਮਹਿਲਾਵਾਂ ਦੇ ਵਾਸ਼ਰੂਮ ਦੇ ਆਲੇ-ਦੁਆਲੇ ਘੁੰਮਦੇ ਦੇਖਣ ਬਾਰੇ ਪ੍ਰਬੰਧਨ ਨੂੰ ਜਾਣਕਾਰੀ ਦਿੱਤੀ ਸੀ, ਪਰ ਸਮੇਂ ਸਿਰ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ।
ਉੱਥੇ ਹੀ ਫੈਡਐਕਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਬੰਧਤ ਕਰਮਚਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਕੰਪਨੀ ਵੱਲੋਂ ਪੁਲੀਸ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਕਾਰਜ ਸਥਾਨ ‘ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਭਾਵਿਤ ਕਰਮਚਾਰੀਆਂ ਲਈ ਕੌਂਸਲਿੰਗ ਅਤੇ ਲੋੜੀਂਦੀ ਸਹਾਇਤਾ ਦੀ ਵਿਵਸਥਾ ਵੀ ਕੀਤੀ ਗਈ ਹੈ। ਕੰਪਨੀ ਨੇ ਸਪਸ਼ਟ ਕੀਤਾ ਕਿ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਭਲਾਈ ਉਸ ਦੀ ਸਭ ਤੋਂ ਪਹਿਲੀ ਤਰਜੀਹ ਹੈ।
