Jul 16, 2026

ਐਡਮਿੰਟਨ (ਗੁਰਪ੍ਰੀਤ ਸਿੰਘ)-ਬੀਤੀ 13 ਜੁਲਾਈ ਦੀ ਰਾਤ ਐਡਮਿੰਟਨ ਸ਼ਹਿਰ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ ਭਿਆਨਕ ਅੱਗ ਕਾਰਨ ਪੰਜਾਬੀ ਬਜ਼ੁਰਗ ਜੋੜੇ ਦੀ ਦੁਖਦਾਈ ਮੌਤ ਹੋ ਗਈ। ਬਜੁਰਗ ਜੋੜੇ ਦੀ ਪਛਾਣ 85 ਸਾਲਾ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ  ਪਤਨੀ 82 ਸਾਲਾ  ਸੁਰਿੰਦਰਜੀਤ ਕੌਰ ਭੰਡਾਲ, ਵਜੋਂ ਹੋਈ ਹੈ । ਇਹ ਘਟਨਾ ਉੱਤਰੀ ਐਡਮਿੰਟਨ ਦੇ 132 ਐਵੇਨਿਊ ਅਤੇ 82 ਸਟਰੀਟ ‘ਤੇ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਇੱਕ ਬੇਕਾਬੂ ਵਾਹਨ ਦੇ ਇਮਾਰਤ ਨਾਲ ਟਕਰਾਉਣ ਕਾਰਨ ਗੈਸ ਦੀ ਪਾਈਪਲਾਈਨ ਫਟ ਗਈ, ਜਿਸ ਨਾਲ ਜ਼ਬਰਦਸਤ ਧਮਾਕਾ ਹੋਇਆ ਅਤੇ ਅੱਗ ਲੱਗ ਗਈ।
ਬਜੁਰਗ ਮੇਜਰ ਸਿੰਘ ਭੰਡਾਲ ਨੇ ਆਪਣੀ ਜਾਨ ਬਚਾਉਣ ਲਈ ਬਾਲਕੋਨੀ ਤੋਂ ਛਾਲ ਮਾਰ ਦਿੱਤੀ, ਪਰ ਸੱਟਾਂ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਅਧਿਕਾਰੀਆਂ ਨੇ ਸੁਰਿੰਦਰਜੀਤ ਕੌਰ ਭੰਡਾਲ ਦੀ ਮੌਤ ਦੀ ਵੀ ਪੁਸ਼ਟੀ ਕੀਤੀ। ਇਹ ਜੋੜਾ ਪਿਛਲੇ 25 ਸਾਲਾਂ ਤੋਂ ਇਸੇ ਇਮਾਰਤ ਵਿੱਚ ਰਹਿ ਰਿਹਾ ਸੀ ਅਤੇ ਸਿੱਖ ਭਾਈਚਾਰੇ ਦਾ ਅਹਿਮ ਹਿੱਸਾ ਸੀ।
-ਮੇਅਰ ਐਂਡਰਿਊ ਨੈਕ ਵੱਲੋਂ ਦੁੱਖ ਦਾ ਪ੍ਰਗਟਾਵਾ-
ਐਡਮਿੰਟਨ ਦੇ ਅਪਾਰਟਮੈਂਟ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ, ਮੇਅਰ ਐਂਡਰਿਊ ਨੈਕ ਨੇ ਪੰਜਾਬੀ ਜੋੜੇ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੇਅਰ ਨੇ ਕਿਹਾ ਕਿ ਇਸ ਤ੍ਰਾਸਦੀ ਨੇ ਲੋਕਾਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੇਅਰ ਨੇ ਕਿਹਾ, “ਮੈਂ ਜਾਣਦਾ ਹਾਂ ਕਿ ਇਹ ਸਿਰਫ਼ ਇੱਕ ਇਮਾਰਤ ਨਹੀਂ ਸੀ, ਇਹ ਇੱਕ ਅਜਿਹੀ ਜਗ੍ਹਾ ਸੀ ਜਿੱਥੇ ਯਾਦਾਂ ਬਣੀਆਂ ਅਤੇ ਸਾਂਭੀਆਂ ਗਈਆਂ ਸਨ ਅਤੇ ਜਿੱਥੇ ਗੁਆਂਢੀ ਇਕੱਠੇ ਹੁੰਦੇ ਸਨ”। ਉਨ੍ਹਾਂ ਨੇ ਐਡਮਿੰਟਨ ਫਾਇਰ ਰੈਸਕਿਊ ਸਰਵਿਸਿਜ਼, ਐਡਮਿੰਟਨ ਪੁਲਿਸ ਅਤੇ ਹੋਰ ਸਿਟੀ ਸਟਾਫ ਦਾ ਇਸ ਸੰਕਟ ਸਮੇਂ ਕੀਤੀ ਗਈ ਕਾਰਵਾਈ ਤੇ ਲੋਕਾਂ ਨੂੰ ਬਚਾਉਣ ਲਈ ਕੀਤੇ ਯਤਨਾਂ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *