ਵਿੰਨੀਪੈੱਗ, 16 ਜੁਲਾਈ (ਸੁਰਿੰਦਰ ਮਾਵੀ )-
ਵਿੰਨੀਪੈਗ ਦੇ ਵੈਸਟ ਐਂਡ ਖੇਤਰ ਦੀਆਂ ਕਾਰੋਬਾਰੀ ਸੰਸਥਾਵਾਂ, ਜਾਇਦਾਦ ਮਾਲਕਾਂ, ਵਸਨੀਕਾਂ ਅਤੇ ਸਮਾਜਿਕ ਜਥੇਬੰਦੀਆਂ ਨੇ ਸ਼ਹਿਰ ਵਿੱਚ ਖੁੱਲ੍ਹੇਆਮ ਨਸ਼ਿਆਂ ਦੀ ਵਰਤੋਂ ਅਤੇ ਨਸ਼ਾ ਤਸਕਰੀ ਵਿਰੁੱਧ ਵਿਨੀਪੈਗ ਪੁਲਿਸ ਦੀ 10 ਦਿਨਾਂ ਦੀ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਵਧ ਰਹੀ ਹਿੰਸਾ ਅਤੇ ਅਪਰਾਧ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਸਖ਼ਤ ਪੁਲਿਸ ਕਾਰਵਾਈ ਨਾਲ ਹੀ ਹਾਲਾਤ ਵਿੱਚ ਸੁਧਾਰ ਆਇਆ ਹੈ। ਵੈਸਟ ਐਂਡ ਬਿਜ਼ਨੈੱਸ ਇੰਪਰੂਵਮੈਂਟ ਜ਼ੋਨ (ਬੀਆਈਜ਼ੈੱਡ), ਲਾਇਨਜ਼ ਮੈਨਰ, ਵਿਨੀਪੈਗ ਸਕੂਲ ਡਿਵੀਜ਼ਨ, ਵੈਸਟ ਬਰਾਡਵੇ ਯੂਥ ਆਊਟ ਰਿਚ, ‘ਜਸਟ ਲਾਇਕ ਨਿਊ ਟੂ ਯੂ’ ਥ੍ਰਿਫਟ ਸ਼ਾਪ ਅਤੇ ਹੋਰ ਸੰਸਥਾਵਾਂ ਵੱਲੋਂ ਜਾਰੀ ਸਾਂਝੇ ਖੁੱਲ੍ਹੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਦਿਨ-ਦਿਹਾੜੇ ਲੁੱਟ-ਖੋਹ, ਚਾਕੂ ਬਾਜ਼ੀ, ਕਾਰੋਬਾਰਾਂ ਵਿੱਚ ਸੇਂਧਮਾਰੀਆਂ, ਦੁਕਾਨਾਂ ਦੇ ਬਾਹਰ ਅੱਗਜ਼ਨੀ, ਬੱਚਿਆਂ ਅਤੇ ਬਜ਼ੁਰਗਾਂ ਨੂੰ ਧਮਕੀਆਂ ਅਤੇ ਸਿਹਤ ਕਰਮੀਆਂ ਤੇ ਵਲੰਟੀਅਰਾਂ ‘ਤੇ ਹਮਲਿਆਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ।
ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਈ ਥਾਵਾਂ ‘ਤੇ ਲੋਕਾਂ ਨੂੰ ਫਾਸਟ-ਫੂਡ ਰੈਸਟੋਰੈਂਟਾਂ, ਬੱਸ ਸ਼ੈਲਟਰਾਂ ਅਤੇ ਕਾਰੋਬਾਰੀ ਅਦਾਰਿਆਂ ਦੇ ਬਾਹਰ ਨਸ਼ਿਆਂ ਦੀ ਵਰਤੋਂ ਕਰਦੇ ਵਿਅਕਤੀਆਂ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ। ਕਿਨਜ਼ਮੈਨ ਸ਼ੇਰਬਰੁੱਕ ਪੂਲ ਵਿੱਚ ਸੁਰੱਖਿਆ ਵਧਾਉਣ ਲਈ ਰਿਮੋਟ-ਕੰਟਰੋਲ ਦਰਵਾਜ਼ੇ ਲਗਾਉਣੇ ਪਏ, ਜਦਕਿ ਗੋਰਡਨ ਬੈੱਲ ਹਾਈ ਸਕੂਲ, ਡੇਅ-ਕੇਅਰ ਕੇਂਦਰਾਂ, ਵਿਨੀਪੈਗ ਯੂਨੀਵਰਸਿਟੀ ਅਤੇ ਲਾਇਨਜ਼ ਮੈਨਰ ਦੇ ਆਲ਼ੇ-ਦੁਆਲੇ ਵੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਹੈ।
ਵੈਸਟ ਐਂਡ ਬੀਆਈਜ਼ੈੱਡ ਦੇ ਕਾਰਜਕਾਰੀ ਨਿਰਦੇਸ਼ਕ ਜੋਅ ਕੋਰਨਲਸਨ ਨੇ ਕਿਹਾ ਕਿ ਭਾਵੇਂ ਨਸ਼ਾਖੋਰੀ ਦਾ ਹੱਲ ਸਿਰਫ਼ ਪੁਲਿਸ ਕਾਰਵਾਈ ਨਹੀਂ, ਪਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਨੂੰਨ ਦੀ ਸਖ਼ਤੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਤੁਰੰਤ ਪੁਲਿਸ ਕਾਰਵਾਈ ਦੇ ਨਾਲ-ਨਾਲ ਨਸ਼ਿਆਂ ਦੀ ਲਤ, ਮਾਨਸਿਕ ਸਿਹਤ ਅਤੇ ਗ਼ਰੀਬੀ ਵਰਗੇ ਮੂਲ ਕਾਰਨਾਂ ਦੇ ਹੱਲ ਲਈ ਵੀ ਲੰਬੀ ਮਿਆਦ ਦੀ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ।
ਲਾਇਨਜ਼ ਮੈਨਰ ਦੇ ਕਈ ਬਜ਼ੁਰਗ ਵਸਨੀਕਾਂ ਨੇ ਵੀ ਵਧੇਰੇ ਪੁਲਿਸ ਗਸ਼ਤ ਦੀ ਮੰਗ ਕਰਦਿਆਂ ਕਿਹਾ ਕਿ ਖੁੱਲ੍ਹੇਆਮ ਨਸ਼ਿਆਂ ਦੀ ਵਰਤੋਂ ਅਤੇ ਹਿੰਸਕ ਘਟਨਾਵਾਂ ਕਾਰਨ ਉਹ ਆਪਣੇ ਇਲਾਕੇ ਵਿੱਚ ਅਸੁਰੱਖਿਅਤ ਮਹਿਸੂਸ ਕਰਦੇ ਹਨ। ਕੁਝ ਵਸਨੀਕਾਂ ਨੇ ਸੜਕਾਂ ‘ਤੇ ਵਧੇਰੇ ਰੌਸ਼ਨੀ ਅਤੇ ਸੁਰੱਖਿਆ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ।
ਦੂਜੇ ਪਾਸੇ, ਵੈਸਟ ਸੈਂਟਰਲ ਵਿਮੈਨ ਰਿਸੋਰਸ ਸੈਂਟਰ ਅਤੇ ਰਿਸੋਰਸ ਅਸਿਸਟੈਂਸ ਫ਼ਾਰ ਯੂਥ ਸਮੇਤ ਕੁਝ ਆਊਟ ਰਿਚ ਸੰਸਥਾਵਾਂ ਨੇ ਇਸ ਮੁਹਿੰਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਖ਼ਤ ਪੁਲਿਸ ਕਾਰਵਾਈ ਨਾਲ ਨਸ਼ਿਆਂ ਦੇ ਆਦੀ ਲੋਕ ਜਨਤਕ ਥਾਵਾਂ ਤੋਂ ਹਟ ਕੇ ਅਜਿਹੇ ਸਥਾਨਾਂ ‘ਤੇ ਚਲੇ ਜਾਂਦੇ ਹਨ, ਜਿੱਥੇ ਉਨ੍ਹਾਂ ਤੱਕ ਸਿਹਤ ਅਤੇ ਸਹਾਇਤਾ ਸੇਵਾਵਾਂ ਦੀ ਪਹੁੰਚ ਮੁਸ਼ਕਲ ਹੋ ਜਾਂਦੀ ਹੈ।
ਵਿਨੀਪੈਗ ਪੁਲਿਸ ਨੇ ਇਹ ਮੁਹਿੰਮ 24 ਜੂਨ ਤੋਂ 3 ਜੁਲਾਈ ਤੱਕ ਲੋਕਾਂ ਅਤੇ ਕਾਰੋਬਾਰੀਆਂ ਦੀਆਂ ਲਗਾਤਾਰ ਸ਼ਿਕਾਇਤਾਂ ਦੇ ਮੱਦੇਨਜ਼ਰ ਚਲਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਹਿੰਮ ਦੇ ਨਤੀਜਿਆਂ ਅਤੇ ਲੋਕਾਂ ਤੋਂ ਮਿਲੀ ਪ੍ਰਤੀਕਿਰਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਫ਼ੈਸਲਾ ਲਿਆ ਜਾਵੇਗਾ।
