Oct 3, 2026

ਕਲਾਸ A (AZ) ਰੋਡ ਟੈਸਟ ਤੋਂ ਪਹਿਲਾਂ 6 ਮਹੀਨੇ ਦਾ G ਲਾਇਸੈਂਸ ਤਜਰਬਾ ਲਾਜ਼ਮੀ-

ਬਰੈਂਪਟਨ- ਓਨਟਾਰੀਓ ਸਰਕਾਰ ਨੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਡਰਾਈਵਰ ਲਾਇਸੈਂਸ ਪ੍ਰਣਾਲੀ ਵਿੱਚ ਧੋਖਾਧੜੀ ਨੂੰ ਰੋਕਣ ਲਈ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਨਵੇਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਤਹਿਤ ਹੁਣ ਕਲਾਸ A (AZ) ਟਰੱਕ ਲਾਇਸੈਂਸ ਲਈ ਰੋਡ ਟੈਸਟ ਦੇਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਘੱਟੋ-ਘੱਟ ਛੇ ਮਹੀਨੇ ਤੱਕ ਪੂਰਾ G ਲਾਇਸੈਂਸ ਰੱਖਣਾ ਲਾਜ਼ਮੀ ਹੋਵੇਗਾ। 19 ਜੂਨ ਨੂੰ ਦਾਖਲ ਕੀਤੀਆਂ ਸੋਧਾਂ ਅਨੁਸਾਰ, ਕਲਾਸ A ਰੋਡ ਟੈਸਟ ਦੇਣ ਤੋਂ ਪਹਿਲਾਂ ਅਰਜ਼ੀਦਾਰਾਂ ਕੋਲ ਪਿਛਲੇ 12 ਮਹੀਨਿਆਂ ਵਿੱਚੋਂ ਘੱਟੋ-ਘੱਟ 6 ਮਹੀਨੇ ਲਈ ਪੂਰਾ ਕਲਾਸ G ਜਾਂ ਇਸਦੇ ਬਰਾਬਰ ਦਾ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੋਵੇਗਾ। ਨਵੇਂ ਨਿਯਮ ਅਗਲੇ ਸਾਲ ਪਹਿਲੀ ਜਨਵਰੀ ਤੋਂ ਲਾਗੂ ਹੋਣਗੇ।

ਹੋਰ ਕੈਨੇਡੀਅਨ ਸੂਬਿਆਂ ਜਾਂ ਖੇਤਰਾਂ ਤੋਂ ਆਏ ਡਰਾਈਵਰ ਵੀ ਯੋਗ ਹੋ ਸਕਦੇ ਹਨ, ਜੇਕਰ ਉਨ੍ਹਾਂ ਕੋਲ ਪਿਛਲੇ 36 ਮਹੀਨਿਆਂ ਵਿੱਚੋਂ ਘੱਟੋ-ਘੱਟ 24 ਮਹੀਨੇ ਲਈ ਇਸਦੇ ਬਰਾਬਰ ਦਾ ਲਾਇਸੈਂਸ ਰਿਹਾ ਹੋਵੇ।
ਇਸ ਤੋਂ ਇਲਾਵਾ, ਕੈਨੇਡੀਅਨ ਫੌਜ ਦੇ ਉਹ ਡਰਾਈਵਰ ਜਿਨ੍ਹਾਂ ਕੋਲ ਸਮਾਨ ਸ਼੍ਰੇਣੀ ਦਾ DND 404 ਪਰਮਿਟ ਹੈ, ਉਹ ਵੀ ਇਸ ਯੋਗਤਾ ਵਿੱਚ ਸ਼ਾਮਲ ਕੀਤੇ ਗਏ ਹਨ। ਮੌਜੂਦਾ ਨਿਯਮਾਂ ਅਨੁਸਾਰ, ਕਲਾਸ A ਲਾਇਸੈਂਸ ਲਈ ਉਮੀਦਵਾਰ ਕੋਲ ਸਿਰਫ਼ ਇੱਕ ਵੈਧ G ਲਾਇਸੈਂਸ ਹੋਣਾ ਜ਼ਰੂਰੀ ਸੀ ਅਤੇ ਕੋਈ ਘੱਟੋ-ਘੱਟ ਉਡੀਕ ਸਮਾਂ ਨਹੀਂ ਸੀ। ਨਵੇਂ ਬਦਲਾਅ ਨਾਲ ਸਰਕਾਰ ਦਾ ਮੰਨਣਾ ਹੈ ਕਿ ਨਵੇਂ ਟਰੱਕ ਡਰਾਈਵਰਾਂ ਨੂੰ ਵੱਡੇ ਕਮਰਸ਼ੀਅਲ ਵਾਹਨ ਚਲਾਉਣ ਤੋਂ ਪਹਿਲਾਂ ਵਧੇਰੇ ਸੜਕ ਅਨੁਭਵ ਮਿਲੇਗਾ, ਜਿਸ ਨਾਲ ਹਾਦਸਿਆਂ ਦਾ ਖਤਰਾ ਘਟੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਛੇ ਮਹੀਨੇ ਦੇ ਉਡੀਕ ਸਮੇਂ ਦੌਰਾਨ ਉਮੀਦਵਾਰ ਆਪਣੀ ਮੈਡੀਕਲ ਜਾਂਚ, ਵਿਜ਼ਨ ਟੈਸਟ, ਲਿਖਤੀ ਪ੍ਰੀਖਿਆ ਅਤੇ ਲਾਜ਼ਮੀ ਐਂਟਰੀ-ਲੈਵਲ ਟ੍ਰੇਨਿੰਗ (MELT) ਪੂਰੀ ਕਰ ਸਕਣਗੇ। ਇਸ ਨਾਲ ਉਨ੍ਹਾਂ ਦੀ ਟ੍ਰੇਨਿੰਗ ਪ੍ਰਕਿਰਿਆ ਪ੍ਰਭਾਵਿਤ ਨਹੀਂ ਹੋਵੇਗੀ।

error: Content is protected !!