Jul 20, 2026

ਸਿਆਸਤਦਾਨਾਂ,ਸਮਾਜਿਕ ਕਾਰਕੁਨਾਂ ਸਮੇਤ ਵੱਡੀ ਗਿਣਤੀ ਚ ਲੋਕਾਂ ਨੇ ਕੀਤੀ ਸ਼ਿਰਕਤ—
ਵੈਨਕੂਵਰ, (ਮਲਕੀਤ ਸਿੰਘ)- ਡਾ:ਭੀਮ ਰਾਓ ਅੰਬੇਦਕਰ ਅਤੇ ਬਾਬੂ ਕਾਸ਼ੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਇੱਕ  ਸਮਾਗਮ ਸਰੀ- ਡੈਲਟਾ ਰੋਡ ਤੇ ਸਥਿਤ ਮਹਾਰਾਣੀ ਬੈਂਕੁਟ ਹਾਲ ਵਿੱਚ ਵੱਡੇ ਪੱਧਰ ਤੇ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂਆਤ ਵਿੱਚ ਐਸਰੋ ਦੇ ਪ੍ਰਧਾਨ ਰਸ਼ਪਾਲ ਭਾਰਦਵਾਜ ਵੱਲੋਂ ਐਸਰੋ ਸੰਸਥਾ ਸਬੰਧੀ ਚਾਨਣਾ ਪਾਇਆ ਗਿਆ । ਇਸ ਮੌਕੇ ਤੇ ਮੁਖ ਮਹਿਮਾਨ ਵਜੋਂ ਪਹੁੰਚੇ  ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਤ੍ਰਿਸ਼ਨਮ ਸਿੰਘ ਵੱਲੋਂ ਮੋਮਬੱਤੀਆਂ ਜਗਾ ਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਉਪਰੰਤ ਆਪਣੀ ਸੰਖੇਪ ਤਕਰੀਰ ਦੌਰਾਨ  ਬੋਲਦਿਆਂ ਕਰੀਮਪੁਰੀ ਨੇ ਪੰਜਾਬ ਦੀ ਮੌਜੂਦਾ ਆਪ ਸਰਕਾਰ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਦੀ ਕਾਰਜਸ਼ੈਲੀ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਹੁਣ ਇਸ ਦਾ ਬਦਲ ਚਾਹੁੰਦੇ ਹਨ।  ਉਨਾਂ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪੰਜਾਬੀ ਮੂਲ ਦੇ ਸਾਂਸਦ ਸੁੱਖ ਧਾਲੀਵਾਲ, ਸਾਂਸਦ ਰਣਦੀਪ ਸਰਾਏ, ਕੌਂਸਲਰ ਐਨਿਸ ਲਿੰਡਾ, ਵਿਧਾਇਕ ਮਨਦੀਪ ਸਿੰਘ ਧਾਲੀਵਾਲ,ਕੌਂਸਲਰ ਉਮੀਦਵਾਰ ਸੀਨਾ ਵਰਮਾਨੀ, ਜੋਗਿੰਦਰ ਬੰਗੜ, ਮੋਹਨ ਬੰਗਾ, ਭੁਪਿੰਦਰ ਸਿੰਘ,ਜਿਲਾ ਸਿੰਘ, ਮੇਅਰ ਉਮੀਦਵਾਰ ਹੋਨਵੀਰ ਰੰਧਾਵਾ, ਕੌਂਸਲਰ ਉਮੀਦਵਾਰ ਰਿੱਕੀ ਬਾਜਵਾ, ਪ੍ਰਿੰ: ਮਲੂਕ ਚੰਦ ਕਲੇਰ, ਹਰਜੀਤ ਸੋਹਪਾਲ,ਕਮਲੇਸ਼ ਆਹੀਰ, ਐਨੀ ਮਰਫੀ, ਰਤਨ ਪੌਲ, ਕਮਲਜੀਤ ਮਾਨਾਂਵਾਲਾ,ਵਰਿੰਦਰ ਬੰਗੜ ਅਤੇ ਸੁਖੀ ਬੰਗੜ ਆਦਿ ਬੁਲਾਰਿਆਂ ਨੇ ਵੀ  ਆਪਣੇ ਵਿਚਾਰ ਪੇਸ਼ ਕਰਦਿਆਂ ਡਾ: ਭੀਮ ਰਾਓ ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਤੇ ਸਾਂਸਦ ਰਣਦੀਪ ਸਰਾਏ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭੇਜਿਆ ਗਿਆ ਸੰਦੇਸ਼ ਵੀ ਪੜ੍ਹਿਆ ਗਿਆ।  ਸਮਾਗਮ ਦੇ ਅਖੀਰਲੇ ਪੜਾਅ ਦੌਰਾਨ  ਲੱਖਾ ਅਤੇ ਨਾਜ ਦੀ ਗਾਇਕ ਜੋੜੀ ਦੇ ਨਾਲ ਨਾਲ ਗਾਇਕ ਪੰਮਾ ਸੁਨੜ ਵੱਲੋਂ  ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਹੋਰ ਵੀ ਰੰਗੀਨ ਬਣਿਆ ਨਜ਼ਰੀਂ ਆਇਆ।  ਅਖੀਰ ਵਿੱਚ ਰਸਪਾਲ ਭਾਰਦਵਾਜ਼ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *