ਸ਼ਹਿਰੀਆਂ ਲਈ ਕਈ ਨਵੇਂ ਚੋਣ ਵਾਅਦੇ – ਮੀਰਾ ਗਿੱਲ ਤੇ ਸੁਹਾਨਾ ਗਿੱਲ ਦੇ ਨਾਲ ਪੂਰੀ ਸਲੇਟ ਦਾ ਐਲਾਨ-
ਬਿਲਡਿੰਗ ਪਰਮਿਟ, ਨਵੇਂ ਕਾਰੋਬਾਰਾਂ ਲਈ ਰਾਹਤ ਦੇ ਨਾਲ ਜ਼ਮੀਨੀ ਸੌਦਿਆਂ ਲਈ ਫੌਰੈਂਸਿਕ ਆਡਿਟ ਕਰਵਾਉਣ ਦਾ ਵਾਅਦਾ-
ਸਰੀ ( ਦੇ ਪ੍ਰ ਬਿ)- ਸਿਟੀ ਕੌਂਸਲ ਦੀਆਂ 17 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਤੋਂ ਪਹਿਲਾਂ ਚੋਣ ਮੈਦਾਨ ਵਿਚ ਮੁੜ ਨਿੱਤਰੇ ਸਾਬਕਾ ਮੇਅਰ ਡੱਗ ਮੈਕਲਮ ਨੇ ਸਰੀ ਨਿਵਾਸੀਆਂ ਲਈ ਨਵੇਂ ਚੋਣ ਵਾਅਦਿਆਂ ਦੇ ਨਾਲ ਇਕ ਵਿਸ਼ਾਲ ਚੋਣ ਪਲੇਟਫਾਰਮ ਪੇਸ਼ ਕੀਤਾ ਹੈ ਜਿਸ ਵਿਚ ਤੇਜ਼ੀ ਨਾਲ ਬਿਲਡਿੰਗ ਪਰਮਿਟ ਦੇਣ, ਨਵੇਂ ਛੋਟੇ ਕਾਰੋਬਾਰਾਂ ਨੂੰ ਟੈਕਸ ਵਿਚ ਰਾਹਤ, ਸਥਾਨਕ ਭੋਜਨ ਉਤਪਾਦਨ ਵਿਚ ਵਾਧਾ, ਸ਼ਹਿਰ ਦੇ ਜ਼ਮੀਨੀ ਸੌਦਿਆਂ ਦਾ ਇਕ ਸੁਤੰਤਰ ਫੌਰੈਂਸਿਕ ਆਡਿਟ ਅਤੇ ਮੈਟਰੋ ਵੈਨਕੂਵਰ ਰੀਜ਼ਨਲ ਡਿਸਟ੍ਰਿਕਟ ਤੋਂ ਸਰੀ ਨੂੰ ਵਾਪਸ ਲਿਆਉਣ ਦਾ ਵਾਅਦਾ ਕੀਤਾ ਗਿਆ ਹੈ।
ਪੰਜਾਬੀ ਭਾਈਚਾਰੇ ਵਿਚ ਮਜ਼ਬੂਤ ਸਾਖ ਰੱਖਣ ਵਾਲੇ ਸਾਬਕਾ ਮੇਅਰ ਡੱਗ ਮੈਕੱਲਮ ਨੇ ਇਥੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਸੇਫ ਸਰੀ ਕੁਲੀਸ਼ਨ ਦੇ ਕੌਂਸਲ ਉਮੀਦਵਾਰਾਂ ਦੀ ਮੁਕੰਮਲ ਸਲੇਟ ਵੀ ਪੇਸ਼ ਕੀਤੀ। ਇਸ ਵਿਚ ਮੌਜੂਦਾ ਪੰਜਾਬੀ ਕੌਂਸਲਰ ਮਨਦੀਪ ਨਾਗਰਾ ਤੋਂ ਇਲਾਵਾ ਉਘੀ ਔਰਤ ਹੱਕਾਂ ਦੀ ਬੁਲਾਰੀ ਮੀਰਾ ਗਿੱਲ ਤੇ ਉਘੀ ਸਟੂਡੈਂਟ ਆਗੂ ਸੁਹਾਨਾ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਦਾ ਸਲੇਟ ਵਿਚ ਹੋਰ ਉਮੀਦਵਾਰਾਂ ਵਿਚ ਐਲੀਸਨ ਪੈਟਨ, ਡਗ ਐਲਫੋਰਡ, ਲੌਰੀ ਗੁਏਰਾ ਤੇ ਬੌ ਸਿੰਪਸਨ ਸ਼ਾਮਿਲ ਹਨ।
ਉਹਨਾਂ ਸੇਫ ਸਰੀ ਕੁਲੀਸ਼ਨ ਦੇ ਪਲੇਟਫਾਰਮ ਵਿਚ ਇਕ ਮੁੱਖ ਵਾਅਦਾ 60 ਦਿਨਾਂ ਵਿਚ ਰਿਹਾਇਸ਼ੀ ਇਮਾਰਤੀ ਪਰਮਿਟ ਦੇਣ ਸਬੰਧੀ ਕੀਤਾ ਹੈ। ਇਸ ਤਜਵੀਜ਼ ਤਹਿਤ ਸ਼ਹਿਰ 60 ਦਿਨ੍ਹਾਂ ਦੇ ਅੰਦਰ ਅੰਦਰ ਰਿਹਾਇਸ਼ੀ ਬਿਲਡਿੰਗ ਪਰਮਿਟ ਅਰਜ਼ੀਆਂ ਨੂੰ ਮਨਜ਼ੂਰੀ ਦੇਵੇਗਾ ਨਹੀਂ ਤਾਂ ਜੇਕਰ ਸਮੇਂ ਦੀ ਹੱਦ ਲੰਘ ਜਾਂਦੀ ਹੈ ਤਾਂ ਪਰਮਿਟ ਫੀਸ ਮੁਆਫ ਕਰ ਦਿੱਤੀ ਜਾਵੇਗੀ। ਮੈਕਲਮ ਨੇ ਸਰੀ ਵਿਚ ਖੁਲ੍ਹਣ ਵਾਲੇ ਹਰੇਕ ਨਵੇਂ ਕਾਰੋਬਾਰ ਲਈ ਪਹਿਲੇ ਦੋ ਸਾਲ ਬਿਜਨਸ ਲਾਇਸੰਸ ਫੀਸ ਮੁਆਫ ਕਰਨ ਦਾ ਵੀ ਵਾਅਦਾ ਕੀਤਾ ਅਤੇ ਇਸ ਨੂੰ ਉਨ੍ਹਾਂ ਨੇ ਉਦਮੀਆਂ ਅਤੇ ਨੇਬਰਹੁੱਡ ਕਾਰੋਬਾਰਾਂ ਲਈ ਸਹਾਇਤਾ ਦਾ ਉਪਾਅ ਆਖਿਆ ਹੈ। ਮੌਮ ਐਂਡ ਪੌਪ ਦੁਕਾਨਾਂ ਸਰੀ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਨੇ ਸਥਾਨਕ ਨੌਕਰੀਆਂ ਪੈਦਾ ਕੀਤੀਆਂ, ਕਮਿਊਨਿਟੀ ਸਪੋਰਟਸ ਟੀਮਾਂ ਨੂੰ ਸਪਾਂਸਰ ਕੀਤਾ ਅਤੇ ਉਹ ਸਾਡੇ ਨੇਬਰਹੁੱਡਸ ਦਾ ਦਿਲ ਹਨ। ਸਰੀ ਵਿਚ ਆਪਣਾ ਕਾਰੋਬਾਰ ਖੋਲ੍ਹੋ ਅਤੇ ਤੁਹਾਡੀ ਲਾਇਸੰਸ ਫੀਸ ਦੋ ਸਾਲ ਸਿਫਰ ਰਹੇਗੀ। ਪਰਮਿਟ ਲਈ ਅਪਲਾਈ ਕਰੋ ਅਤੇ ਸਿਟੀ ਹਾਲ 60 ਦਿਨਾਂ ਵਿਚ ਜਵਾਬ ਦੇਵੇਗਾ ਜਾਂ ਫੀਸ ਸਿਫਰ ਹੋ ਜਾਵੇਗੀ। ਸਿਟੀ ਹਾਲ ਨੂੰ ਲੋਕਾਂ ਦੀ ਰਫ਼ਤਾਰ ਨਾਲ ਕੰਮ ਕਰਨਾ ਚਾਹੀਦਾ ਹੈ ਜਿਹੜੇ ਇਸ ਦੀ ਸਹੀ ਸੇਵਾ ਕਰਦੇ ਹਨ। ਲਾਲ ਫੀਤਸ਼ਾਹੀ ਨੂੰ ਘਟਾਉਣ ਤੋਂ ਇਲਾਵਾ ਮੈਕਲਮ ਨੇ ਭੋਜਨ ਦੀਆਂ ਵੱਧ ਰਹੀਆਂ ਕੀਮਤਾਂ ਦਾ ਮੁਕਾਬਲਾ ਕਰਨ ਲਈ ਸਰੀ ਦੇ ਸਥਾਨਕ ਭੋਜਨ ਉਤਪਾਦਨ ਵਧਾਉਣ ਦੇ ਉਦੇਸ਼ ਨਾਲ ਫਾਰਮ ਲੋਕਲ ਪਹਿਲਕਦਮੀ ਦਾ ਐਲਾਨ ਕੀਤਾ। ਉਨ੍ਹਾਂ ਸ਼ਹਿਰ ਦੇ ਤਾਜ਼ਾ ਜ਼ਮੀਨੀ ਲੈਣ ਦੇਣ ਦਾ ਸੁਤੰਤਰ ਫੌਰੈਸਿਕ ਆਡਿਟ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ ਹੈ।




