ਐਮ ਪੀ ਸੁਖ ਧਾਲੀਵਾਲ ਨੇ ਫੈਡਰਲ ਨਿਵੇਸ਼ ਦੀ ਦਿੱਤੀ ਜਾਣਕਾਰੀ- ਮੇਅਰ ਬਰੈਂਡਾ ਲੌਕ ਵਲੋ ਫੈਡਰਲ ਸਰਕਾਰ ਦਾ ਧੰਨਵਾਦ-
ਵੈਨਕੂਵਰ, 22 ਜੁਲਾਈ (ਮਲਕੀਤ ਸਿੰਘ)- ਸਰੀ ਦੇ ਨਿਊਟਨ ਇਲਾਕੇ ਵਿੱਚ ਖੇਡਾਂ ਅਤੇ ਭਾਈਚਾਰਕ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਫੈਡਰਲ ਸਰਕਾਰ ਵੱਲੋਂ 11 ਮਿਲੀਅਨ ਡਾਲਰ ਦੀ ਗਰਾਂਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਰੀ ਦੇ ਐਥਲੈਟਿਕਸ ਪਾਰਕ ਚ ਆਯੋਜਿਤ ਇੱਕ ਸਮਾਗਮ ਦੌਰਾਨ ਸਰੀ -ਨਿਊਟਨ ਹਲਕੇ ਤੋਂ ਲਿਬਰਲ ਐਮ ਪੀ ਸੁਖ ਧਾਲੀਵਾਲ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਸਰਕਾਰ ਦਾ ਉਦੇਸ਼ ਦੇਸ਼ ਭਰ ਵਿੱਚ ਆਧੁਨਿਕ ਅਤੇ ਮਜ਼ਬੂਤ ਬੁਨਿਆਦੀ ਢਾਂਚਾ ਵਿਕਸਤ ਕਰਨਾ ਹੈ, ਜਿਸ ਨਾਲ ਰਿਹਾਇਸ਼, ਖੇਡਾਂ, ਸਿਹਤ, ਆਵਾਜਾਈ ਅਤੇ ਭਾਈਚਾਰਕ ਸਹੂਲਤਾਂ ਵਿੱਚ ਸੁਧਾਰ ਹੋ ਸਕੇ। ਇਸੇ ਤਹਿਤ ਬਰਡ ਕਮਿਊਨਿਟੀ ਸਟਰੋਂਗ ਫੰਡ ਰਾਹੀਂ ਦੇਸ਼ ਭਰ ਵਿੱਚ ਕਰੀਬ 51 ਬਿਲੀਅਨ ਡਾਲਰ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ।
ਸੁਖ ਧਾਲੀਵਾਲ ਨੇ ਅੱਗੇ ਦੱਸਿਆ ਕਿ ਨਿਊਟਨ ਐਥਲੈਟਿਕਸ ਪਾਰਕ ਵਿੱਚ ਨਵਾਂ ਆਰਟੀਫੀਸ਼ੀਅਲ ਟਰਫ਼ ਵਾਲਾ ਖੇਡ ਮੈਦਾਨ ਤਿਆਰ ਕੀਤਾ ਜਾਵੇਗਾ, ਜਿਸ ਨਾਲ ਸਾਲ ਭਰ ਖੇਡਾਂ ਕਰਵਾਉਣਾ ਸੰਭਵ ਹੋਵੇਗਾ। ਇਸ ਤੋਂ ਇਲਾਵਾ ਵਾਕਿੰਗ ਟਰੈਕ ‘ਤੇ ਊਰਜਾ-ਕੁਸ਼ਲ ਐਲ.ਈ.ਡੀ. ਲਾਈਟਾਂ ਲਗਾਈਆਂ ਜਾਣਗੀਆਂ ਅਤੇ ਨਵੀਆਂ ਲਾਈਟਾਂ ਨਾਲ ਲੈਸ ਟੈਨਿਸ ਕੋਰਟਾਂ ਬਣਾਈਆਂ ਜਾਣਗੀਆਂ, ਜਿਸ ਨਾਲ ਖਿਡਾਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ।
ਉਨ੍ਹਾਂ ਦੱਸਿਆ ਕਿ ਅਨਵਿਨ ਪਾਰਕ ਵਿੱਚ ਵੀ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕੀਤੇ ਜਾਣਗੇ। ਇੱਥੇ ਕਵਰਡ ਮਲਟੀ-ਸਪੋਰਟ ਕੋਰਟ, ਨਵਾਂ ਫੀਲਡ ਹਾਊਸ, ਵਾਸ਼ਰੂਮ ਅਤੇ ਚੇਂਜ ਰੂਮ, ਸਕੇਟ ਪਾਰਕ, ਪੰਪ ਬਾਈਕ ਟਰੈਕ, ਪਿਕਲਬਾਲ, ਟੈਨਿਸ ਅਤੇ ਬਾਸਕੇਟਬਾਲ ਕੋਰਟਾਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੁੱਤਿਆਂ ਲਈ ਆਫ-ਲੀਸ਼ ਪਾਰਕ, ਨਵੇਂ ਪੈਦਲ ਰਸਤੇ, ਵਧੇਰੇ ਪਾਰਕਿੰਗ ਅਤੇ ਪਾਰਕ ਦੇ ਦਾਖ਼ਲਾ ਮਾਰਗਾਂ ਦਾ ਵੀ ਸੁਧਾਰ ਕੀਤਾ ਜਾਵੇਗਾ।
ਇਸ ਮੌਕੇ ਤੇ ਬੋਲਦਿਆਂ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿਊਟਨ ਐਥਲੈਟਿਕਸ ਪਾਰਕ ਅਤੇ ਅਨਵਿਨ ਪਾਰਕ ਸਰੀ ਦੇ ਸਭ ਤੋਂ ਮਹੱਤਵਪੂਰਨ ਪਾਰਕਾਂ ਵਿੱਚੋਂ ਹਨ, ਜਿੱਥੇ ਹਰ ਸਾਲ ਹਜ਼ਾਰਾਂ ਲੋਕ ਖੇਡਾਂ, ਸੈਰ ਅਤੇ ਮਨੋਰੰਜਨ ਲਈ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਨਵੀਆਂ ਸਹੂਲਤਾਂ ਨਾਲ ਲੋਕਾਂ ਨੂੰ ਸਰਗਰਮ ਜੀਵਨ-ਸ਼ੈਲੀ ਅਪਣਾਉਣ, ਭਾਈਚਾਰਕ ਸਾਂਝ ਵਧਾਉਣ ਅਤੇ ਬਿਹਤਰ ਮਨੋਰੰਜਨ ਦੇ ਮੌਕੇ ਪ੍ਰਾਪਤ ਹੋਣਗੇ।
ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਲਈ ਫੈਡਰਲ ਸਰਕਾਰ ਵੱਲੋਂ 11 ਮਿਲੀਅਨ ਡਾਲਰ ਤੱਕ ਦੀ ਸਹਾਇਤਾ ਦਿੱਤੀ ਜਾ ਰਹੀ ਹੈ, ਜਦਕਿ ਸਿਟੀ ਆਫ ਸਰੀ ਵੱਲੋਂ 16.5 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਪੰਜਾਬੀ ਸਾਂਸਦ ਗੁਰਬਖਸ਼ ਸੈਣੀ ਅਤੇ ਹੋਰ ਬਹੁਤ ਸਾਰੀਆਂ ਸਿਆਸੀ ਸ਼ਖਸੀਅਤਾਂ ਹਾਜ਼ਰ ਹਨ।
ਕੈਪਸ਼ਨ -ਜਾਣਕਾਰੀ ਸਾਂਝੀ ਕਰਦੇ ਹੋਏ ਐਮ ਪੀ ਸੁੱਖ ਧਾਲੀਵਾਲ। ਉਨਾਂ ਨਾਲ ਸਰੀ ਦੀ ਮੇਅਰ ਬਰੈਂਡਾ ਲੋਕ,ਸਾਂਸਦ ਗੁਰਬਖਸ਼ ਸੈਣੀ ਅਤੇ ਹੋਰ।
