ਸਰੀ, 28 ਜੁਲਾਈ (ਹਰਦਮ ਮਾਨ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ), ਅੰਮ੍ਰਿਤਸਰ ਵੱਲੋਂ ਸਮੁੰਦਰੀ ਰਸਤੇ ਕੈਨੇਡਾ ਦੇ ਸਰੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭੇਜਣ ਦੇ ਮਾਮਲੇ ਨੂੰ ਲੈ ਕੇ ਸਤਿਕਾਰ ਕਮੇਟੀ ਕੈਨੇਡਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਵਿਵਾਦ ਸਾਹਮਣੇ ਆਇਆ ਹੈ। ਦੋਵੇਂ ਧਿਰਾਂ ਨੇ ਇਸ ਸਬੰਧੀ ਆਪਣਾ-ਆਪਣਾ ਪੱਖ ਜਾਰੀ ਕੀਤਾ ਹੈ।
ਸਤਿਕਾਰ ਕਮੇਟੀ ਕੈਨੇਡਾ ਦੇ ਆਗੂ ਕੁਲਦੀਪ ਸਿੰਘ ਸੇਖੋਂ ਨੇ ਕਿਹਾ ਕਿ 225 ਪਾਵਨ ਸਰੂਪ ਸਮੁੰਦਰੀ ਰਸਤੇ ਲਗਭਗ ਦੋ ਤੋਂ ਤਿੰਨ ਮਹੀਨੇ ਤੱਕ ਕੰਟੇਨਰ ਵਿੱਚ ਰਹੇ ਅਤੇ ਬਾਅਦ ਵਿੱਚ ਬੰਦਰਗਾਹ ਤੋਂ ਗੁਰਦੁਆਰਾ ਸਾਹਿਬ ਤੱਕ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਜੇਕਰ 52 ਸੀਟਾਂ ਵਾਲੀ ਬੱਸ ਵਿੱਚ 225 ਪਾਵਨ ਸਰੂਪ ਲਿਆਂਦੇ ਗਏ ਤਾਂ ਉਨ੍ਹਾਂ ਨੂੰ ਕਿਸ ਤਰੀਕੇ ਨਾਲ ਰੱਖਿਆ ਗਿਆ।
ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਪਾਵਨ ਸਰੂਪਾਂ ਨੂੰ ਅਲਮਾਰੀ-ਨੁਮਾ ਰੈਕਾਂ ਵਿੱਚ ਰੱਖਿਆ ਗਿਆ ਅਤੇ ਇਸ ਸਬੰਧੀ ਸੰਗਤਾਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਨਾ ਤਾਂ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਬਾਰੇ ਤਸੱਲੀਬਖ਼ਸ਼ ਸਪੱਸ਼ਟੀਕਰਨ ਦਿੱਤਾ ਗਿਆ, ਜਿਸ ਕਾਰਨ ਸੰਗਤਾਂ ਵਿੱਚ ਰੋਸ ਹੈ।
ਸਤਿਕਾਰ ਕਮੇਟੀ ਦੇ ਆਗੂਆਂ ਅਨੁਸਾਰ, ਜਦੋਂ ਇਸ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਪਾਵਨ ਸਰੂਪ ਤਿਆਰ ਹੁੰਦੇ ਹਨ, ਉੱਥੇ ਵੀ ਉਨ੍ਹਾਂ ਨੂੰ ਰੈਕਾਂ ਵਿੱਚ ਹੀ ਰੱਖਿਆ ਜਾਂਦਾ ਹੈ। ਇਸ ਦੇ ਜਵਾਬ ਵਿੱਚ ਸੰਗਤਾਂ ਦਾ ਕਹਿਣਾ ਸੀ ਕਿ ਪਾਵਨ ਸਰੂਪਾਂ ਦੇ ਸਤਿਕਾਰ ਅਤੇ ਪ੍ਰਬੰਧ ਦੀ ਜ਼ਿੰਮੇਵਾਰੀ ਸੰਬੰਧਿਤ ਪ੍ਰਬੰਧਕ ਸੰਸਥਾਵਾਂ ਦੀ ਬਣਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰੋਸ ਮਾਰਚ ਦੇ ਐਲਾਨ ਤੋਂ ਬਾਅਦ ਕੁਝ ਧਾਰਮਿਕ ਆਗੂਆਂ ਵੱਲੋਂ ਇਸ ਮਸਲੇ ਨੂੰ ਗੱਲਬਾਤ ਰਾਹੀਂ ਟਾਲਣ ਅਤੇ ਰੋਸ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਤਿਕਾਰ ਕਮੇਟੀ ਦਾ ਕਹਿਣਾ ਹੈ ਕਿ ਜਦੋਂ ਵੀ ਸਤਿਕਾਰ ਨਾਲ ਜੁੜਿਆ ਕੋਈ ਮਸਲਾ ਉਠਦਾ ਹੈ ਤਾਂ ਉਸ ਦਾ ਸਮੇਂ ਸਿਰ ਅਤੇ ਸਪੱਸ਼ਟ ਹੱਲ ਨਹੀਂ ਕੀਤਾ ਜਾਂਦਾ ਅਤੇ ਆਮ ਸਿੱਖਾਂ ਦੀ ਆਵਾਜ਼ ਨੂੰ ਵੀ ਯੋਗ ਮਹੱਤਵ ਨਹੀਂ ਦਿੱਤਾ ਜਾਂਦਾ।
ਸਤਿਕਾਰ ਕਮੇਟੀ ਅਨੁਸਾਰ, ਬੀ.ਸੀ. ਵਿੱਚ ਵੱਡੀ ਗਿਣਤੀ ਵਿੱਚ ਗ੍ਰੰਥੀ ਸਿੰਘ, ਰਾਗੀ ਸਿੰਘ, ਕਥਾਵਾਚਕ, ਢਾਡੀ ਜਥੇ ਅਤੇ ਹੋਰ ਪ੍ਰਚਾਰਕ ਸੇਵਾ ਨਿਭਾ ਰਹੇ ਹਨ, ਪਰ ਰੋਸ ਮਾਰਚ ਵਿੱਚ ਬਹੁਤ ਘੱਟ ਧਾਰਮਿਕ ਪ੍ਰਚਾਰਕ ਸ਼ਾਮਲ ਹੋਏ। ਉਨ੍ਹਾਂ ਦੇ ਦਾਅਵੇ ਮੁਤਾਬਕ, ਰੋਸ ਮਾਰਚ ਵਿੱਚ ਲਗਭਗ 250 ਤੋਂ 300 ਸੰਗਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਦਮਦਮੀ ਟਕਸਾਲ ਨਾਲ ਸਬੰਧਤ ਸਿੰਘ, ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ, ਸਤਿਕਾਰ ਕਮੇਟੀ ਦੇ ਮੈਂਬਰ, ਬੀਬੀਆਂ, ਬੱਚੇ ਅਤੇ ਹੋਰ ਸੰਗਤਾਂ ਸ਼ਾਮਲ ਸਨ। ਮਾਰਚ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੀਆਂ ਹੋਈਆਂ ਸੰਗਤਾਂ ਨੇ ਲਗਭਗ ਡੇਢ ਘੰਟੇ ਤੱਕ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਮੰਗ-ਪੱਤਰ ਵੀ ਸੌਂਪਿਆ। ਸਤਿਕਾਰ ਕਮੇਟੀ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ‘ਤੇ ਸੰਤੁਸ਼ਟੀਜਨਕ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਦੂਜੇ ਪਾਸੇ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਜੁਲਾਈ 2026 ਨੂੰ ਜਾਰੀ ਕੀਤੇ ਆਦੇਸ਼ਾਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਕਿਸੇ ਵੀ ਵਿਵਾਦ ਨੂੰ ਹੋਰ ਵਧਾਉਣਾ ਨਹੀਂ ਚਾਹੁੰਦੀ। ਕਮੇਟੀ ਅਨੁਸਾਰ, 19 ਜੁਲਾਈ ਦੀ ਸਵੇਰ ਬੀ.ਸੀ. ਗੁਰਦੁਆਰਾ ਕੌਂਸਲ ਦੇ ਤਿੰਨ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਪਾਵਨ ਸਰੂਪਾਂ ਦੇ ਦਰਸ਼ਨਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਕਮੇਟੀ ਦਾ ਕਹਿਣਾ ਹੈ ਕਿ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਵੱਧ ਰੁਝੇਵਾਂ ਹੋਣ ਕਾਰਨ ਇਹ ਸਹਿਮਤੀ ਬਣੀ ਸੀ ਕਿ ਉਸੇ ਦਿਨ ਦੁਪਹਿਰ 3 ਵਜੇ ਕੌਂਸਲ ਦੇ ਪੰਜ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਭੇਜੇ ਗਏ ਪੰਜ ਗ੍ਰੰਥੀ ਸਿੰਘਾਂ ਨੂੰ ਪਹਿਲੇ ਪੜਾਅ ਵਿੱਚ 5 ਤੋਂ 7 ਪਾਵਨ ਸਰੂਪਾਂ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਬਾਕੀ ਸਰੂਪਾਂ ਦੇ ਦਰਸ਼ਨ ਅਗਲੇ ਹਫ਼ਤੇ ਦੌਰਾਨ ਕਰਵਾ ਦਿੱਤੇ ਜਾਣਗੇ।
ਪ੍ਰਬੰਧਕ ਕਮੇਟੀ ਨੇ ਦਾਅਵਾ ਕੀਤਾ ਕਿ ਇਸ ਸਹਿਮਤੀ ਦੇ ਬਾਵਜੂਦ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਉਸ ਨੇ ਮੰਦਭਾਗਾ ਕਰਾਰ ਦਿੱਤਾ। ਕਮੇਟੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੇ ਹੱਲ ਲਈ ਸੰਵਾਦ ਦੀ ਪੱਖਧਰ ਹੈ ਅਤੇ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰ ਰਹੀ ਹੈ।
ਫਿਲਹਾਲ ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਆਪਣੇ-ਆਪਣੇ ਦਾਅਵਿਆਂ ‘ਤੇ ਕਾਇਮ ਹਨ। ਇੱਕ ਪਾਸੇ ਸਤਿਕਾਰ ਕਮੇਟੀ ਪਾਵਨ ਸਰੂਪਾਂ ਦੇ ਸਤਿਕਾਰ ਅਤੇ ਪ੍ਰਬੰਧ ਨੂੰ ਲੈ ਕੇ ਸਵਾਲ ਉਠਾ ਰਹੀ ਹੈ, ਜਦਕਿ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਉਹ ਸਾਰੇ ਧਾਰਮਿਕ ਮਰਿਆਦਾ ਅਤੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪਾਰਦਰਸ਼ੀ ਢੰਗ ਨਾਲ ਕਾਰਵਾਈ ਕਰ ਰਹੀ ਹੈ।
