ਬਰੈਂਪਟਨ ( ਸੇਖਾ)- ਓਨਟਾਰੀਓ ਦੇ ਬਰਲਿੰਗਟਨ ਸ਼ਹਿਰ ਵਿੱਚ ਇੱਕ 25 ਸਾਲਾ ਉਬਰ ਡਰਾਈਵਰ ਖ਼ਿਲਾਫ਼ ਇੱਕ ਹੀ ਮਹਿਲਾ ਨਾਲ ਇੱਕੋ ਦਿਨ ਦੋ ਵਾਰ ਜਿਨਸੀ ਹਮਲਾ ਕਰਨ ਦੇ ਗੰਭੀਰ ਦੋਸ਼ਾਂ ਮਗਰੋਂ ਸਨਸਨੀ ਫੈਲ ਗਈ ਹੈ। ਹਾਲਟਨ ਰਿਜਨਲ ਪੁਲੀਸ ਸਰਵਿਸ ਨੇ ਐਟੋਬਿਕੋਕ ਦੇ ਰਹਿਣ ਵਾਲੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਜਿਨਸੀ ਹਮਲੇ ਦੇ ਦੋ ਮਾਮਲੇ ਦਰਜ ਕੀਤੇ ਹਨ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਕਥਿਤ ਘਟਨਾ ਦੇ ਸਮੇਂ ਉਹ ਉਬਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।ਪੁਲੀਸ ਅਨੁਸਾਰ ਇਹ ਘਟਨਾ 16 ਜੂਨ 2026 ਨੂੰ ਸ਼ਾਮ ਕਰੀਬ 5:15 ਵਜੇ ਬਰਲਿੰਗਟਨ ਸਟੇਸ਼ਨ ਦੇ ਦੱਖਣੀ ਪਾਰਕਿੰਗ ਲਾਟ ਵਿੱਚ ਵਾਪਰੀ। ਜਾਂਚ ਮੁਤਾਬਕ ਮੁਲਜ਼ਮ ਨੇ ਪਹਿਲਾਂ ਮਹਿਲਾ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਫਿਰ ਉਸ ਉੱਤੇ ਜਿਨਸੀ ਹਮਲਾ ਕੀਤਾ। ਪੀੜਤਾ ਮੌਕੇ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਈ, ਪਰ ਪੁਲੀਸ ਦਾ ਦੋਸ਼ ਹੈ ਕਿ ਮਨਦੀਪ ਸਿੰਘ ਨੇ ਉਸ ਦਾ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ’ਤੇ ਸਥਿਤ ਇੱਕ ਕਾਰੋਬਾਰੀ ਅਦਾਰੇ ਵਿੱਚ ਪਹੁੰਚ ਕੇ ਉਸ ਨਾਲ ਦੂਜੀ ਵਾਰ ਵੀ ਜਿਨਸੀ ਹਮਲਾ ਕੀਤਾ। ਹਾਲਾਂਕਿ, ਇਸ ਘਟਨਾ ਵਿੱਚ ਪੀੜਤਾ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ।
