Aug 3, 2026

featured-img

ਨਵੀ ਦਿੱਲੀ ( ਏਜੰਸ਼ੀਆਂ)- ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਵਿਨੇਸ਼ ਫ਼ੋਗਾਟ ਸਮੇਤ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (ਡਬਲਯੂ.ਐੱਫ.ਆਈ.) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਆਧਾਰ ’ਤੇ ਬਰੀ ਕਰ ਦਿੱਤਾ ਹੈ।

ਸਾਬਕਾ ਭਾਜਪਾ ਸੰਸਦ ਮੈਂਬਰ ਤੋਂ ਇਲਾਵਾ ਵਧੀਕ ਮੁੱਖ ਜੁਡੀਸ਼ੀਅਲ ਮਜਿਸਟ੍ਰੇਟ ਅਸ਼ਵਨੀ ਪਵਾਰ ਨੇ 2023 ਦੇ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਡਬਲਯੂ.ਐੱਫ.ਆਈ. ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਬਰੀ ਕਰ ਦਿੱਤਾ।ਦੂਜੇ ਪਾਸੇ ਫ਼ੋਗਾਟ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਲਈ ਨਿਰਦੇਸ਼ ਦਿੱਤੇ ਹਨ ਅਤੇ ਇਸ ਨੂੰ ਜਲਦੀ ਤੋਂ ਜਲਦੀ ਦਾਇਰ ਕੀਤਾ ਜਾਵੇਗਾ। ਵਕੀਲ ਨੇ ਕਿਹਾ ਬੰਦ ਕਮਰੇ (ਇਨ-ਕੈਮਰਾ) ਦੀ ਕਾਰਵਾਈ ਵਿੱਚ ਫ਼ੈਸਲਾ ਸੁਣਾਉਂਦਿਆਂ, ਜੱਜ ਨੇ ਸਬੂਤਾਂ ਦੀ ਘਾਟ, ਗਵਾਹਾਂ ਦੇ ਅਸੰਗਤ ਅਤੇ ਵਿਰੋਧੀ ਬਿਆਨਾਂ ਦਾ ਹਵਾਲਾ ਦਿੱਤਾ।

ਰਾਜੀਵ ਮੋਹਨ ਨੇ ਕਿਹਾ ਕਿ ਅਦਾਲਤ ਨੇ “ਅਸੰਗਤਤਾਵਾਂ, ਵਿਰੋਧਾਭਾਸਾਂ (ਗਵਾਹਾਂ ਦੇ ਬਿਆਨਾਂ ਵਿੱਚ), ਅਸੰਭਵਤਾ ਦੇ ਆਧਾਰ” ਬਾਰੇ ਉਨ੍ਹਾਂ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਦੇ ਮੁਖੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

ਸੀਨੀਅਰ ਵਕੀਲ ਰੇਬੇਕਾ ਜੋਨ੍ਹ ਜੋ ਚਾਰ ਮਹਿਲਾਵਾਂ ਵੱਲੋਂ ਪੇਸ਼ ਹੋਈ ਸੀ, ਨੇ ਇਸ ਟਿੱਪਣੀ ’ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ, “ਉਹ ਇਸ ਸਿੱਟੇ ’ਤੇ ਕਿਵੇਂ ਪਹੁੰਚ ਸਕਦੇ ਹਨ ਕਿ ਅਦਾਲਤ ਨੇ ਸ਼ਿਕਾਇਤਕਰਤਾ ਪੀੜਤਾਂ ਦੁਆਰਾ ਅਸੰਗਤਤਾਵਾਂ ਦੇ ਆਧਾਰ ’ਤੇ ਬ੍ਰਿਜ ਭੂਸ਼ਣ ਸਿੰਘ ਨੂੰ ਬਰੀ ਕਰ ਦਿੱਤਾ ਜਦੋਂ ਆਦੇਸ਼ ਉਪਲਬਧ ਨਹੀਂ ਹੈ… ਅਤੇ ਅਸੀਂ ਸਾਰੇ ਆਦੇਸ਼ ਦੀ ਉਡੀਕ ਕਰ ਰਹੇ ਹਾਂ?” ਉਨ੍ਹਾਂ ਦੱਸਿਆ, “ਦੂਜਾ, ਵਿਸਤ੍ਰਿਤ ਬਹਿਸ ਹੋਈ ਸੀ ਜਿੱਥੇ ਮੈਂ ਬਚਾਅ ਪੱਖ ਦੀਆਂ ਦਲੀਲਾਂ ਦਾ ਖੰਡਨ ਕਰਦਿਆਂ ਇਹ ਦਿਖਾਇਆ ਸੀ ਕਿ ਅਸੰਗਤਤਾਵਾਂ ਮਾਮੂਲੀ ਪ੍ਰਕਿਰਤੀ ਦੀਆਂ ਸਨ ਅਤੇ ਗਵਾਹਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਨ।” ਜੋਨ੍ਹ ਨੇ ਬਰੀ ਕਰਨ ਦੇ ਫ਼ੈਸਲੇ ਨੂੰ “ਡੂੰਘੀ ਤਰ੍ਹਾਂ ਪ੍ਰੇਸ਼ਾਨ ਕਰਨ ਵਾਲਾ” ਕਰਾਰ ਦਿੱਤਾ। ਬ੍ਰਿਜ ਭੂਸ਼ਨ ਸਿੰਘ ਨੇ ਕਿਹਾ ਕਿ ਅਦਾਲਤ ਨੇ ਉਸ ਨੂੰ ਅਤੇ ਤੋਮਰ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ।

ਕੋਰਟ ਰੂਮ ਤੋਂ ਬਾਹਰ ਆਉਂਦਿਆਂ ਉਨ੍ਹਾਂ ਕਿਹਾ, “ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਜ ਦੋਸ਼ ਸੱਚ ਹਨ, ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਟਕਾ ਲਵਾਂਗਾ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ। ਇਹ ਮੇਰੇ ਲਈ ਚੰਗੀ ਖ਼ਬਰ ਹੈ ਅਤੇ ਮੇਰੇ ਸਮਰਥਕਾਂ ਲਈ ਚੰਗੀ ਖ਼ਬਰ ਹੈ। ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ।” ਖੇਡ ਜਗਤ ਨੂੰ ਹਿਲਾ ਦੇਣ ਵਾਲੇ ਇਹ ਦੋਸ਼ ਅਪਰੈਲ-ਮਈ 2023 ਵਿੱਚ ਸਾਹਮਣੇ ਆਏ ਸਨ ਜਦੋਂ ਮਹਿਲਾ ਪਹਿਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕੀਤਾ ਸੀ ਅਤੇ ਤਦ ਡਬਲਯੂ.ਐੱਫ.ਆਈ. ਦੇ ਮੁਖੀ ਰਹੇ ਸਿੰਘ ’ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਫ਼ੋਗਾਟ, ਪਹਿਲਵਾਨ ਸਾਖ਼ਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੇ ਨਾਲ, 36 ਦਿਨਾਂ ਦੇ ਧਰਨੇ ਦਾ ਚਿਹਰਾ ਸਨ। ਫ਼ੋਗਾਟ ਅਤੇ ਪੂਨੀਆ ਨੇ ਆਪਣੇ ਐਕਸ (X) ਹੈਂਡਲਜ਼ ’ਤੇ ਉਹੀ ਬਿਆਨ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਨੇ ਉਮੀਦ ਨਹੀਂ ਛੱਡੀ ਹੈ ਅਤੇ ਆਪਣੀ ਲੜਾਈ ਜਾਰੀ ਰੱਖਣਗੇ। ਬਿਆਨ ਅਨੁਸਾਰ, “ਸ਼ੁਰੂ ਤੋਂ ਹੀ, ਪੂਰਾ ਪ੍ਰਸ਼ਾਸਨ, ਸਰਕਾਰ ਅਤੇ ਸਿਸਟਮ ਬ੍ਰਿਜ ਭੂਸ਼ਣ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।’’

ਪਬਲਿਕ ਪ੍ਰੌਸੀਕਿਊਟਰ ਮਨੀਸ਼ ਰਾਵਤ ਨੇ ਕਿਹਾ ਕਿ ਵਿਸਤ੍ਰਿਤ ਆਦੇਸ਼ ਦੀ ਜਾਂਚ ਕਰਨ ਤੋਂ ਬਾਅਦ ਉੱਚ ਅਦਾਲਤਾਂ ਲਈ “ਯੋਗ ਕਾਰਵਾਈ” ਕੀਤੀ ਜਾਵੇਗੀ। ਪ੍ਰੌਸੀਕਿਊਸ਼ਨ ਮਜਿਸਟ੍ਰੇਟ ਦੀ ਅਦਾਲਤ ਦੇ ਫ਼ੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦੇ ਸਕਦਾ ਹੈ।

Leave a Reply

Your email address will not be published. Required fields are marked *