ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਸੋਹਣ ਸਿੰਘ ਪੂੰਨੀ ਦੀਆਂ ਕਈ ਕਿਤਾਬਾਂ ਪਾਠਕਾਂ ਦੇ ਸਨਮੁੱਖ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚ ਕੈਨੇਡਾ ਦੇ ਗ਼ਦਰੀ ਯੋਧੇ ਬਹੁਤ ਪ੍ਰਸਿੱਧ ਹੋਈ ਸੀ ਜੋਕਿ ਉਨ੍ਹਾਂ ਨੇ ਬਹੁਤ ਖੋਜ ਦੇ ਆਧਾਰ ਤੇ ਲਿਖੀ ਸੀ। ਮੇਵਾ ਸਿੰਘ ਲੋਪੋਕੇ ਦੀ ਕਿਤਾਬ ਵੀ ਬਹੁਤ ਤੱਥਾਂ ਸਹਿਤ ਪਾਠਕਾਂ ਦੇ ਰੂ-ਬਰੂ ਪੇਸ਼ ਕੀਤੀ ਸੀ। ਇਸ ਸਾਲ ਅਮਰੀਕਾ ਦੇ ਗ਼ਦਰੀ ਯੋਧੇ ਪੁਸਤਕ ਲਿਖੀ ਹੈ ਜਿਸ ਦੀਆਂ ਦੋ ਕਾਪੀਆਂ ਸਭ ਤੋਂ ਪਹਿਲਾਂ ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੀਆਂ ਹਨ। ਉਨ੍ਹਾਂ ਦੀ ਸਿਹਤ ਬਹੁਤੀ ਠੀਕ ਨਾ ਹੋਣ ਦੇ ਬਾਵਜੂਦ ਵੀ ਉਹ ਆਪ ਚੱਲ ਕੇ ਆਏ ਤੇ ਐਤਵਾਰ 2 ਅਗਸਤ ਨੂੰ ਕਿਤਾਬਾਂ ਭੇਟ ਕੀਤੀਆਂ ਜਿਸ ਵਿਚ 25 ਗ਼ਦਰੀ ਬਾਬਿਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਅਮਰੀਕਾ ਤੋਂ ਭਾਰਤ ਜਾ ਕੇ ਆਜ਼ਾਦੀ ਵਾਸਤੇ ਜੇਲਾ ਕੱਟੀਆਂ, ਕਾਲੇ ਪਾਣੀਆਂ ਦੀਆਂ ਸਜਾਵਾਂ ਆਪਣੇ ਪਿੰਡੇ ਤੇ ਹੰਢਾਈਆਂ ਉਨ੍ਹਾਂ ਦਾ ਜ਼ਿਕਰ ਹੈ। ਗਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ, ਸਕੱਤਰ ਲਾਲਾ ਹਰਦਿਆਲ, ਕੇਸਰ ਸਿੰਘ ਠਠਗੜ ਤੋਂ ਇਲਾਵਾ 22 ਹੋਰ ਗਦਰੀਆਂ ਦਾ ਜ਼ਿਕਰ ਹੈ। ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਸੋਹਣ ਸਿੰਘ ਪੂੰਨੀ ਤੇ ਉਨ੍ਹਾਂ ਦੀ ਧਰਮ-ਪਤਨੀ ਵਿਨੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੰਗਤਾਂ ਨੂੰ ਕੈਨੇਡਾ ਤੇ ਅਮਰੀਕਾ ਦੇ ਗ਼ਦਰੀ ਬਾਬਿਆਂ ਦੀ ਯਾਦ ਤਾਜ਼ਾ ਕਰਵਾਈ ਹੈ। ਇਨ੍ਹਾਂ ਗਦਰੀਆਂ ਦਾ ਸਬੰਧ ਖ਼ਾਲਸਾ ਦੀਵਾਨ ਸੁਸਾਇਟੀ ਨਾਲ ਹੀ ਰਿਹਾ ਹੈ। ਸਭ ਤੋਂ ਪਹਿਲੇ ਤੇ ਮੋਢੀ ਹੋਣ ਕਰ ਕੇ ਸਾਰਾ ਇਤਿਹਾਸ ਇਸ ਦੁਆਲੇ ਹੀ ਘੁੰਮਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਠੀਕ ਰਹੀ ਤਾਂ ਹਾਲੇ ਲਗ-ਪਗ ਸੌ ਗਦਰੀਆਂ ਦਾ ਜ਼ਿਕਰ ਹਾਲੇ ਬਾਕੀ ਹੈ ਜਿਨ੍ਹਾਂ ਨੇ ਅਮਰੀਕਾ ਤੋ ਜਾ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਤਸੀਹੇ ਤੇ ਫਾਂਸੀ ਦੇ ਰੱਸੇ ਚੁੰਮੇ। ਜਿਨ੍ਹਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਇਸ ਮਾਣ ਮਤੇ ਇਤਿਹਾਸ ਤੋਂ ਜਾਣੂੰ ਹੋ ਸਕਣ।
