Sep 12, 2026
ਐਡਮਿੰਟਨ ( ਗੁਰਪ੍ਰੀਤ ਸਿੰਘ)-  ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ 48 ਸਾਲਾ ਪੰਜਾਬੀ ਕਾਰੋਬਾਰੀ ਸੁਖਜੀਤ ਰੰਧਾਵਾ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਹੈ।
ਜਾਣਕਾਰੀ ਅਨੁਸਾਰ ਇਹ ਵਾਰਦਾਤ ਸ਼ਹਿਰ ਦੇ 112 ਐਵਿਨਿਊ ਅਤੇ 82 ਸਟਰੀਟ ਨੇੜੇ ਸਥਿਤ ਇੱਕ ਸਟ੍ਰਿਪ ਮਾਲ ਵਿੱਚ ਵਾਪਰੀ। ਸੁਖਜੀਤ ਰੰਧਾਵਾ ਆਪਣੇ ਸ਼ਰਾਬ ਦੇ ਸਟੋਰ ‘ਤੇ ਮੌਜੂਦ ਸੀ, ਜਦੋਂ ਇੱਕ ਵਿਅਕਤੀ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਬਿਨਾਂ ਭੁਗਤਾਨ ਕੀਤੇ ਫ਼ਰਾਰ ਹੋਣ ਲੱਗਾ। ਇਸ ਦੌਰਾਨ ਰੰਧਾਵਾ ਨੇ ਸੂਝ-ਬੂਝ ਨਾਲ ਸਟੋਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਜੋ ਲੁਟੇਰਾ ਬਾਹਰ ਨਾ ਨਿਕਲ ਸਕੇ। ਪੁਲੀਸ ਮੁਤਾਬਕ ਆਪਣੇ ਆਪ ਨੂੰ ਘਿਰਿਆ ਦੇਖ ਕੇ ਮੁਲਜ਼ਮ ਨੇ ਰੰਧਾਵਾ ‘ਤੇ ਹਿੰਸਕ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਐਡਮਿੰਟਨ ਪੁਲੀਸ ਨੇ 22 ਸਾਲਾ ਨਿਕੋਲਸ ਬਟਲਰ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਦੇ ਦੋਸਤ ਅਤੇ ਸਥਾਨਕ ਕਾਰੋਬਾਰੀ ਰਵੀ ਪ੍ਰਕਾਸ਼ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਪਰਿਵਾਰ ਦਾ ਨੁਕਸਾਨ ਨਹੀਂ, ਸਗੋਂ ਪੂਰੇ ਕਾਰੋਬਾਰੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਅਕਸਰ ਚੋਰੀ, ਧਮਕੀਆਂ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ।
featured-img