ਸਾਬਕਾ ਕੌਂਸਲਰ ਵੀਰਾ ਲੀਫਰੈਂਕ ਤੇ ਮਾਈਕਲ ਡੰਨ ਨੂੰ ਟੀਮ ਵਿਚ ਸ਼ਾਮਿਲ ਕੀਤਾ-
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਕੁਨੈਕਟ ਦੀ ਆਗੂ ਤੇ ਮੇਅਰ ਬਰੈਂਡਾ ਲੌਕ ਨੇ ਅਕਤੂਬਰ ਵਿਚ ਹੋਣ ਜਾ ਰਹੀਆਂ ਸਿਟੀ ਕੌਂਸਲ ਚੋਣਾਂ ਲਈ ਆਪਣੇ ਦੋ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਉਹਨਾਂ ਸਰੀ ਦੇ ਰਿਫਲੈਕਸ਼ਨ ਬੈਂਕੁਇਟ ਹਾਲ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਸਿਟੀ ਕੌੰਸਲਰ ਵੀਰਾ ਲੀਫਰੈਂਕ ਅਤੇ ਮਾਈਕਲ ਡੰਨ ਨੂੰ ਆਪਣੀ ਪਾਰਟੀ ਦੇ ਟੀਮ ਮੈਂਬਰ ਵਜੋ ਐਲਾਨ ਕਰਦਿਆਂ ਦੋਵਾਂ ਦੀ ਜਾਣ ਪਹਿਚਾਣ ਕਰਵਾਈ। ਇਸ ਤਰਾਂ ਸਰੀ ਕੁਨੈਕਟ ਦੀ ਮੁਕੰਮਲ ਟੀਮ ਹੁਣ ਚੋਣ ਮੈਦਾਨ ਵਿਚ ਆ ਗਈ ਹੈ। ਇਸਤੋਂ ਪਹਿਲਾਂ ਮੇਅਰ ਬਰੈਂਡਾ ਲੌਕ ਤੋਂ ਇਲਾਵਾ ਮੌਜੂਦਾ ਕੌਂਸਲਰ ਰੌਬ ਸਟੱਟ, ਹੈਰੀ ਬੈਂਸ, ਪਰਦੀਪ ਕੂਨਰ, ਗੋਰਡਨ ਹੈਪਨਰ, ਨੋਇਮੀ ਵਿਕਟੋਰੀਨੋ ਤੇ ਰੋਨਾ ਟੈਪਰ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਅੱਜ ਐਲਾਨੇ ਗਏ ਉਮੀਦਵਾਰਾਂ ਵਿਚ ਵੀਰਾ ਲੀਫ੍ਰੈਂਕ ਇਕ ਸਾਬਕਾ ਕੌਂਸਲਰ ਹੈ ਜੋ ਪਹਿਲੀ ਵਾਰ 2014 ਵਿਚ ਚੁਣੀ ਗਈ ਸੀ। ਉਸਨੇ ਬਿਜਨੈਸ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਰਿਹਾਇਸ਼, ਸਿਹਤ ਸੇਵਾਵਾਂ ਅਤੇ ਵਪਾਰਕ ਉੱਦਮਾਂ ‘ਤੇ ਕੇਂਦ੍ਰਿਤ ਸੰਗਠਨਾਂ ਦੇ ਸੀਈਓ, ਸੀਓਓ ਅਤੇ ਕਾਰਜਕਾਰੀ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾਈਆਂ ਹਨ । ਸਰੀ ਕੁਨੈਕਟ ਦੀ ਟੀਮ ਵਿਚ ਸ਼ਾਮਿਲ ਹੋਣ ਤੇ ਉਹਨਾਂ ਆਪਣੇ ਸੰਬੋਧਨ ਵਿਚ ਮੇਅਰ ਬਰੈਂਡਾ ਲੌਕ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੈਂ ਪਿਛਲੇ ਚਾਰ ਸਾਲਾਂ ਵਿੱਚ ਮੇਅਰ ਬ੍ਰੇਂਡਾ ਲੌਕ ਅਤੇ ਸਰੀ ਕੁਨੈਕਟ-ਅਗਵਾਈ ਵਾਲੀ ਕੌਂਸਲ ਨੂੰ ਜੀਅ ਲਗਾਕੇ ਕੰਮ ਕਰਦੇ ਦੇਖਿਆ ਹੈ। ਉਹਨਾਂ ਸਰੀ ਕੁਨੈਕਟ ਵਿਚ ਸ਼ਾਮਿਲ ਹੋਣ ਦੇ ਸਵਾਲ ਤੇ ਕਿਹਾ ਕਿ ਕੁਝ ਲੋਕ ਪੁੱਛ ਸਕਦੇ ਹਨ ਕਿ ਮੈਂ ਸਰੀ ਕੁਨੈਕਟ ਵਲੋਂ ਕਿਉਂ ਚੋਣ ਲੜ ਰਹੀ ਹਾਂ ਅਤੇ ਸਰੀ ਫਸਟ ਨਾਲ ਕਿਉਂ ਨਹੀਂ। ਉਹਨਾਂ ਸਪੱਸ਼ਟ ਕੀਤਾ ਕਿ ਕੌਂਸਲਰ ਲਿੰਡਾ ਐਨਿਸ ਦੀ ਅਗਵਾਈ ਹੇਠ, ਸਰੀ ਫਸਟ ਹੁਣ ਡਾਇਨਾ ਵਾਟਸ ਜਾਂ ਲਿੰਡਾ ਹੈਪਨਰ ਦੀ ਪਾਰਟੀ ਨਹੀਂ ਰਹੀ। ਇਹ ਹੁਣ ਉਹ ਪਾਰਟੀ ਨਹੀਂ ਰਹੀ ਜਿਸ ਤਰਫੋਂ ਮੈਂ 2014 ਵਿੱਚ ਚੋਣ ਲੜੀ ਸੀ।ਉਹਨਾਂ ਹੋਰ ਕਿਹਾ ਕਿ ਮੇਅਰ ਬ੍ਰੇਂਡਾ ਅਤੇ ਉਸਦੀ ਟੀਮ ਸਰੀ ਲਈ ਵਧੀਆ ਕੰਮ ਕਰ ਰਹੀ ਹੈ। ਨਿਊਟਨ ਕਮਿਊਨਿਟੀ ਸੈਂਟਰ ਵਰਗੇ ਪ੍ਰਮੁੱਖ ਕਮਿਊਨਿਟੀ ਬੁਨਿਆਦੀ ਢਾਂਚੇ ‘ਤੇ ਧਿਆਨ ਕੇਂਦਰਤ ਹੈ । ਨਿਊਟਨ ਅਤੇ ਸਾਰੇ ਸਰੀ ਲਈ ਇੱਕ ਨਵਾਂ ਪੂਲ, ਲਾਇਬ੍ਰੇਰੀ ਅਤੇ ਹੋਰ ਬਹੁਤ ਕੁਝ ਪ੍ਰਦਾਨ ਕਰ ਰਹੀ ਹੈ। ਮੇਅਰ ਲੌਕ ਨੇ ਆਪਣੇ ਆਪ ਨੂੰ ਇੱਕ ਨੇਤਾ ਵਜੋਂ ਸਾਬਤ ਕੀਤਾ ਹੈ। ਉਸਨੇ ਸਖ਼ਤ ਫੈਸਲੇ ਲਏ ਹਨ, ਉਸਨੇ ਆਪਣੇ ਭਾਈਚਾਰੇ ਲਈ ਕੁਝ ਕਰਕੇ ਦਿਖਾਇਆ ਹੈ। ਉਸਨੇ ਇੱਕ ਪ੍ਰਤਿਭਾਸ਼ਾਲੀ ਟੀਮ ਦੀ ਅਗਵਾਈ ਕੀਤੀ ਹੈ ਜਿਸਨੇ ਸਰੀ ਲਈ ਕੰਮ ਕੀਤਾ ਹੈ। ਮੈਂ ਉਨ੍ਹਾਂ ਨਾਲ ਜੁੜਨ ਅਤੇ ਇਸ ਕੰਮ ਨੂੰ ਜਾਰੀ ਰੱਖਣ ਲਈ ਤਿਆਰ ਹਾਂ।
ਦੂਸਰਾ ਉਮੀਦਵਾਰ ਮਾਈਕਲ ਡੰਨ ਲੰਬੇ ਸਮੇਂ ਤੋਂ ਸਰੀ ਦਾ ਵਸਨੀਕ ਹੈ ਜਿਸਨੇ ਅਰਥ ਸ਼ਾਸਤਰ ਅਤੇ ਕਾਨੂੰਨ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਲੰਬਾ ਸਮਾਂ ਸਫਲ ਵਕਾਲਤ ਕਰਨ ਉਪਰੰਤ ਅੱਜਕੱਲ ਉਹ ਸਾਊਥ ਸਰੀ ਵਿਚ ਇਕ ਰੀਐਲਟਰ ਵਜੋਂ ਵਿਚਰ ਰਿਹਾ ਹੈ। ਇਸ ਮੌਕੇ ਡੰਨ ਨੇ ਸਰੀ ਕੁਨੈਕਟ ਦੀ ਤਰਫੋਂ ਉਮੀਦਵਾਰ ਬਣਨ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਸਨੇ ਪਿਛਲੇ ਚਾਰ ਸਾਲਾਂ ਵਿੱਚ ਸਰੀ ਕੁਨੈਕਟ ਦੁਆਰਾ ਸਰੀ ਦੇ ਨਿਰਮਾਣ ਵਿੱਚ ਕੀਤੇ ਗਏ ਕੰਮ ਨੂੰ ਦੇਖਿਆ ਹੈ। ਇਹ ਸਪੱਸ਼ਟ ਹੈ ਕਿ ਉਨ੍ਹਾਂ ਕੋਲ ਸਰੀ ਲਈ ਕੰਮ ਜਾਰੀ ਰੱਖਣ ਦੀ ਯੋਜਨਾ ਹੈ। 560 ਜਨਤਕ ਸੁਰੱਖਿਆ ਕਰਮਚਾਰੀਆਂ ਨੂੰ ਨਿਯੁਕਤ ਕਰਨਾ, ਇੱਕ ਨਵਾਂ 15-ਏਕੜ ਵਿਚ ਪੁਲਿਸ ਸਿਖਲਾਈ ਕੈਂਪਸ ਬਣਾਉਣਾ ਅਤੇ ਸਾਊਥ ਸਰੀ ਵਿੱਚ ਇੱਕ ਨਵਾਂ ਆਈਸ ਐਰੀਨਾ ਬਣਾਉਣਾ ਸ਼ਾਮਿਲ ਹੈ। ਉਹਨਾਂ ਬਰੈਂਡਾ ਦੀ ਅਗਵਾਈ ਹੇਠ ਭਰੋਸਾ ਪ੍ਰਗਟ ਕਰਦਿਆਂ ਕਿਹਾ ਉਹਨਾਂ ਦੀ ਅਗਵਾਈ ਵਾਲੀ ਟੀਮ ਪਾਰਦਰਸ਼ਤਾ ਅਤੇ ਨੈਤਿਕਤਾ ਨਾਲ ਸਰੀ ਦੀ ਸੇਵਾ ਵਿਚ ਹਾਜ਼ਰ ਹੈ। ਇਸ ਲਈ ਮੈਂ ਉਹਨਾਂ ਦੇ ਨਾਲ ਹਾਂ ਤੇ ਅਸੀਂ ਸਾਰੇ ਮਿਲਕੇ ਸ਼ਹਿਰ ਲਈ ਕੰਮ ਕਰਾਂਗੇ। ਇਸ ਮੌਕੇ ਮੇਅਰ ਬਰੈਂਡਾ ਲੌਕ ਨੇ ਦੋਵਾਂ ਉਮੀਦਵਾਰਾਂ ਦਾ ਸਵਾਗਤ ਕੀਤਾ ਤੇ ਸਾਰੀ ਟੀਮ ਨਾਲ ਮਿਲਕੇ ਸ਼ਹਿਰ ਵਾਸੀਆਂ ਅਤੇ ਸਰਬਪੱਖੀ ਵਿਕਾਸ ਨੂੁੰ ਅੱਗੇ ਲਿਜਾਣ ਦਾ ਵਾਅਦਾ ਕਰਦਿਆਂ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ।




