Sep 12, 2026

5ਵੀਂ ਸਾਲਾਨਾ ‘ਹੱਬ ਸਿਟੀ ਸੋਪ ਬਾਕਸ ਡਰਬੀ’ ਲਈ ਤਿਆਰੀਆਂ ਮੁਕੰਮਲ

ਵੈਨਕੂਵਰ, 12 ਅਗਸਤ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਪਾਣੀਆਂ ਤੋਂ ਪਾਰ ਵੱਸਦੇ ਟਾਪੂਨਮਾ ਸ਼ਹਿਰ  ਨਨਾਇਮੋ  ਵਿੱਚ ਇਸ ਹਫ਼ਤੇ ਦੇ ਅੰਤ ਇੱਕ ਵਾਰ ਫਿਰ ਬਿਨਾਂ ਇੰਜਣ ਵਾਲੀਆਂ ਰੰਗ-ਬਿਰੰਗੀਆਂ ਛੋਟੀਆਂ ‘ਗੱਡੀਆਂ’ ਸੜਕ  ਉੱਤੇ ਦੌੜਦੀਆਂ ਨਜ਼ਰ ਆਉਣਗੀਆਂ। ਸ਼ਹਿਰ ਦੀ 5ਵੀਂ ਸਾਲਾਨਾ ‘ਹੱਬ ਸਿਟੀ ਸੋਪ ਬਾਕਸ ਡਰਬੀ’ ਸ਼ਨੀਵਾਰ, 15 ਅਗਸਤ ਨੂੰ ਵਾਲ ਸਟਰੀਟ ਉੱਤੇ ਕਰਵਾਈ ਜਾ ਰਹੀ ਹੈ। ਇਸ ਪਰਿਵਾਰਕ ਸਮਾਗਮ ਵਿੱਚ ਬੱਚਿਆਂ ਦੇ ਨਾਲ-ਨਾਲ ਵੱਡੀ ਉਮਰ ਦੇ ਮੁਕਾਬਲੇਬਾਜ਼ ਵੀ ਹਿੱਸਾ ਲੈਣਗੇ ।

ਇਸ ਦੌੜ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮੁਕਾਬਲੇ ਵਿੱਚ ਵਰਤੀਆਂ ਜਾਣ ਵਾਲੀਆਂ ਗੱਡੀਆਂ ਵਿੱਚ ਕੋਈ ਇੰਜਣ ਨਹੀਂ ਹੁੰਦਾ। ਇਹ ਗੱਡੀਆਂ ਢਲਾਣ ਅਤੇ ਗੁਰਤਾ ਖਿੱਚ ਦੇ ਸਹਾਰੇ ਹੇਠਾਂ ਵੱਲ ਦੌੜਦੀਆਂ ਹਨ। ਮੁਕਾਬਲੇਬਾਜ਼ ਆਪਣੀਆਂ ਗੱਡੀਆਂ ਨੂੰ ਵੱਖ-ਵੱਖ ਰੰਗਾਂ ਅਤੇ ਦਿਲਚਸਪ ਨਮੂਨਿਆਂ ਨਾਲ ਸਜਾਉਂਦੇ ਹਨ, ਜਿਸ ਕਾਰਨ ਇਹ ਮੁਕਾਬਲਾ ਦੌੜ ਦੇ ਨਾਲ-ਨਾਲ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਵੀ ਬਣ ਜਾਂਦਾ ਹੈ।

ਇਸ ਵਾਰ ਮੁਕਾਬਲੇ ਲਈ ਦੋ ਵਰਗ ਰੱਖੇ ਗਏ ਹਨ। ਸਟਾਕ ਵਰਗ ਵਿੱਚ 6 ਤੋਂ 16 ਸਾਲ ਤੱਕ ਦੇ ਬੱਚਿਆਂ ਲਈ 40 ਥਾਵਾਂ ਰੱਖੀਆਂ ਗਈਆਂ ਹਨ। ਇਸ ਵਰਗ ਦੇ ਬੱਚਿਆਂ ਨੂੰ ਗੱਡੀ ਤਿਆਰ ਕਰਨ ਲਈ ਨਿਰਧਾਰਤ ਸਮਾਨ ਦਿੱਤਾ ਜਾਂਦਾ ਹੈ ਅਤੇ ਉਹ ਨਿਯਮਾਂ ਅਨੁਸਾਰ ਉਸ ਨੂੰ ਆਪਣੀ ਪਸੰਦ ਮੁਤਾਬਕ ਸਜਾ ਸਕਦੇ ਹਨ। ਦੂਜੇ ਓਪਨ ਵਰਗ ਵਿੱਚ 20 ਥਾਵਾਂ ਨਿਰਧਾਰਤ ਕੀਤੀਆਂ ਗਈਆਂ  ਹਨ ਅਤੇ ਇਸ ਵਿੱਚ 10 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮੁਕਾਬਲੇਬਾਜ਼ ਹਿੱਸਾ ਲੈ ਸਕਦੇ ਹਨ। ਇਸ ਵਰਗ ਵਿੱਚ ਵੱਡੀ ਉਮਰ ਦੇ ਲੋਕ ਵੀ ਹਿੱਸਾ ਲੈਣਗੇ

ਪ੍ਰਬੰਧਕਾਂ ਅਨੁਸਾਰ ਗੱਡੀਆਂ ਲਈ ਸੁਰੱਖਿਆ ਸਬੰਧੀ ਨਿਯਮ ਵੀ ਤੈਅ ਕੀਤੇ ਗਏ ਹਨ। ਗੱਡੀ ਆਪਣੇ ਆਪ ਕਿਸੇ ਇੰਜਣ ਜਾਂ ਹੋਰ ਮਸ਼ੀਨੀ ਸ਼ਕਤੀ ਨਾਲ ਨਹੀਂ ਚੱਲ ਸਕਦੀ ਅਤੇ ਉਸ ਨੂੰ ਸਿਰਫ਼ ਢਲਾਣ ਦੇ ਸਹਾਰੇ ਹੀ ਅੱਗੇ ਵਧਣਾ ਹੁੰਦਾ ਹੈ।  ਸਭ ਤੋਂ ਤੇਜ਼ ਅਤੇ ਸਭ ਤੋਂ ਦਿਲਚਸਪ ਢੰਗ ਨਾਲ ਤਿਆਰ ਕੀਤੀਆਂ ਗੱਡੀਆਂ ਲਈ ਇਨਾਮ ਰੱਖੇ ਜਾਂਦੇ ਹਨ।
ਇਸ ਸਮਾਗਮ ਦਾ ਮਕਸਦ ਸਿਰਫ਼ ਲੋਕਾਂ ਦਾ ਮਨੋਰੰਜਨ ਕਰਨਾ ਨਹੀਂ, ਸਗੋਂ ਸਮਾਜ ਸੇਵਾ ਲਈ ਰਕਮ ਇਕੱਠੀ ਕਰਨਾ ਵੀ ਹੈ। ਇਸ ਤੋਂ ਹੋਣ ਵਾਲੀ ਆਮਦਨ ਨਨਾਇਮੋ ਚਾਈਲਡ ਡਿਵੈਲਪਮੈਂਟ ਸੈਂਟਰ ਨੂੰ ਦਿੱਤੀ ਜਾਂਦੀ ਹੈ।

ਕੈਪਸ਼ਨ ਰੰਗ ਬਰੰਗੀਆਂ ‘ਗੱਡੀਆਂ’ ਦੀ ਇੱਕ ਤਸਵੀਰ