ਪੰਜਾਬੀ ਬੋਲੀ ਤੇ ਗੁਰਮੁਖੀ ਲਿੱਪੀ, ਪੰਜਾਬੀ ਸਾਹਿਤ ਵਿੱਚ ਦਰਸ਼ਨ, ਵਿਗਿਆਨ ਤੇ ਅਰਥਸ਼ਾਸ਼ਤਰ ਵਿਸਿ਼ਆਂ ‘ਤੇ ਭਰਪੂਰ ਚਰਚਾ-
ਲੰਡਨ ( ਚਾਹਲ )- ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਵੱਲੋਂ ਹਰ ਸਾਲ ਕਰਵਾਈ ਜਾਣ ਵਾਲੀ ਪੰਜਾਬੀ ਕਾਨਫਰੰਸ ਦਾ ਆਯੋਜਨ ਇਸ ਸਾਲ 8-9 ਅਗਸਤ 2026 ਨੂੰ ਯੂਨੀਵਰਸਿਟੀ ਕਾਲਜ ਆਫ਼ ਲੰਡਨ ਵਿਖੇ ਡਾ ਪਰਗਟ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿੱਚ ਪੰਜਾਬੀ ਬੋਲੀ ਤੇ ਲਿੱਪੀ, ਭਾਸ਼ਾ ਤੇ ਸਾਹਿਤ, ਇਤਿਹਾਸ ਅਤੇ ਵਿਰਾਸਤ, ਦਰਸ਼ਨ ਸਾਹਿਤ, ਵਿਗਿਆਨ ਅਤੇ ਅਰਥਸ਼ਾਸ਼ਤਰ ਨਾਲ ਸੰਬੰਧਤ ਵਿਦਵਾਨਾਂ ਤੇ ਚਿੰਤਕਾਂ ਵੱਲੋਂ ਖੋਜ ਭਰਪੂਰ ਪਰਚੇ ਪੇਸ਼ ਕੀਤੇ ਗਏ। ਪਹਿਲੇ ਦਿਨ ਦੇ ਵੱਖ ਸੈਸ਼ਨਾਂ ਵਿੱਚ ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਹਰਵਿੰਦਰ ਸਿੰਘ ਨੇ ਸਭ ਨੂੰ ਜੀ ਆਇਆ ਆਖਿਆ ਗਿਆ। ਨਿਹਾਲ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਪਹਿਲੇ ਸੈਸ਼ਨ ਦੇ ਬੁਲਾਰਿਆਂ ਨੂੰ ਸੱਦਾ ਦਿੱਤਾ। ਜਿਹਨਾਂ ਵਿੱਚ ਬੇਅੰਤ ਸਿੰਘ ਨੇ “ਬੋਲੀ ਸਿੱਖੀ ਨਹੀਂ ਜਾਂਦੀ, ਅਪਣਾਈ ਜਾਂਦੀ ਹੈ” ਵਿਸ਼ੇ ਉੱਪਰ ਪੇਸ਼ਕਾਰੀ ਕੀਤੀ। ਜਿਸ ਦੇ ਬਾਅਦ ਬਰਤਾਨਵੀ ਪੰਜਾਬੀ ਨਾਵਲਕਾਰ ਰੂਪ ਢਿੱਲੋਂ ਨੇ “ਪਰਵਾਸ ਵਿੱਚ ਪੰਜਾਬੀ ਦੀ ਸਿੱਖਿਆ, ਮੇਰਾ ਤਜਰਬਾ” ਅਤੇ ਜਗਦੀਪ ਕੌਰ, ਹਰਜਾਪ ਸਿੰਘ, ਡਾ ਪਰਗਟ ਸਿੰਘ ਵੱਲੋਂ ਸਾਂਝੇ ਤੌਰ ‘ਤੇ ਤਿਆਰ ਪਰਚੇ “ਅਨੁਕੂਲਣ, ਅਪਣਾਉਣ ਅਤੇ ਸਿਰਜਣਾ” ਵਿਸ਼ੇ ਅਨੁਸਾਰ ਅੰਕੜਿਆਂ ਸਮੇਤ ਆਪਣੇ ਪਰਚੇ ਪੇਸ਼ ਕੀਤੇ। ਦੁਪਹਿਰ ਦੇ ਖਾਣੇ ਉਪਰੰਤ ਉੱਘੇ ਵਿਦਵਾਨ ਪ੍ਰੋ (ਡਾ) ਜਸਵੀਰ ਸਿੰਘ ਡੈਨਮਾਰਕ ਨੇ “ਪੰਜਾਬੀ ਭਾਸ਼ਾ ਦੀ ਪੁਰਾਤਨਤਾ ਅਤੇ ਸਿੱਖ ਸੰਘਰਸ਼” ਵਿਸ਼ਾ, ਰਿਟਾ: ਪ੍ਰਿੰ ਸੁਜਿੰਦਰ ਸਿੰਘ ਸੰਘਾ ਨੇ “ਯੂਕੇ ‘ਚ ਪੰਜਾਬੀ ਭਾਸ਼ਾ ਦੇ ਪ੍ਰਸੰਗ ‘ਚ ਸਿੱਖਾਂ ਦੀ ਪ੍ਰਤੀਨਿਧਤਾ ਦਾ ਮਿਆਰ ਅਤੇ ਸਮਰੱਥਾ”, ਡਾ ਅਮਨਦੀਪ ਕੌਰ ਕੈਨੇਡਾ ਵੱਲੋਂ “ਕੈਨੇਡਾ ਦੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਪੰਜਾਬ”ਵਿਸ਼ੇ ਵਿੱਚ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਬਾਰੇ ਚਾਨਣਾ ਪਾਇਆ। ਬਾਅਦ ਦੁਪਹਿਰ ਨਿਸ਼ਠਾ ਸੂਦ ਲੰਡਨ (ਝਾਰਖੰਡ) ਨੇ “ਬੋਲੀ ਦੀ ਰਾਜਨੀਤੀ: ਹਿੰਦੀ ਦਾ ਗਲਬਾ ਤੇ ਭਾਸ਼ਾਈ ਵਿਰੋਧ” ਵਿਸ਼ੇ ‘ਤੇ ਪਰਚਾ ਪੇਸ਼ ਕੀਤਾ। ਉੱਘੇ ਚਿੰਤਕ ਅਤੇ ਵਿਦਵਾਨ ਡਾ ਅਵਤਾਰ ਸਿੰਘ ਦਾ ਪਰਚਾ “ਧਰਮ ਇੱਕ ਅੰਦਰੂਨੀ ਢਾਂਚੇ ਵਜੋਂ” ਹਰਵਿੰਦਰ ਸਿੰਘ ਨੇ ਪੇਸ਼ ਕੀਤਾ। ਇਸਦੇ ਬਾਅਦ ਪਹਿਲੇ ਦਿਨ ਦੀ ਸਮਾਪਤੀ ਤੋਂ ਪਹਿਲਾਂ ਕੰਵਰ ਸਿੰਘ ਬਰਾੜ ਨੇ ਭਾਈ ਕਾਨ੍ਹ ਸਿੰਘ ਨਾਭਾ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਜੋ ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਮਹਾਨ ਕੋਸ਼ ਦੇ 100 ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਤਿਆਰ ਕੀਤਾ ਜਾ ਰਿਹਾ ਹੈ।
ਦੂਸਰੇ ਦਿਨ ਦੀ ਸ਼ੁਰੂਆਤ ਜਗਦੀਪ ਕੌਰ ਵੱਲੋਂ ਸਭ ਨੂੰ ਜੀ ਆਇਆ ਕਹਿੰਦਿਆਂ ਕੀਤੀ ਗਈ। ਇਸਦੇ ਬਾਅਦ ਅਰਮਾਨ ਸਿੰਘ ਨੇ ਵੱਖ ਵੱਖ ਬੁਲਾਰਿਆਂ ਨੂੰ ਪੇਸ਼ ਕੀਤਾ ਜਿਹਨਾਂ ਵਿੱਚ ਉੱਘੇ ਭਾਸ਼ਾ ਵਿਗਿਆਨੀ ਤੇ ਕੋਸ਼ਕਾਰ ਡਾ ਬਲਦੇਵ ਸਿੰਘ ਕੰਦੋਲਾ “ਕੰਪਿਊਟਰ ਯੁੱਗ ਵਿੱਚ ਮਨੁੱਖੀ ਕਿਰਤ ਦੀ ਅਦੁੱਤੀ ਕਰਾਮਤਾ:ਕ੍ਰਿਤਿਮ ਬੁੱਧੀ”, ਡਾ ਮਨਦੀਪ ਸਿੰਘ ਤੇ ਬੇਅੰਤ ਸਿੰਘ ਦਾ ਪਰਚਾ “ਪਰਵਾਸੀ ਸਮਾਜ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ”, ਡਾ ਸਤਵੰਤ ਕੌਰ ਲਾਹੌਰ “ਗੁਰੂ ਗਰੰਥ ਸਾਹਿਬ ਵਿੱਚ ਬਿਰਾਜਮਾਨ ਅਰਬੀ ਤੇ ਫਾਰਸੀ ਸ਼ਬਦਾਵਲੀ”, ਡਾ ਸਤਵੰਤ ਕੌਰ ਦਿੱਲੀ ਵੱਲੋਂ “ਸਿੱਖ ਧਾਰਮਿਕ ਪਰੰਪਰਾਵਾਂ ਦਾ ਵਿੱਚ ਭੋਜਨ ਇੱਕ ਦਾਰਸ਼ਨਿਕ ਸ਼੍ਰੇਣੀ”, ਡਾ ਪਰਜੀਤ ਕੌਰ ਸਿੱਧੂ ਪੰਜਾਬ ਯੂਨੀ: ਚੰਡੀਗੜ੍ਹ ਵੱਲੋਂ “ਵਿਸ਼ਵੀਕਰਨ ਅਤੇ ਡਿਜੀਟਲ ਯੁੱਗ ਵਿੱਚ ਪੰਜਾਬੀ ਭਾਸ਼ਾ”, ਡਾ ਰਾਜਵਿੰਦਰ ਸਿੰਘ ਪੰਜਾਬੀ ਯੂਨੀ: ਪਟਿਆਲਾ ਵੱਲੋਂ “ਪੰਜਾਬੀ ਭਾਸ਼ਾ ਲਈ ਸ਼ਬਦ ਸੰਗ੍ਰਹਿ ਡਾਟਾਬੇਸ ਦਾ ਨਿਰਮਾਣ”, ਬਲਵਿੰਦਰ ਸਿੰਘ ਚਾਹਲ ਵੱਲੋਂ “ਭਾਈ ਕਾਨ੍ਹ ਸਿੰਘ ਨਾਭਾ: ਜੀਵਨ, ਧਾਰਮਿਕ ਅਤੇ ਰਾਜਨੀਤਕ ਸੰਦਰਭ” ਅਤੇ ਉੱਘੇ ਅਰਥਸ਼ਾਸ਼ਤਰੀ ਆਕਸਫੋਰਡ ਯੂਨੀ: ਤੋਂ ਪ੍ਰੋ ਪ੍ਰੀਤਮ ਸਿੰਘ ਨੇ “ਪੰਜਾਬੀ ਵਿੱਚ ਅਰਥ ਸ਼ਾਸ਼ਤਰ ਸਬੰਧੀ ਲਿਖਤਾਂ” ਪਰਚੇ ਪੇਸ਼ ਕੀਤੇ ਗਏ। ਜਿਹਨਾਂ ਉੱਪਰ ਭਾਰੀ ਵਿਚਾਰ ਚਰਚਾ ਕੀਤੀ ਗਈ। ਇਸ ਕਾਨਫਰੰਸ ਵਿੱਚ ਬਰਤਾਨਵੀ ਜੰਮਪਲ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਬਹੁਤ ਅਹਿਮ ਰਹੀ। ਅੰਤ ਵਿੱਚ ਹਰਵਿੰਦਰ ਸਿੰਘ ਨੇ ਆਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਅਗਲੇ ਵਰ੍ਹੇ ਮਿਲਣ ਦੇ ਵਾਅਦੇ ਨਾਲ ਵਿਦਾਇਗੀ ਲਈ।











