ਜੋਜ਼ੀ ਔਸਬੋਰਨ – ਵਿੱਤ ਮੰਤਰੀ, ਰਵੀ ਕਾਹਲੋਂ – ਸਿਹਤ ਮੰਤਰੀ ਤੇ ਬਰੈਨਡਾ ਬੇਲੀ – ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰਾਲੇ ਦਾ ਕਾਰਜਭਾਰ ਸੰਭਾਲਣਗੇ-
ਵਿਕਟੋਰੀਆ – ਪ੍ਰੀਮੀਅਰ ਡੇਵਿਡ ਈਬੀ ਨੇ ਕੈਬਿਨੇਟ ਵਿੱਚ ਤਿੰਨ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਹ ਤਬਦੀਲੀਆਂ ਵਿੱਤ ਮੰਤਰੀ, ਬਰੈਨਡਾ ਬੇਲੀ ਦੇ ਕੈਂਸਰ ਦੇ ਇਲਾਜ ਅਤੇ ਸਿਹਤਯਾਬੀ ਲਈ ਛੁੱਟੀ ਲੈਣ ਦੇ ਫ਼ੈਸਲੇ ਤੋਂ ਬਾਅਦ ਕੀਤੀਆਂ ਗਈਆਂ ਹਨ। ਬੇਲੀ ਨੂੰ ਸ਼ੁਰੂਆਤੀ ਪੜਾਅ ਦਾ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਦਾ ਇਲਾਜ ਸੰਭਵ ਹੈ। ਉਹ ਅਗਸਤ 2026 ਦੇ ਅੰਤ ਵਿੱਚ ਇਲਾਜ ਸ਼ੁਰੂ ਕਰਨਗੇ ਅਤੇ ਅਕਤੂਬਰ 2026 ਦੇ ਸ਼ੁਰੂ ਵਿੱਚ ਕੰਮ ‘ਤੇ ਵਾਪਸੀ ਦੀ ਉਮੀਦ ਕਰਦੇ ਹਨ। ਉਹ ਕੈਬਿਨੇਟ ਦੇ ਮੈਂਬਰ ਬਣੇ ਰਹਿਣਗੇ।
“ਬਰੈਨਡਾ ਆਪਣੀ ਬਿਮਾਰੀ ਦੀ ਜਾਂਚ ਅਤੇ ਇਲਾਜ ਦੀ ਯੋਜਨਾ ਬਾਰੇ ਮੇਰੇ ਨਾਲ ਗੱਲ ਕਰਨ ਆਏ ਸਨ, ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀ ਲੋੜ ਮੁਤਾਬਕ ਜਿੰਨਾ ਸਮਾਂ ਚਾਹੁਣ, ਲੈ ਸਕਦੇ ਹਨ,” ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ। “ਉਹ ਇਸ ਪਤਝੜ ਵਿੱਚ ਮੁੜ ਕੈਬਿਨੇਟ ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਇਹ ਤਬਦੀਲੀਆਂ ਉਨ੍ਹਾਂ ਨੂੰ ਆਪਣੀ ਸਿਹਤਯਾਬੀ ‘ਤੇ ਪੂਰਾ ਧਿਆਨ ਕੇਂਦਰਿਤ ਕਰਨ ਦਾ ਮੌਕਾ ਦੇਣਗੀਆਂ, ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਉਨ੍ਹਾਂ ਮੁੱਦਿਆਂ ‘ਤੇ ਲਗਾਤਾਰ ਤਰੱਕੀ ਅਤੇ ਸਥਿਰਤਾ ਯਕੀਨੀ ਬਣਾਈ ਰੱਖਣਗੀਆਂ ਜੋ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹਨ।”
ਹੇਠ ਲਿਖੀਆਂ ਨਿਯੁਕਤੀਆਂ ਸ਼ੁੱਕਰਵਾਰ, 14 ਅਗਸਤ, 2026 ਤੋਂ ਪ੍ਰਭਾਵੀ ਹਨ:
- ਜੋਜ਼ੀ ਔਸਬੋਰਨ – ਵਿੱਤ ਮੰਤਰੀ
- ਰਵੀ ਕਾਹਲੋਂ – ਸਿਹਤ ਮੰਤਰੀ
- ਬਰੈਨਡਾ ਬੇਲੀ – ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ
ਬੇਲੀ ਉਸ ਮੰਤਰਾਲੇ ਵਿੱਚ ਵਾਪਸੀ ਕਰ ਰਹੇ ਹਨ, ਜਿਸ ਦੀ ਉਹ ਪਹਿਲਾਂ ਰੁਜ਼ਗਾਰ, ਆਰਥਿਕ ਵਿਕਾਸ ਅਤੇ ਨਵੀਨਤਾਕਾਰੀ ਮੰਤਰੀ ਵਜੋਂ ਅਗਵਾਈ ਕਰ ਚੁੱਕੇ ਹਨ। ਹੁਣ ਉਹ ਮੁੱਖ ਪ੍ਰੋਜੈਕਟਾਂ ਅਤੇ ਵਪਾਰਕ ਵਿਭਿੰਨਤਾ ਨਾਲ ਸਬੰਧਤ ਮਾਮਲਿਆਂ ਦੀ ਜ਼ਿੰਮੇਵਾਰੀ ਸੰਭਾਲਣਗੇ। ਊਰਜਾ ਅਤੇ ਜਲਵਾਯੂ ਤਬਦੀਲੀ ਦੇ ਹੱਲ ਮੰਤਰੀ, ਏਡਰੀਅਨ ਡਿਕਸ, ਬੇਲੀ ਦੀ ਗੈਰ-ਹਾਜ਼ਰੀ ਦੌਰਾਨ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣਗੇ।
ਔਸਬੋਰਨ ਸਿਹਤ ਮੰਤਰਾਲੇ ਤੋਂ ਵਿੱਤ ਮੰਤਰਾਲੇ ਵਿੱਚ ਤਬਦੀਲ ਹੋ ਰਹੇ ਹਨ। ਚਾਰ ਮੰਤਰਾਲਿਆਂ ਵਿੱਚ ਕੰਮ ਕਰਨ ਦੇ ਤਜਰਬੇ ਅਤੇ ਟ੍ਰੈਯਰੀ ਬੋਰਡ ਵਿੱਚ ਨਿਭਾਈ ਆਪਣੀ ਭੂਮਿਕਾ ਰਾਹੀਂ ਸੂਬੇ ਦੀ ਵਿੱਤੀ ਯੋਜਨਾਬੰਦੀ ਬਾਰੇ ਹਾਸਲ ਕੀਤੀ ਵਿਹਾਰਕ ਸਮਝ ਦੇ ਆਧਾਰ ’ਤੇ ਉਹ ਇਹ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਕਾਹਲੋਂ, ਜੋ ਪਹਿਲਾਂ ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਵਜੋਂ ਸੇਵਾ ਨਿਭਾ ਰਹੇ ਸਨ, ਹੁਣ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਭੂਮਿਕਾ ਦੌਰਾਨ ਉਨ੍ਹਾਂ ਨੇ ‘ਲੁੱਕ ਵੈਸਟ’ ਕਾਰਜਨੀਤੀ ਅਤੇ ਅਮਰੀਕੀ ਵਪਾਰਕ ਕਦਮਾਂ ਪ੍ਰਤੀ ਸੂਬੇ ਦੀ ਪ੍ਰਤੀਕਿਰਿਆ ਸਮੇਤ ਕਈ ਅਹਿਮ ਪਹਿਲਕਦਮੀਆਂ ਦੀ ਅਗਵਾਈ ਕੀਤੀ ਸੀ।
“ਜੋਜ਼ੀ, ਰਵੀ ਅਤੇ ਬਰੈਨਡਾ ਸਾਡੀ ਕੈਬਿਨੇਟ ਵਿੱਚ ਸਭ ਤੋਂ ਤਜਰਬੇਕਾਰ ਮੈਂਬਰਾਂ ਵਿੱਚੋਂ ਤਿੰਨ ਹਨ। ਉਨ੍ਹਾਂ ਦਾ ਧਿਆਨ ਹਮੇਸ਼ਾ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਨਤੀਜੇ ਦੇਣ ’ਤੇ ਰਹੇਗਾ।”
