Aug 21, 2026

ਪੱਤਰਕਾਰ ਖਿਲਾਫ ਪਰਚਾ ਦਰਜਾ ਕਰਨਾ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ-

ਚੰਡੀਗੜ ( ਦੇ ਪ੍ਰ ਬਿ)-ਚੰਡੀਗੜ੍ਹ ਪ੍ਰੈਸ ਕਲੱਬ ਨੇ  ਮੁਕਤਸਰ ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ ਰਿਪੋਰਟ ਨਸ਼ਰ ਕਰਨ ਵਾਲੇ  ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਵਿਰੁੱਧ ਇਕ ਵਿਅਕਤੀ ਨੂੰ ਖੁਦਕੁਸ਼ੀ ਲਈ ਕਥਿਤ ਤੌਰ ‘ਤੇ ਉਕਸਾਉਣ ਦੇ ਮਾਮਲੇ ਦੇ ਸਬੰਧ ਵਿੱਚ ਐਫਆਈਆਰ ਦਰਜ ਕਰਨ ਦੀ ਸਖਤ ਨਿੰਦਾ ਕਰਦਿਆਂ ਇਸਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ।

ਇਥੇ ਜਾਰੀ ਇਕ ਪ੍ਰੈਸ ਨੋਟ ਮੁਤਾਬਿਕ ਪੱਤਰਕਾਰ  ਨੇ ਕਥਿਤ ਤੌਰ ‘ਤੇ ਮੁਕਤਸਰ ਜਿਲੇ ਦੇ ਪਿੰਡ ਖੁੱਡੀਆਂ ਲਾਭ ਸਿੰਘ ਵਾਲਾ ਵਿਚ ਜਾਕੇ  ਨਸ਼ਿਆਂ ਦੇ ਜਾਲ ਵਿਚ ਫਸੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੀ ਪ੍ਰੇਸ਼ਾਨੀ ਸਬੰਧੀ ਉਹਨਾਂ ਨਾਲ ਗੱਲਬਾਤ ਦੇ ਆਧਾਰ ਤੇ ਰਿਪੋਰਟ ਤਿਆਰ ਕੀਤੀ ਸੀ।  ਰਿਪੋਰਟ ਵਿੱਚ ਨਸ਼ਿਆਂ ਦੇ ਵਪਾਰ ਨਾਲ ਜੁੜੇ ਇਕ ਵਿਅਕਤੀ ਦਾ ਨਾਮ ਨਸ਼ਰ ਕੀਤੇ ਜਾਣ ਉਪਰੰਤ ਉਕਤ ਵਿਅਕਤੀ ਵਲੋਂ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ ਗਈ। ਜਦੋਂਕਿ ਇਸ ਸਬੰਧੀ ਕੋਈ ਖੁਦਕੁਸ਼ੀ ਨੋਟ ਨਹੀਂ ਸੀ। ਲਾਸ਼ ਦਾ ਪੋਸਟਮਾਰਟਮ ਜਾਂਚ ਤੋਂ ਬਿਨਾਂ ਹੀ ਸਸਕਾਰ ਕੀਤਾ ਗਿਆ ਸੀ। ਹੋਰ ਦੋਸ਼ ਹਨ ਕਿ ਮ੍ਰਿਤਕ ਦੇ ਪਰਿਵਾਰ ‘ਤੇ ਪੱਤਰਕਾਰ ਵਿਰੁੱਧ ਬਿਆਨ ਦੇਣ ਲਈ ਦਬਾਅ ਪਾਇਆ ਗਿਆ ਸੀ। ਇਹ ਹਾਲਾਤ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕਰਦੇ ਹਨ।
ਪਰੈਸ ਕਲੱਬ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਸਿਰਫ਼ ਇੱਕ ਪੱਤਰਕਾਰ ਦੀ ਰਿਪੋਰਟ ਨੂੰ ਬਾਅਦ ਦੀ ਖੁਦਕੁਸ਼ੀ ਨਾਲ ਜੋੜਨਾ, ਆਪਣੇ ਆਪ ਵਿੱਚ, ਅਪਰਾਧਿਕ ਜ਼ਿੰਮੇਵਾਰੀ ਸਥਾਪਤ ਨਹੀਂ ਕਰ ਸਕਦਾ। ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼  ਭਰੋਸੇਯੋਗ ਸਬੂਤਾਂ ਦੁਆਰਾ ਹੀ ਤੈਅ ਕੀਤਾ ਜਾਣਾ ਚਾਹੀਦਾ ਹੈ ਜਦੋਂਕਿ ਇਸ ਮਾਮਲੇ ਵਿਚ ਅਜਿਹਾ ਨਹੀ ਹੈ।

ਪ੍ਰੈਸ ਕਲੱਬ ਪੰਜਾਬ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੂੰ ਇੱਕ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਜਾਂਚ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਾ ਹੈ। ਇਹ ਵੀ  ਯਕੀਨੀ ਬਣਾਇਆ ਜਾਵੇ ਕਿ ਪੱਤਰਕਾਰ ਨੂੰ ਉਸਦੀ ਪੇਸ਼ੇਵਰ ਡਿਊਟੀ ਨਿਭਾਉਣ ਲਈ ਡਰਾਇਆ ਜਾਂ ਪਰੇਸ਼ਾਨ ਨਾ ਕੀਤਾ ਜਾਵੇ। ਹੋਰ ਕਿਹਾ ਗਿਆ ਹੈ ਕਿ ਜਨਤਕ ਹਿੱਤ ਦੇ ਮਾਮਲਿਆਂ ਦੀ ਰਿਪੋਰਟਿੰਗ ਕਰਨ ਲਈ ਇੱਕ ਪੱਤਰਕਾਰ ਨੂੰ ਡਰਾਉਣ ਲਈ ਅਪਰਾਧਿਕ ਕਾਰਵਾਈਆਂ ਦੀ ਵਰਤੋਂ ਕਰਨਾ ਸਿਰਫ਼ ਇੱਕ ਵਿਅਕਤੀਗਤ ਰਿਪੋਰਟਰ ‘ਤੇ ਹਮਲਾ ਨਹੀਂ ਹੈ – ਇਹ ਬੋਲਣ ਦੀ ਆਜ਼ਾਦੀ, ਪ੍ਰੈਸ ਦੀ ਆਜ਼ਾਦੀ ਅਤੇ ਜਨਤਾ ਦੇ ਜਾਣਨ ਦੇ ਅਧਿਕਾਰ ‘ਤੇ ਵੀ ਹਮਲਾ ਹੈ।
ਚੰਡੀਗੜ੍ਹ ਪ੍ਰੈਸ ਕਲੱਬ ਉਨ੍ਹਾਂ ਪੱਤਰਕਾਰਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਜੋ ਜਨਤਕ ਹਿੱਤ ਵਿੱਚ ਜ਼ਿੰਮੇਵਾਰੀ ਵਾਲੀ ਪੱਤਰਕਾਰੀ ਕਰਦੇ ਹਨ।

Leave a Reply

Your email address will not be published. Required fields are marked *