Aug 22, 2026

ਵੈਨਕੂਵਰ ( ਹਰਦਮ ਮਾਨ)- ਕੈਨੇਡਾ ਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰਕ ਸਮਝੌਤੇ ਨੂੰ ਨਵਿਆਉਣ ਲਈ ਚੱਲ ਰਹੀ ਗੱਲਬਾਤ ਆਖਰੀ ਮੌਕੇ ਟੁੱਟ ਜਾਣ ਦੀ ਖਬਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਮਝੌਤੇ ਦੇ ਵਿਚਾਰ-ਵਟਾਂਦਰੇ ਲਈ ਭੇਜੀ ਆਪਣੀ ਭਰੋਸੇਯੋਗ  ਟੀਮ ਵਾਪਸ ਓਟਾਵਾ ਬੁਲਾ ਲਈ ਹੈ। ਉਨ੍ਹਾਂ ਕਿਹਾ ਕਿ ਹੁਣ ਅਮਰੀਕਾ ਦੇ ਡਾਲਰ ਨਾਲ ਡਾਲਰ ਦਾ ਹਿਸਾਬ ਕਰਕੇ ਹੀ ਵਪਾਰ ਅੱਗੇ ਵਧਾਇਆ ਜਾਵੇਗਾ ਅਤੇ ਸ਼ਰਤਾਂ ਅਧੀਨ ਕੋਈ ਗੱਲ ਨਹੀਂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ 50% ਟੈਰਿਫ ਨਾਲ ਸਿੱਝ ਲਿਆ ਜਾਵੇਗਾ।

ਦੋਵਾਂ ਦੇਸ਼ਾਂ ਵਿਚਾਲੇ ਹੋਇਆ ਵਪਾਰ ਸਮਝੌਤਾ ਲੰਘੇ ਮੰਗਲਵਾਰ ਤੱਕ ਸੀ, ਪਰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਦੀ ਮਿਆਦ ਤਿੰਨ ਦਿਨ ਲਈ ਵਧਾਉਂਦੇ ਸਮੇਂ ਐਲਾਨ ਕੀਤਾ ਗਿਆ ਸੀ ਕਿ ਸਮਝੌਤਾ ਹੋ ਚੁੱਕਾ ਹੈ, ਪਰ ਉਸ ਨੂੰ ਲਿਖਤੀ ਰੂਪ ਵਿੱਚ ਲਿਆਉਣ ਲਈ ਇੱਕ-ਦੋ ਦਿਨ ਲੱਗ ਸਕਦੇ ਹਨ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਿਹਾ ਸੀ ਕਿ ਉਹ ਸ਼ਰਾਬ ਠੇਕੇਦਾਰਾਂ ਨੂੰ ਹੁਕਮ ਦੇ ਕੇ ਅਮਰੀਕੀ ਸ਼ਰਾਬ ਵੇਚਣਾ ਸ਼ੁਰੂ ਕਰਨ। ਪਰ ਅੱਜ ਦੇਰ ਸ਼ਾਮ ਸਮਝੌਤੇ ਦੀਆਂ ਸਾਰੀਆਂ ਉਮੀਦਾਂ ਢਹਿ-ਢੇਰੀ ਹੋ ਗਈਆਂ ਹਨ।ਪ੍ਰਧਾਨ ਮੰਤਰੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਪਿਛਲੇ ਡੇਢ ਸਾਲ ਤੋਂ ਵਪਾਰਕ ਟੈਰਿਫਾਂ ਕਾਰਨ ਖ਼ਰਾਬ ਹੋਏ ਆਪਸੀ ਸਬੰਧ ਸੁਧਾਰਨਾ ਚਾਹੁੰਦੇ ਸਨ, ਪਰ ਉਹ ਇੰਨੇ ਵੀ ਮਜਬੂਰ ਨਹੀਂ ਹਨ ਕਿ ਅਮਰੀਕਾ ਦੀ ਹਰ ਸ਼ਰਤ ਅੱਗੇ ਗੋਡੇ ਟੇਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਹੁੰਦੇ ਰਹੇ 28 ਅਰਬ ਡਾਲਰ ਦੇ ਵਪਾਰ ਨੂੰ ਹੋਰ ਦੇਸ਼ਾਂ ਤੱਕ ਫੈਲਾ ਕੇ ਆਪਣੇ ਦੇਸ਼ ਦੀ ਇੰਡਸਟਰੀ ਅਤੇ ਕਾਮਿਆਂ ਦੀ ਹਰ ਪੱਖੋਂ ਬਾਂਹ ਫੜਨਗੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਹੁਣ ਅਮਰੀਕਾ ਨਾਲ ਡਾਲਰ-ਡਾਲਰ ਦਾ ਹਿਸਾਬ ਕੀਤਾ ਜਾਵੇਗਾ।

ਸ਼ੁੱਕਰਵਾਰ ਸ਼ਾਮ ਨੂੰ ਜਾਰੀ ਕੀਤੇ ਬਿਆਨ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵਪਾਰਕ ਗੱਲਬਾਤ ਹਾਲ ਦੀ ਘੜੀ ਮੁਅੱਤਲ ਕਰ ਰਿਹਾ ਹੈ ਅਤੇ ਸਮਝੌਤਾ ਟੀਮ ਨੂੰ ਵਾਪਸ ਬੁਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਤੈਅਸ਼ੁਦਾ ਸਮਝੌਤੇ ਵਿੱਚ ਐਨ ਮੌਕੇ ’ਤੇ ਪੇਸ਼ ਕੀਤੀਆਂ ਸੋਧਾਂ ਗ਼ੈਰ-ਜ਼ਰੂਰੀ ਅਤੇ ਆਰਥਿਕ ਪੱਖੋਂ ਕੈਨੇਡਾ ਲਈ ਨੁਕਸਾਨਦੇਹ ਤਾਂ ਹਨ ਹੀ, ਨਾਲ ਦੀ ਨਾਲ ਇਹ ਸਮਝੌਤੇ ਦੀ ਭਰੋਸੇਯੋਗਤਾ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਗਾਉਂਦੀਆਂ ਹਨ।

 

Leave a Reply

Your email address will not be published. Required fields are marked *