ਸਰੀ ( ਕਾਹਲੋਂ)– ਸਰੀ ਸ਼ਹਿਰ ਨੂੰ ਇੰਟਰਨੈਸ਼ਨਲ ਇਕਨਾਮਿਕ ਡਿਵੈਲਪਮੈਂਟ ਕੌਂਸਲ (IEDC) ਵੱਲੋਂ 2026 ਦੇ ਆਰਥਿਕ ਵਿਕਾਸ ਵਿੱਚ ਉੱਤਮਤਾ ਪੁਰਸਕਾਰਾਂ (Excellence in Economic Development Awards) ਵਿੱਚੋਂ ਦੋ ਪੁਰਸਕਾਰ ਪ੍ਰਾਪਤ ਹੋਏ ਹਨ। ਇਹ ਪੁਰਸਕਾਰ ਕਾਰੋਬਾਰੀ ਵਿਕਾਸ ਨੂੰ ਸਮਰਥਨ ਦੇਣ ਅਤੇ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਸ਼ਹਿਰ ਦੀ ਅਗਵਾਈ ਅਤੇ ਮਾਣਯੋਗ ਭੂਮਿਕਾ ਨੂੰ ਮਾਨਤਾ ਦਿੰਦੇ ਹਨ।
ਸ਼ਹਿਰ ਨੂੰ ਇਨੋਵੇਸ਼ਨ ਬੂਲੇਵਾਰਡ ਲਈ ਪੋਸਟ-ਸੈਕੰਡਰੀ ਐਜੂਕੇਸ਼ਨ ਪਾਰਟਨਰਸ਼ਿਪ ਸ਼੍ਰੇਣੀ ਵਿੱਚ ਸਿਲਵਰ ਅਵਾਰਡ ਅਤੇ ਸਰੀ ਐਗਰੀਟੈਕ ਸਟ੍ਰੈਟਜੀ 2026 ਲਈ ਇਨੋਵੇਟਿਵ ਆਰਥਿਕ ਵਿਕਾਸ ਸ਼੍ਰੇਣੀ ਵਿੱਚ ਕਾਂਸੀ ਦਾ ਪੁਰਸਕਾਰ ਮਿਲਿਆ। ਸਿਟੀ ਨੂੰ 25 ਤੋਂ 28 ਅਕਤੂਬਰ, 2026 ਤੱਕ ਨਿਊ ਓਰਲੀਨਜ਼ ਵਿੱਚ ਆਈਈਡੀਸੀ 2026 ਦੀ ਸਾਲਾਨਾ ਕਾਨਫ਼ਰੰਸ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਨੂੰ ਬਹੁਤ ਮਾਣ ਹੈ ਕਿ ਸਰੀ ਦੇ ਕੰਮ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਮਿਲ ਰਹੀ ਹੈ। ਇਨ੍ਹਾਂ ਪਹਿਲਕਦਮੀਆਂ ਦੇ ਪਿੱਛੇ ਸਥਾਨਕ ਉੱਦਮੀ, ਕਿਸਾਨ ਅਤੇ ਭਾਈਵਾਲ ਹਨ, ਜੋ ਸਾਡੇ ਭਾਈਚਾਰੇ ਲਈ ਨਵੇਂ ਮੌਕੇ ਅਤੇ ਹੋਰ ਮਜ਼ਬੂਤ ਭਵਿੱਖ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ।” ਇਨੋਵੇਸ਼ਨ ਬੂਲੇਵਾਰਡ ਸਿਟੀ ਆਫ਼ ਸਰੀ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ (SFU) ਦੇ ਵਿਚਕਾਰ ਇੱਕ ਅਜਿਹੀ ਸਾਂਝੀ ਭਾਈਵਾਲੀ, ਜੋ ਕਾਰੋਬਾਰਾਂ ਨੂੰ ਨਵੀਂ ਤਕਨਾਲੋਜੀ ਨੂੰ ਅਪਣਾਉਣ ਅਤੇ ਵਿਸਥਾਰ ਕਰਨ ਵਿੱਚ ਸਹਾਇਤਾ ਕਰਦੀ ਹੈ। 2025 ਤੋਂ ਲੈ ਕੇ ਹੁਣ ਤੱਕ, ਇਸ ਉਪਰਾਲੇ ਨੇ ਟਰੇਨਿੰਗ, ਉਦਯੋਗਿਕ ਸਮਾਗਮਾਂ ਅਤੇ ਵੱਖ-ਵੱਖ ਪ੍ਰੋਜੈਕਟਾਂ ਰਾਹੀਂ 250 ਤੋਂ ਵੱਧ ਕਾਰੋਬਾਰਾਂ ਦੀ ਸਹਾਇਤਾ ਕੀਤੀ ਹੈ।
ਇਸ ਸਾਲ ਸ਼ੁਰੂ ਕੀਤੀ ਗਈ ਸਰੀ ਐਗਰੀਟੈਕ ਰਣਨੀਤੀ ਦਾ ਕੇਂਦਰ ਨਵੀਨਤਾ, ਸਹਿਯੋਗ ਅਤੇ ਵਿਹਾਰਕ ਤਕਨਾਲੋਜੀ ਹੱਲਾਂ ’ਤੇ ਅਧਾਰਤ ਹੈ, ਤਾਂ ਜੋ ਸਥਾਨਕ ਕਿਸਾਨ ਅਤੇ ਉਤਪਾਦਕ ਆਪਣੀ ਉਤਪਾਦਕਤਾ ਅਤੇ ਮਜ਼ਬੂਤੀ ਨੂੰ ਕਾਇਮ ਰੱਖ ਸਕਣ। ਇੰਟਰਨੈਸ਼ਨਲ ਇਕਨਾਮਿਕ ਡਿਵੈਲਪਮੈਂਟ ਕੌਂਸਲ ਦੇ ਪ੍ਰਧਾਨ ਅਤੇ ਸੀਈਓ ਨੇਥਨ ਓਹਲੇ ਨੇ ਕਿਹਾ, “ਸਿਟੀ ਆਫ਼ ਸਰੀ ਆਪਣੀਆਂ ਇਨੋਵੇਸ਼ਨ ਬੂਲੇਵਾਰਡ ਅਤੇ ਸਰੀ ਐਗਰੀਟੈਕ ਸਟ੍ਰੈਟਜੀ ਪਹਿਲਕਦਮੀਆਂ ਰਾਹੀਂ ਆਰਥਿਕ ਵਿਕਾਸ ਵਿੱਚ ਉੱਤਮਤਾ ਦਾ ਮਾਰਗਦਰਸ਼ਨ ਕਰ ਰਿਹਾ ਹੈ। ਬਿਜ਼ਨਸ ਅਤੇ ਗਵਰਨਮੈਂਟ ਰਿਲੇਸ਼ਨਜ਼ ਦੇ ਡਾਇਰੈਕਟਰ ਟਾਈਲਰ ਵੈਸਟਓਵਰ ਨੇ ਕਿਹਾ, “ਇਹ ਪਹਿਲਕਦਮੀਆਂ ਮਜ਼ਬੂਤ ਭਾਈਵਾਲੀਆਂ ਅਤੇ ਸਰੀ ਦੇ ਕਾਰੋਬਾਰਾਂ ਅਤੇ ਉਤਪਾਦਕਾਂ ਲਈ ਵਿਹਾਰਕ ਸਹਾਇਤਾ ’ਤੇ ਆਧਾਰਿਤ ਹਨ। ਉਦਯੋਗ ਨੂੰ ਸਰੋਤਾਂ, ਮਾਹਿਰਾਂ ਅਤੇ ਤਕਨਾਲੋਜੀ ਨਾਲ ਜੋੜ ਕੇ, ਅਸੀਂ ਸਰੀ ਭਰ ਵਿੱਚ ਲੰਬੇ ਸਮੇਂ ਦੇ ਆਰਥਿਕ ਵਿਕਾਸ ਲਈ ਲੋੜੀਂਦੀਆਂ ਸਥਿਤੀਆਂ ਪੈਦਾ ਕਰਨ ਵਿੱਚ ਮਦਦ ਕਰ ਰਹੇ ਹਾਂ।”
