Aug 30, 2026

ਬਰੂਸ ਬੈਨਮੈਨ, ਮਿਲੋਬਾਰ ਤੇ ਪੈਟਨ ਸਮੇਤ 6 ਵਿਧਾਇਕਾਂ ਵਲੋਂ ਅਸਤੀਫੇ

ਵੈਨਕੂਵਰ ( ਦੇ ਪ੍ਰ ਬਿ) -ਬੀਸੀ ਕੰਸਰਵੇਟਿਵ ਪਾਰਟੀ ਦੀ ਆਗੂ ਕੈਰੀ ਲਿੰਨ ਫਿਨਲੀ ਦੇ ਖਿਲਾਫ ਕੰਸਰਵੇਟਿਵ ਐਮ ਐਲ ਏ ਦੀ ਬਗਾਵਤ ਨੇ ਸੂਬੇ ਦੀ ਸਿਆਸਤ ਵਿਚ ਵੱਡਾ ਤੂਫਾਨ ਖੜਾ ਕਰ ਛੱਡਿਆ ਹੈ। ਪਿਛਲੇ ਦਿਨੀਂ ਕੈਮਲੂਪਸ ਦੇ ਐਮ ਐਲ ਏ ਪੀਟਰ ਮਿਲੋਬਾਰ ਤੇ ਇਆਨ ਪੈਟਨ ਵਲੋਂ ਅਸਤੀਫੇ ਦੇਣ ਉਪਰੰਤ ਹੁਣ ਪਾਰਟੀ ਵਿਚ ਵੱਡੇ ਪ੍ਰਭਾਵ ਵਾਲੇ ਐਬਸਫੋਰਡ ਤੋ ਐਮ ਐਲ ਏ ਬਰੂਸ ਬੈਨਮੈਨ ਨੇ ਵੀ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਤਰਾਂ ਉਹਨਾਂ ਸਮੇਤ ਬਰੈਨਨ ਡੇ, ਟਰੇਸਾ ਵਾਟ, ਰਸਲਨ ਬਰਡ ਸਮੇਤ ਕੁਲ ਛੇ ਐਮ ਐਲ ਏ ਪਾਰਟੀ ਛੱਡ ਗਏ ਹਨ। ਪਾਰਟੀ ਵਿਚ ਪੈਦਾ ਹੋਏ ਇਸ ਗੰਭੀਰ ਸੰਕਟ ਨੂੰ ਵੇਖਦਿਆਂ ਕਾਕਸ ਦੀ ਮੀਟਿੰਗ ਸੋਮਵਾਰ ਨੂੰ ਬੁਲਾਈ ਗਈ ਹੈ।

ਸਭ ਤੋਂ ਤਾਜ਼ਾ ਅਸਤੀਫਾ ਬਰੂਸ ਬੈਨਮੈਨ ਦਾ ਸਾਹਮਣੇ ਆਇਆ ਹੈ। ਉਹ ਅਜਿਹੇ ਆਗੂ ਹਨ ਜਿਸਨੇ ਸਭ ਤੋਂ ਪਹਿਲਾਂ ਲਿਬਰਲ ਪਾਰਟੀ ਛੱਡਕੇ ਜੌਹਨ ਰਸਟਡ ਨਾਲ ਬੀਸੀ ਕੰਸਰਵੇਟਿਵ ਪਾਰਟੀ ਦਾ ਝੰਡਾ ਬੁਲੰਦ ਕੀਤਾ ਸੀ। ਪਾਰਟੀ ਆਗੂ ਜੌਹਨ ਰਸਟਡ ਤੋਂ ਬਾਦ ਪਾਰਟੀ ਲੀਡਰਸ਼ਿਪ ਦੀ ਚੋਣ ਵਿਚ ਸਾਬਕਾ ਐਮ ਪੀ ਕੈਰੀ ਲਿਨ ਫਿਨਲੀ ਨਵੇਂ ਆਗੂ ਚੁਣੇ ਗਏ ਹਨ ਪਰ ਉਹਨਾਂ ਦੀ ਅਗਵਾਈ ਨੂੰ ਲਗਾਤਾਰ ਚੁਣੌਤੀ ਮਿਲ ਰਹੀ ਹੈ।

ਬਰੂਸ ਬੈਨਮੈਨ ਨੇ ਕੰਸਰਵੇਟਵਿ ਪਾਰਟੀ ਤੋਂ ਅਸਤੀਫਾ ਦਿੰਦਿਆਂ ਕਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਉਸਨੂੰ ਦੱਸਿਆ ਹੈ ਕਿ ਕੰਸਰਵੇਟਿਵ ਨੇਤਾ ਕੈਰੀ-ਲਿਨ ਫਿੰਨਲੀ ਕੋਈ ਚੁਣੀ ਹੋਈ ਆਗੂ ਨਹੀ ਤੇ ਉਸਦੀ ਅਗਵਾਈ ਹੇਠ ਐਨ ਡੀ ਪੀ ਨੂੰ ਹਰਾਉਣਾ ਬਹੁਤ ਔਖਾ ਹੈ। ਉਹਨਾਂ ਹੋਰ ਕਿਹਾ ਕਿ ਉਹ ਵੇਖ ਰਹੇ ਹਨ ਕਿ ਬੀਸੀ ਕੰਸਰਵੇਟਿਵ ਦਾ ਘੇਰਾ ਵਿਸ਼ਾਲ ਹੋਣ ਦੀ ਬਿਜਾਏ ਫਿਨਲੀ ਦੀ ਅਗਵਾਈ ਹੈਠ ਸੁੰਗੜ ਗਿਆ ਹੈ।

** ਅਲੱਗ ਹੋਏ ਦੋ ਐਮ ਐਲ ਏਜ਼ ਵਲੋਂ ਨਵੀਂ ਪਾਰਟੀ ਬਣਾਉਣ ਦੀ ਯੋਜਨਾ-
ਵਿਕਟੋਰੀਆ- ਖਬਰ ਹੈ ਕਿ ਬੀਸੀ ਕੰਸਰਵੇਟਿਵ ਪਾਰਟੀ ਦੇ ਬਾਗੀ ਹੋਏ ਐਮ ਐਲ ਏ ਪੀਟਰ ਮਿਲੋਬਾਰ ਅਤੇ ਐਮ ਐਲ ਏ ਇਆਨ ਪੈਟਨ ਨਵੀਂ ਪਾਰਟੀ ਬਣਾਉਣ ਦੀ ਵਿਚਾਰ ਕਰ ਰਹੇ ਹਨ। ਇਆਨ ਪੈਟਨ ਜਿਸ ਨੇ 2017 ਤੋਂ ਡੈਲਟਾ ਸਾਊਥ ਤੋਂ ਐਮਐਲਏ ਵਜੋਂ ਪਹਿਲੀ ਵਾਰ ਚੋਣ ਜਿੱਤੀ ਸੀ  ਨੇ ਐਲਾਨ ਕੀਤਾ ਕਿ ਉਹ ਆਜ਼ਾਦ ਮੈਂਬਰ ਵਜੋਂ ਬੈਠਣ ਲਈ ਕੰਸਰਵੇਟਿਵ ਕੌਕਸ ਨੂੰ ਛੱਡ ਰਹੇ ਹਨ। ਪੀਟਰ ਮਿਲੋਬਾਰ ਵਲੋਂ ਇਸ ਮਹੀਨੇ ਇਸ ਤਰ੍ਹਾਂ ਦਾ ਕਦਮ ਚੁੱਕਣ ਪਿੱਛੋਂ ਕੰਸਰਵੇਟਿਵਾਂ ਨੂੰ ਛੱਡਣ ਵਾਲੇ ਉਹ ਦੂਸਰੇ ਐਮਐਲਏ ਹਨ। ਪਾਰਟੀ ਦੀ ਨਵੀਂ ਨੇਤਾ ਕੈਰੀ-ਲਿਨ ਫਿੰਨਲੀ ਨਾਲ ਵਿਚਾਰਧਾਰਕ ਤਾਲਮੇਲ ਦੀ ਘਾਟ ਦਾ ਹਵਾਲਾ ਦਿੰਦਿਆਂ ਮਿਲੋਬਾਰ ਨੇ ਪਾਰਟੀ ਛੱਡ ਦਿੱਤੀ ਸੀ। ਪੈਟਨ ਨੇ ਵੀ ਕਿਹਾ ਕਿ ਪਾਰਟੀ ਦੀ ਦਿਸ਼ਾ ਉਸ ਦੇ ਵਿਸ਼ਵਾਸ਼ ਨਾਲ ਮੇਲ ਨਹੀਂ ਖਾਂਦੀ। ਦੋਵਾਂ ਨੇ ਵਿਕਟੋਰੀਆ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਲੈਜਿਸਲੇਟਿਵ ਦੇ ਪੱਤਝੜ ਦੇ ਇਜਲਾਸ ਤੋਂ ਪਹਿਲਾਂ ਇਲੈਕਸ਼ਨ ਬੀਸੀ ਕੋਲ ਇਕ ਅਧਿਕਾਰਤ ਪਾਰਟੀ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਦੀ ਯੋਜਨਾ ਹੈ।

 

Leave a Reply

Your email address will not be published. Required fields are marked *