Aug 29, 2026

ਕੈਨੇਡਾ ਵੱਲੋਂ ਅਮਰੀਕਾ ਤੋਂ ਵਿਗਿਆਨਕ  ਪ੍ਰਤਿਭਾ ਦੀ ‘ਵਾਪਸੀ’ — 64 ਖੋਜਕਾਰਾਂ ਦੀ ਪਹਿਲੀ ਭਰਤੀ-
ਸੁਰਿੰਦਰ ਮਾਵੀ, ਵਿੰਨੀਪੈੱਗ, 28 ਅਗਸਤ
ਕੈਨੇਡਾ ਨੇ ਵਿਸ਼ਵ ਪੱਧਰ ਦੇ ਵਿਗਿਆਨੀਆਂ ਅਤੇ ਖੋਜਕਾਰਾਂ ਨੂੰ ਆਪਣੇ ਵੱਲ ਖਿੱਚਣ ਦੀ ਮੁਹਿੰਮ ਨੂੰ ਤੇਜ਼ ਕਰਦਿਆਂ ਪਹਿਲੇ ਪੜਾਅ ਵਿੱਚ 64 ਉੱਘੇ ਖੋਜਕਾਰਾਂ ਦੀ ਭਰਤੀ ਕੀਤੀ ਹੈ। ਇਨ੍ਹਾਂ ਵਿੱਚ ਵੱਡੀ ਗਿਣਤੀ ਅਜਿਹੇ ਵਿਗਿਆਨੀਆਂ ਦੀ ਹੈ ਜੋ ਪਹਿਲਾਂ ਅਮਰੀਕਾ ਦੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਕੰਮ ਕਰ ਰਹੇ ਸਨ।ਇਸ ਭਰਤੀ ਲਈ ਫੈਡਰਲ ਸਰਕਾਰ ਅਗਲੇ ਅੱਠ ਸਾਲਾਂ ਦੌਰਾਨ 504 ਮਿਲੀਅਨ ਕੈਨੇਡੀਅਨ ਡਾਲਰ ਮੁਹੱਈਆ ਕਰੇਗੀ। ਨਵੇਂ ਖੋਜਕਾਰਾਂ ਨੂੰ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਨਿਯੁਕਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC), ਮੈਕਗਿਲ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਸ਼ਾਮਲ ਹਨ।
ਇਸ ਯੋਜਨਾ ਦੀ ਖ਼ਾਸ ਗੱਲ ਇਹ ਹੈ ਕਿ ਚਾਰ ਸਭ ਤੋਂ ਵੱਧ ਤਨਖ਼ਾਹ ਵਾਲੇ Eddie Goldenberg Distinguished Research Chairs ਸਮੇਤ ਦਰਜਨਾਂ ਨਿਯੁਕਤੀਆਂ ਅਮਰੀਕੀ ਸੰਸਥਾਵਾਂ ਤੋਂ ਹੋਈਆਂ ਹਨ। ਇਨ੍ਹਾਂ ਵਿੱਚ ਹਾਰਵਰਡ ਅਤੇ ਐਮਆਈਟੀ ਵਰਗੀਆਂ ਵਿਸ਼ਵ-ਪ੍ਰਸਿੱਧ ਸੰਸਥਾਵਾਂ ਵਿੱਚ ਕੰਮ ਕਰ ਚੁੱਕੇ ਖੋਜਕਾਰ ਵੀ ਸ਼ਾਮਲ ਹਨ।
ਵੈਨਕੂਵਰ ਵਿੱਚ ਭਰਤੀ ਦਾ ਐਲਾਨ ਕਰਦਿਆਂ ਉਦਯੋਗ ਮੰਤਰੀ ਮੈਲਾਨੀ ਜੋਲੀ ਨੇ ਕਿਹਾ ਕਿ ਕੈਨੇਡਾ ਅਜਿਹੇ ਸਮੇਂ ਵਿਗਿਆਨ ਵਿੱਚ ਨਿਵੇਸ਼ ਵਧਾ ਰਿਹਾ ਹੈ ਜਦੋਂ ਦੁਨੀਆ ਦੇ ਕੁਝ ਹੋਰ ਹਿੱਸਿਆਂ ਵਿੱਚ ਵਿਗਿਆਨਕ ਖੇਤਰ ਵੱਲ ਰੁਝਾਨ ਘਟ ਰਿਹਾ ਹੈ। ਉਨ੍ਹਾਂ ਮੁਤਾਬਕ ਉੱਚ ਪੱਧਰੀ ਪ੍ਰਤਿਭਾ ਨੂੰ ਕੈਨੇਡਾ ਲਿਆਉਣ ਨਾਲ ਨਵੀਂਆਂ ਵਿਗਿਆਨਕ ਖੋਜਾਂ ਹੋਣਗੀਆਂ, ਜੋ ਲੋਕਾਂ ਦੀ ਜ਼ਿੰਦਗੀ ਸੁਧਾਰਨ ਦੇ ਨਾਲ ਦੇਸ਼ ਦੀ ਨਵੀਨਤਾ ਸਮਰੱਥਾ ਨੂੰ ਵੀ ਮਜ਼ਬੂਤ ਕਰਨਗੀਆਂ।ਸਰਕਾਰ ਨੇ ਇਸ ਦੇ ਨਾਲ ਅਗਲੇ ਇੱਕ ਸਾਲ ਦੌਰਾਨ 63 ‘ਉੱਭਰਦੇ ਆਗੂਆਂ’ ਦੀ ਭਰਤੀ ਲਈ 37 ਮਿਲੀਅਨ ਡਾਲਰ ਤੋਂ ਵੱਧ ਦੀ ਵਾਧੂ ਰਕਮ ਦਾ ਵੀ ਐਲਾਨ ਕੀਤਾ ਹੈ।
UBC ਵਿੱਚ ਨਿਯੁਕਤ ਕੀਤੇ ਗਏ ਨੌਂ ਖੋਜ ਚੇਅਰਾਂ ਵਿੱਚ ਪੀਟਰ ਕੈਰਾਵਨ ਵੀ ਸ਼ਾਮਲ ਹਨ। ਉਹ ਪਹਿਲਾਂ ਹਾਰਵਰਡ ਮੈਡੀਕਲ ਸਕੂਲ ਵਿੱਚ ਰੇਡਿਓਲੋਜੀ ਦੇ ਪ੍ਰੋਫੈਸਰ ਸਨ ਅਤੇ ਮੌਲੀਕਿਊਲਰ ਇਮੇਜਿੰਗ ਦੇ ਖੇਤਰ ਵਿੱਚ ਕੰਮ ਕਰਦੇ ਰਹੇ ਹਨ।
ਕੈਰਾਵਨ ਲਈ ਇਹ ਨਿਯੁਕਤੀ ਸਿਰਫ਼ ਨੌਕਰੀ ਬਦਲਣ ਦਾ ਮਾਮਲਾ ਨਹੀਂ। ਕੈਨੇਡਾ ਵਿੱਚ ਜਨਮੇ ਅਤੇ ਇੱਥੇ ਹੀ ਆਪਣੀ ਉੱਚ ਸਿੱਖਿਆ ਪੂਰੀ ਕਰਨ ਵਾਲੇ ਕੈਰਾਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਉਸ ਦੇਸ਼ ਅਤੇ ਯੂਨੀਵਰਸਿਟੀ ਵਿੱਚ ਵਾਪਸ ਆ ਕੇ ਆਪਣਾ ਤਜਰਬਾ ਅਤੇ ਖੋਜ ਮੁੜ ਨਿਵੇਸ਼ ਕਰਨ ਦਾ ਮੌਕਾ ਮਿਲ ਰਿਹਾ ਹੈ, ਜਿੱਥੋਂ ਉਨ੍ਹਾਂ ਦੇ ਵਿਗਿਆਨਕ ਸਫ਼ਰ ਦੀ ਸ਼ੁਰੂਆਤ ਹੋਈ ਸੀ।
ਇਹ ਖੋਜ ਚੇਅਰਾਂ ਹੁਣ ਮਰਹੂਮ ਐਡੀ ਗੋਲਡਨ ਬਰਗ ਦੇ ਨਾਮ ’ਤੇ ਹਨ। ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰੇਤਿਏਂ ਦੇ ਨੀਤੀ ਸਲਾਹਕਾਰ ਅਤੇ ਚੀਫ਼ ਆਫ਼ ਸਟਾਫ਼ ਰਹੇ ਗੋਲਡਨਬਰਗ ਦਾ ਪਿਛਲੇ ਮਹੀਨੇ ਦੇਹਾਂਤ ਹੋਇਆ ਸੀ। ਸਰਕਾਰ ਮੁਤਾਬਕ ਉਨ੍ਹਾਂ ਨੇ ਕੈਨੇਡਾ ਦੇ ਖੋਜ ਅਤੇ ਨਵੀਨਤਾ ਖੇਤਰ ਨੂੰ ਮਜ਼ਬੂਤ ਕਰਨ ਵਿੱਚ ਦਹਾਕਿਆਂ ਤੱਕ ਅਹਿਮ ਭੂਮਿਕਾ ਨਿਭਾਈ।
ਕੈਨੇਡਾ ਦੀ ਇਹ ਪਹਿਲ ਸਿਰਫ਼ ਨਵੇਂ ਵਿਗਿਆਨੀਆਂ ਦੀ ਭਰਤੀ ਨਹੀਂ, ਸਗੋਂ ਵਿਸ਼ਵ ਪੱਧਰੀ ਵਿਗਿਆਨਕ ਪ੍ਰਤਿਭਾ ਲਈ ਅਮਰੀਕਾ ਨਾਲ ਵਧ ਰਹੇ ਮੁਕਾਬਲੇ ਦਾ ਵੀ ਸੰਕੇਤ ਮੰਨੀ ਜਾ ਰਹੀ ਹੈ।

Leave a Reply

Your email address will not be published. Required fields are marked *