ਨਿਊਯਾਰਕ (ਏਜੰਸੀਆਂ) -ਅਮਰੀਕਾ ਦੌਰੇ ਤੇ ਆਏ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਨ ਭਾਗਵਤ ਨੇ ਨਿਊਯਾਰਕ ਵਿੱਚ ‘ਵਨ ਵਰਲਡ ਵਨ ਹਿਊਮੈਨਿਟੀ’ ਸਮਾਗਮ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਆਰ ਐਸ ਐਸ ਕਿਸੇ ਫਿਰਕੇ ਜਾਂ ਮੁਸਲਿਮ ਵਿਰੋਧੀ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਹਿੰਦੂ ਇਹ ਸੋਚਦਾ ਹੈ ਕਿ ਭਾਰਤ ਵਿੱਚ ਮੁਸਲਮਾਨ ਨਹੀਂ ਹੋਣੇ ਚਾਹੀਦੇ ਤਾਂ ਉਹ ਹਿੰਦੂ ਨਹੀਂ ਹੋ ਸਕਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਹਿੰਦੂ ਹੋਣ ਦਾ ਅਰਥ ਇਹ ਮੰਨਣਾ ਹੈ ਕਿ ਸਾਰੇ ਰਸਤੇ ਇੱਕੋ ਟੀਚੇ ਵੱਲ ਜਾਂਦੇ ਹਨ ਅਤੇ ਹਰ ਇਨਸਾਨ ਦੀ ਇੱਜ਼ਤ ਅਤੇ ਮਰਿਆਦਾ ਇੱਕ ਸਾਮਾਨ ਹੈ।
ਭਾਗਵਤ ਨੇ ਕਿਹਾ ਕਿ ਉਹ ਖ਼ਦ ਕੋਈ ਧਾਰਮਿਕ ਵਿਦਵਾਨ ਨਹੀਂ ਹਨ ਪਰ ਜਿਸ ਸਮਾਜ ਵਿੱਚ ਉਹ ਕੰਮ ਕਰਦੇ ਹਨ, ਉਸ ਦੀ ਪਰੰਪਰਾ ਮੰਨਦੀ ਹੈ ਕਿ ਧਰਮ ਵੱਖੋ-ਵੱਖਰੇ ਹੋ ਸਕਦੇ ਹਨ ਪਰ ਮਾਨਵਤਾ ਇੱਕ ਹੀ ਹੈ ਅਤੇ ਪ੍ਰਮਾਤਮਾ ਤੱਕ ਪਹੁੰਚਣ ਦੇ ਸਾਰੇ ਰਾਹ ਇੱਕੋ ਜਿਹੇ ਹਨ।
ਆਪਣੇ ਸੰਬੋਧਨ ਦੌਰਾਨ ਮੋਹਨ ਭਾਗਵਤ ਨੇ ਚਾਰ ਅਹਿਮ ਗੱਲਾਂ ‘ਤੇ ਰੌਸ਼ਨੀ ਪਾਈ।ਉਨ੍ਹਾਂ ਕਿਹਾ ਕਿ ਇਨਸਾਨ ਆਪਣੇ ਦਿਮਾਗ ਦੇ ‘ਸਾਫਟਵੇਅਰ’ ਦਾ ਕੈਦੀ ਹੈ। ਉਨ੍ਹਾਂ ਕਿਹਾ ਕਿ ਸੱਚ ਇੱਕ ਹੈ ਅਤੇ ਮਾਨਵਤਾ ਉਸੇ ਸੱਚ ਦੀ ਉਪਜ ਹੈ। ਲੋਕ ਆਪਣੀ ਸਮਝ ਅਤੇ ਨਜ਼ਰੀਏ ਮੁਤਾਬਕ ਸੱਚ ਨੂੰ ਅਲੱਗ ਤਰੀਕੇ ਨਾਲ ਬਿਆਨ ਕਰਦੇ ਹਨ, ਕਿਉਂਕਿ ਇਨਸਾਨ ਆਪਣੇ ਦਿਮਾਗ ਵਿੱਚ ਬਣੇ ਸਾਫਟਵੇਅਰ ਦਾ ਕੈਦੀ ਹੁੰਦਾ ਹੈ ਜੋ ਉਸਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਦੁਨੀਆ ਵਿੱਚ ਧਰਮ ਨੂੰ ਰੀਤੀ-ਰਿਵਾਜਾਂ ਅਤੇ ਕਰਮ ਕਾਂਡਾਂ ਨਾਲ ਜੋੜਿਆ ਜਾਂਦਾ ਹੈ। ਧਾਰਮਿਕ ਅਨੁਸ਼ਾਸਨ ਦਾ ਪਾਲਣ ਕਰਨ ਅਤੇ ਅਧਿਆਤਮਿਕਤਾ ਵੱਲ ਵਧਣ ਲਈ ਕਰਮਕਾਂਡਾਂ ਦਾ ਇਹ ਅਨੁਸ਼ਾਸਨ ਵੀ ਜ਼ਰੂਰੀ ਹੈ।
ਇੱਕ ਵਿਸ਼ਵ, ਇੱਕ ਮਾਨਵਤਾ ਦੀ ਪਰੰਪਰਾ: ਇਤਿਹਾਸ ਦੌਰਾਨ ਭਾਰਤੀ ਸਮਾਜ ਅਤੇ ਦੇਸ਼ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਹੋਏ ਜਿਸ ਨਾਲ ਬਹੁਤ ਕੁਝ ਨਸ਼ਟ ਹੋਇਆ ਪਰ ‘ਇੱਕ ਵਿਸ਼ਵ, ਇੱਕ ਮਾਨਵਤਾ’ ਦੀ ਉਹ ਪੁਰਾਣੀ ਪਰੰਪਰਾ ਅੱਜ ਵੀ ਮੌਜੂਦ ਹੈ ਜੋ ਲੋਕਾਂ ਨੂੰ ਸਿਖਾਉਂਦੀ ਹੈ। ਰਾਜਨੀਤੀ ਹੁਣ ਸੁਆਰਥ ਦਾ ਖੇਡ ਬਣ ਗਈ: ਮਾਨਵਤਾ ਦੀ ਏਕਤਾ ਭਾਰਤ ਦੀ ਰਵਾਇਤੀ ਸੋਚ ਹੈ ਜਿਸ ਨੂੰ ਸੰਵਿਧਾਨ ਵਿੱਚ ਵੀ ਮਹੱਤਵ ਮਿਲਿਆ, ਪਰ ਇਹ ਜ਼ਮੀਨੀ ਪੱਧਰ ‘ਤੇ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀ। ਅੱਜ ਦੀ ਰਾਜਨੀਤੀ ਸਿਰਫ਼ ਸੁਆਰਥ ਦਾ ਖੇਡ ਬਣ ਚੁੱਕੀ ਹੈ। ਜਿੱਥੇ ‘ਮੈਂ ਅਤੇ ਮੇਰਾ’ ਦੀ ਭਾਵਨਾ ਹੋਵੇ, ਉੱਥੇ ਹੱਲ ਨਹੀਂ ਨਿਕਲਦਾ। ਬਦਲਾਅ ਦੀ ਸ਼ੁਰੂਆਤ ਰਾਜਨੀਤੀ ਤੋਂ ਨਹੀਂ, ਸਗੋਂ ਸਮਾਜ ਤੋਂ ਕਰਨੀ ਪਵੇਗੀ।
ਆਰ.ਐਸ.ਐਸ. ਦੇ ਸ਼ਤਾਬਦੀ ਸਾਲ ਦੇ ਜਸ਼ਨਾਂ ਤਹਿਤ ਸਥਾਨਕ ਸੰਸਥਾਵਾਂ ਦੇ ਸੱਦੇ ’ਤੇ ਮੋਹਨ ਭਾਗਵਤ ਆਪਣੇ ਤਿੰਨ ਦੇਸ਼ਾਂ (ਅਮਰੀਕਾ, ਕੈਨੇਡਾ ਅਤੇ ਯੂਨਾਈਟਿਡ ਕਿੰਗਡਮ) ਦੇ ਵਿਸ਼ਵ ਦੌਰੇ ਦੇ ਪਹਿਲੇ ਪੜਾਅ ਤਹਿਤ ਇਸ ਹਫ਼ਤੇ ਦੇ ਸ਼ੁਰੂ ਵਿੱਚ ਨਿਊਯਾਰਕ ਪਹੁੰਚੇ ਸਨ।
