ਐਡਮਿੰਟਨ-ਅਲਬਰਟਾ ਦੇ ਦੋ ਸਾਬਕਾ ਰਾਜਨੀਤਕ ਵਿਰੋਧੀ ਸੂਬੇ ਦੇ ਕੈਨੇਡਾ ਵਿਚ ਬਣੇ ਰਹਿਣ ਦਾ ਮਾਮਲਾ ਬਣਾਉਣ ਵਾਲੀਆਂ ਤਾਕਤਾਂ ਵਿਚ ਸ਼ਾਮਿਲ ਹੋ ਰਹੇ ਹਨ। ਕੈਨੇਡੀਅਨ ਚੈਂਬਰ ਆਫ ਕਾਮਰਸ ਦਾ ਕਹਿਣਾ ਕਿ ਦੋ ਸਾਬਕਾ ਪ੍ਰੀਮੀਅਰ ਜੈਸਨ ਕੈਨੀ ਅਤੇ ਰੇਚਲ ਨੋਟਲੀ ਦੇਸ਼ ਨੂੰ ਇਕਜੁੱਟ ਰੱਖਣ ਦੀ ਇਸ ਮੁਹਿੰਮ ਦੀ ਸਹਿ ਪ੍ਰਧਾਨਗੀ ਕਰ ਰਹੇ ਹਨ। 2019 ਵਿਚ ਨੋਟਲੀ ਦੀ ਐਨਡੀਪੀ ਸਰਕਾਰ ਨੂੰ ਹਰਾ ਕੇ ਯੂਨਾਈਟਡ ਕੰਸਰਵੇਟਿਵ ਪਾਰਟੀ ਤਹਿਤ ਕੈਨੀ ਪ੍ਰੀਮੀਅਰ ਬਣੇ ਸਨ। ਚੈਂਬਰ ਦਾ ਕਹਿਣਾ ਕਿ ਦੋਵੇਂ ਇਹ ਦਿਖਾਉਣ ਦੀ ਮੁਹਿੰਮ ਦੀ ਅਗਵਾਈ ਕਰਨਗੇ ਕਿ ਅਲਬਰਟਾ ਦੀ ਖੁਸ਼ਹਾਲੀ ਕੈਨੇਡਾ ਦੇ ਅੰਦਰ ਰਹਿਣ ਨਾਲ ਹੈ। ਚੈਂਬਰ ਨੇ ਦੱਸਿਆ ਕਿ ਮੁਹਿੰਮ ਦੇ ਵੇਰੇਵਿਆਂ ’ਤੇ ਅਜੇ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਨੂੰ ਸਹਿ-ਪ੍ਰਧਾਨਾਂ ਅਤੇ ਮੈਂਬਰਾਂ ਵਿਚਕਾਰ ਵਿਚਾਰ ਚਰਚਾ ਨਾਲ ਚਲਾਇਆ ਜਾਵੇਗਾ। ਅਲਬਰਟਾ ਵਿਚ 19 ਅਕਤੂਬਰ ਨੂੰ ਰਾਏਸ਼ਮਾਰੀ ਕਰਵਾਉਣ ਲਈ ਵੋਟਾਂ ਪਾਈਆਂ ਜਾਣਗੀਆਂ ਕਿ ਕੀ ਉਹ ਚਾਹੁੰਦੇ ਹਨ ਕਿ ਅਲਬਰਟਾ ਕੈਨੇਡਾ ਵਿਚ ਰਹੇ ਜਾਂ ਦੇਸ਼ ਛੱਡਣ ਲਈ ਬਾਈਡਿੰਗ ਵੋਟਿੰਗ ਕਰਵਾਈ ਜਾਵੇ। ਇਕ ਬਿਆਨ ਵਿਚ ਨੋਟਲੀ ਨੇ ਕਿਹਾ ਕਿ ਉਹ ਅਤੇ ਕੈਨੀ ਕਈ ਗੱਲਾਂ ਨੂੰ ਲੈ ਕੇ ਇਕ ਮਤ ਨਹੀਂ ਪਰ ਦੋਵੇਂ ਇਸ ਗੱਲ ’ਤੇ ਸਹਿਮਤ ਹਨ ਕਿ ਰਾਏਸ਼ਮਾਰੀ ਅਲਬਰਟਾ ਵਿਚ ਕਾਰੋਬਾਰ ਲਈ ਮਾੜੀ ਹੈ ਅਤੇ ਅਮਰੀਕਾ ਨਾਲ ਵਪਾਰ ਜੰਗ ਚੱਲਣ ਕਾਰਨ ਖਰਾਬ ਸਮਾਂ ਹੈ।
