ਬੁੱਢਾ ਦਲ ਪਾਸ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਏ ਗਏ
ਅੰਮ੍ਰਿਤਸਰ:- 30 ਅਗਸਤ – ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਵੈਸਟ ਬ੍ਰੋਮਵਿਚ ਯੂ.ਕੇ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਸਮਾਗਮ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਸਿੱਖ ਧਰਮ ਨਾਲ ਸਬੰਧਤ ਉਚ ਧਾਰਮਿਕ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਜਿਸ ਵਿੱਚ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਉਚੇਚੇ ਤੌਰ ਤੇ ਪੁਜੇ।
ਇਸ ਵਿਸ਼ਾਲ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਨੰਦ ਸਿੰਘ ਅਤੇ ਬਾਬਾ ਈਸ਼ਰ ਸਿੰਘ ਦੋਹਾਂ ਮਹਾਪੁਰਸ਼ਾਂ ਨੇ ਬੁੱਢਾ ਦਲ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਉਨ੍ਹਾਂ ਸਿੱਖ ਇਤਿਹਾਸ ਅਤੇ ਬੁੱਢਾ ਦਲ ਦੇ ਮੁੱਢਲੇ ਮੁਖੀਆਂ ਨੂੰ ਗੁਰੂ ਘਰੋਂ ਮਿਲੀਆਂ ਬਖਸ਼ਿਸ਼ਾਂ ਬਾਰੇ ਸੰਗਤਾਂ ਨਾਲ ਸਾਂਝ ਪਾਈ। ਸ਼ਸਤਰਾਂ ਦੇ ਦਰਸ਼ਨਾਂ ਲਈ ਉਤਸੁਕ ਹੋਈਆਂ ਸੰਗਤਾਂ ਨੇ ਖਾਲਸਾਈ ਜੈਕਾਰਿਆਂ ਨਾਲ ਸ਼ਸਤਰਾਂ ਦਾ ਸਵਾਗਤ ਕੀਤਾ। ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਪਾਸ ਇਤਿਹਾਸਕ ਸ਼ਸਤਰਾਂ ਦਾ ਇਤਿਹਾਸ ਤੇ ਇਨ੍ਹਾਂ ਦੀ ਮਹਾਨਤਾ ਬਾਰੇ ਜਾਣਕਾਰੀ ਸੰਗਤਾਂ ਨੂੰ ਦੇਂਦਿਆਂ ਸਤਿਕਾਰ ਸਹਿਤ ਦਰਸ਼ਨ ਕਰਵਾਏ।
