ਸੋਕਰ, ਹਾਕੀ, ਕੁਸ਼ਤੀ, ਬਾਸਕਿਟਬਾਲ, ਵਾਲੀਬਾਲ ਅਤੇ ਰੱਸਾਕਸ਼ੀ ਦੇ ਦਿਲਚਸਪ ਮੁਕਾਬਲੇ ਕਰਵਾਏ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਸ਼ਹੀਦੋ ਕੀ ਚਿਤਾਊਂ ਪਰ ਲਗੇਂਗੇ ਹਰ ਬਰਸ ਮੇਲੇ ਦੇ ਕਥਨ ਅਨੁਸਾਰ ਗਦਰ ਪਾਰਟੀ ਦੇ ਯੋਧਿਆਂ ਅਤੇ ਬਬਰਾਂ ਦੀ ਯਾਦ ਨੂੰ ਸਮਰਪਿਤ ਸ਼ਹੀਦ ਕਰਮ ਸਿੰਘ (ਬਬਰ)) ਦੌਲਤਪੁਰ ਦੇ ਨਾਂ ਤੇ ਖਾਲਸਾ ਦੀਵਾਨ ਸੁਸਾਇਟ ਐਬਸਫੋਰਡ ਦੀ ਪ੍ਰਬੰਧਕ ਕਮੇਟੀ ਵੱਲੋਂ 28, 29, 30 ਅਗਸਤ ਨੂੰ ਡਬਲਿਊ ਜੀ ਮਾਊਂਟ ਸੈਕੰਡਰੀ ਸਕੂਲ ਵਿਚ ਟੂਰਨਾਮੈਂਟ ਦੇ ਖੇਡ ਮੈਦਾਨਾਂ ਵਿਚ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਢਿੱਲੋਂ, ਮੀਤ ਪ੍ਰਧਾਨ ਜਗਦੇਵ ਸਿੰਘ ਮੱਖਣ ਗਿੱਲ, ਜਨਰਲ ਸੈਕਟਰੀ ਲਖਵਿੰਦਰ ਸਿੰਘ ਬਰਾੜ ਤੇ ਹੋਰ ਅਹੁਦੇਦਾਰਾਂ ਵਿਚ ਸ਼ਾਮਿਲ ਗੁਰਵੀਰ ਸਿੰਘ ਬਰਾੜ, ਅਮਰ ਸਿੰਘ ਧਾਲੀਵਾਲ, ਬਲਹਾਰ ਸਿੰਘ ਤੱਖਰ, ਅਮਰਜੀਤ ਸਿੰਘ ਨਾਰੰਗ, ਮਨਜਿੰਦਰ ਸਿੰਘ ਔਜਲਾ, ਅਮਰੀਕ ਸਿੰਘ ਵਿਰਕ, ਸੁਰਜੀਤ ਸਿੰਘ ਸਿੱਧੂ, ਮਲਕੀਤ ਸਿੰਘ ਤੂਰ ਅਤੇ ਗੁਰਮੇਲ ਸਿੰਘ ਸੰਧੂ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਤੇ ਵਲੰਟੀਅਰਾਂ ਦੇ ਸਹਿਯੋਗ ਸਦਕਾ ਟੂਰਨਾਮੈਂਟ ਸਫਲਤਾ-ਪੂਰਨ ਸਮਾਪਤ ਹੋਇਆ। ਟੂਰਨਾਮੈਂਟ ਦੌਰਾਨ ਸੋਕਰ, ਹਾਕੀ, ਕੁਸ਼ਤੀ, ਬਾਸਕਿਟਬਾਲ, ਵਾਲੀਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਐਬਸਫੋਰਡ ਦੀਆਂ ਖੁੱਲ੍ਹੀਆਂ ਗਰਾਂਉਡਾਂ ਅਤੇ ਮੌਸਮ ਨੂੰ ਮੁੱਖ ਰੱਖਦੇ ਹੋਏ ਵਾਲੀਬਾਲ ਤੇ ਬਾਸਕਿਟਬਾਲ ਦੇ ਮੁਕਾਬਲੇ ਵਾਸਤੇ ਸਕੂਲ ਦੇ ਹਾਲ ਦਾ ਪ੍ਰਬੰਧ ਕੀਤਾ ਗਿਆ। ਉਘੇ ਲੇਖਕ ਤੇ ਬੁਲਾਰੇ ਗੁਰਦੇਵ ਸਿੰਘ ਬਰਾੜ ਆਲਮਵਾਲਾ ਨੇ ਦੱਸਿਆ ਕਿ 1998 ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿਸ ਨਾਲ ਛੋਟੇ ਬੱਚੇ ਖੇਡਾਂ ਵਿਚ ਦਿਲਚਸਪੀ ਦਿਖਾ ਰਹੇ ਹਨ ਤੇ ਨਵੀਂ ਪੀੜੀ ਨੂੰ ਖੇਡਾਂ ਨਾਲ ਜੋੜਨ ਦਾ ਉੱਦਮ ਸ਼ਲਾਘਾਯੋਗ ਹੈ। ਖ਼ਾਲਸਾ ਦੀਵਾਨ ਸੁਸਾਇਟੀ ਦੇ ਵੈਨਕੂਵਰ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ, ਜੁਗਿੰਦਰ ਸਿੰਘ ਸੁੰਨੜ ਸੁਖਪਾਲ ਸਿੰਘ ਝੂਟੀ ਅਤੇ ਸੁਰਜੀਤ ਸਿੰਘ ਢਿੱਲੋਂ ਨੇ ਨਿੱਜੀ ਹਾਜ਼ਰੀ ਲੁਆਈ। ਵੈਨਕੂਵਰ ਸੁਸਾਇਟੀ ਵਲੋਂ ਟੂਰਨਾਮੈਂਟ ਲਈ ਮਾਇਕ ਸਹਾਇਤਾ ਲਈ ਚੈਕ ਵੀ ਭੇਟ ਕੀਤਾ ਗਿਆ। ਮਿਸ਼ਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੀ ਉਚੇਚੇ ਤੌਰ ਤੇ ਪਹੁੰਚੀ ਹੋਈ ਸੀ। ਕਰਮ ਸਿੰਘ (ਬਬਰ) ਦੌਲਤਪੁਰ ਨੇ ਭਾਰਤ ਦੀ ਆਜ਼ਾਦੀ ਵਾਸਤੇ ਕੈਨੇਡਾ ਦੇ ਸੁਖ ਤਿਆਗ ਕੇ ਭਾਰਤ ਵਿਚ ਸ਼ਹੀਦੀ ਦਿੱਤੀ ਤੇ ਗੁਰੂ ਘਰ ਨੂੰ 4 ਏਕੜ ਜ਼ਮੀਨ ਜਾਣ ਤੋਂ ਪਹਿਲਾਂ ਦਾਨ ਕਰ ਦਿੱਤੀ ਸੀ। ਉਨ੍ਹਾਂ ਦੀ ਯਾਦ ਵਿਚ ਦੂਸਰਾ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ।
ਇਸ ਮੌਕੇ ਕੰਸਰਵੇਟਿਵ ਐਮ.ਪੀ ਸੁਖਮਨ ਸਿੰਘ ਗਿੱਲ, ਐਮ ਪੀ ਬਰੈਡ ਵਿਸ, ਐਮ ਐਲ ਏ ਹਰਮਨ ਭੰਗੂ, ਐਮ ਐਲ ਏ ਬਰੂਸ ਬੈਨਮੈਨ, ਕੌਂਸਲਰ ਦੇਵ ਸਿੱਧੂ, ਕੌਂਸਲਰ ਉਮੀਦਵਾਰ ਜੈਗ ਸਿੱਧੂ, ਸਕੂਲ ਟਰੱਸਟੀ ਉਮੀਦਵਾਰ ਵਿਨੈਦੀਪ ਵੜੈਚ, ਸ ਅਵਤਾਰ ਸਿੰਘ ਰਾਜਾ ਗਿੱਲ, ਸ ਜਸਵੀਰ ਸਿੰਘ ਪੰਨੂ, ਸ ਕੁਲਦੀਪ ਸਿੰਘ ਸਿੱਧੂ ਸੀਨੀਅਰ ਮੈਨੇਜਰ ਖਾਲਸਾ ਕਰੈਡਿਟ ਯੂਨੀਅਨ, ਹਰਜੋਤ ਸੰਧੂ, ਸੁਰਿੰਦਰਪਾਲ ਗਰੇਵਾਲ ਤੋਂ ਇਲਾਵਾ ਹੋਰ ਸਥਾਨਕ ਨੇਤਾਵਾਂ ਨੇ ਹਾਜ਼ਰੀ ਲੁਆਈ। ਪ੍ਰਬੰਧਕਾਂ ਕਮੇਟੀ ਵਲੋਂ ਸਭ ਦਾ ਮਾਣ ਸਨਮਾਨ ਕੀਤਾ ਗਿਆ। ਸਾਰਿਆਂ ਪਤਵੰਤੇ ਸੱਜਣਾਂ ਨੇ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ। ਲੰਗਰ ਪਾਣੀ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਸੀ। ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਨਵੀਂ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਸਫਲਤਾਪੂਰਵਕ ਟੂਰਨਾਮੈਂਟ ਕਰਵਾਉਣ ਲਈ ਕਮੇਟੀ ਵਧਾਈ ਦੀ ਪਾਤਰ ਹੈ।
ਤਸਵੀਰਾਂ- ਸ਼ਰਮਾ, ਜੌਹਨ ਬੇਦੀ।


























































