Sep 5, 2026

ਸੁਖਵਿੰਦਰ ਸਿੰਘ ਚੋਹਲਾ-

ਇਸ ਸੋਮਵਾਰ ਨੂੰ ਤਿੰਨ ਸੰਸਦੀ ਸੀਟਾਂ ਦੀ ਉਪ ਚੋਣ ਵਿਚ ਲਿਬਰਲ ਪਾਰਟੀ ਦੀ ਜਿੱਤ ਨੂੰ ਪ੍ਰਧਾਨ ਮੰਤਰੀ ਕਾਰਨੀ ਦੀ ਲੋਕਪ੍ਰਿਯਤਾ ਵਿਚ ਵਾਧੇ ਜਾਂ ਉਹਨਾਂ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਕੈਨੇਡਾ ਖਿਲਾਫ ਹੋਸ਼ੀਆਂ ਟਿਪਣੀਆਂ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਕਾਰਨੀ ਵਲੋਂ ਵਿਖਾਏ ਜਾ ਰਹੇ ਤਹੱਮਲ ਅਤੇ ਸਿਆਣਪ ਦੇ ਨਾਲ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਦੀ ਮੇਜ ਉਪਰ ਅਮਰੀਕਾ ਦੀਆਂ ਸ਼ਰਤਾਂ ਅੱਗੇ ਨਾ ਝੁਕਣ ਅਤੇ ਉਠਾਏ ਗਏ ਆਰਥਿਕ ਉਪਾਵਾਂ ਤੋਂ ਲੋਕ ਇਹ ਸਮਝਦੇ ਹਨ ਕਿ ਉਹ ਲਿਬਰਲ ਪਾਰਟੀ ਅਤੇ ਮੁਲਕ ਨੂੰ ਸਹੀ ਅਗਵਾਈ ਦੇ ਰਹੇ ਹਨ। ਤਿੰਨ ਸੰਸਦੀ ਸੀਟਾਂ ਦੀ ਉਪ ਚੋਣ ਵਿਚ ਲਿਬਰਲ ਉਮੀਦਵਾਰਾਂ ਦੀ ਜਿੱਤ ਨੂੰ ਮੀਡੀਆ ਅਤੇ ਸਿਆਸੀ ਵਿਸ਼ਲੇਸ਼ਕ ਇਸੇ ਨਜ਼ਰ ਨਾਲ ਵੇਖ ਰਹੇ ਹਨ। ਪ੍ਰਸਿਧ ਚੈਨਲ ਸੀਟੀਵੀ ਵਲੋਂ ਲਿਬਰਲਾਂ ਦੀ ਇਸ ਜਿੱਤ ਦਾ ਵਿਸ਼ਲੇਸ਼ਣ ਇਸ ਪ੍ਰਕਾਰ ਹੈ-

ਲਿਬਰਲਾਂ ਨੇ ਸੋਮਵਾਰ ਰਾਤ ਨੂੰ ਤਿੰਨ ਫੈਡਰਲ ਉਪ-ਚੋਣਾਂ ਵਿੱਚ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਹ ਨਤੀਜੇ  ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਪ੍ਰਭਾਵ ਨੂੰ ਵਧਾਉਣ ਵਾਲੇ ਹਨ । ਸੰਸਦੀ ਸਥਿਰਤਾ ਲਈ ਸੱਤਾਧਾਰੀ ਪਾਰਟੀ ਲਈ ਵੋਟਾਂ ਦਾ ਕੀ ਅਰਥ ਹੈ ਅਤੇ ਵਿਰੋਧੀ ਧਿਰ ਕੰਸਰਵੇਟਿਵ ਦੀ ਹਾਰ ਦਾ ਕੀ ਅਸਰ ਪਵੇਗਾ-ਇਹ ਜਾਣਨ ਦੀ ਜ਼ਰੂਰਤ ਹੈ। ਤਿੰਨ ਜਿੱਤਾਂ ਨੇ ਲਿਬਰਲਾਂ ਨੂੰ ਹਾਊਸ ਆਫ ਕਾਮਨਜ਼ ਵਿੱਚ 173 ਸੀਟਾਂ ਦਾ ਰਾਹਤ ਭਰਿਆ ਬਹੁਮਤ ਦਿੱਤਾ ਹੈ। ਇਸਦਾ ਮਤਲਬ ਹੈ ਕਿ ਸੱਤਾਵਾਨ ਪਾਰਟੀ ਨੇ ਆਪਣੀ ਬਹੁਮਤ ਸਥਿਤੀ ਨੂੰ ਮੁੜ ਸਥਾਪਿਤ ਕੀਤਾ ਹੈ, ਜੋ ਕਿ ਗਰਮੀਆਂ ਦੇ ਮਹੀਨਿਆਂ ਵਿੱਚ ਅਸਤੀਫ਼ਿਆਂ ਦੀ ਇੱਕ ਲੜੀ ਕਾਰਨ ਤਕਨੀਕੀ ਤੌਰ ‘ਤੇ ਖਿਸਕ ਗਈ ਸੀ।

ਹੁਣ ਦੀ ਜਿਤ ਨੇ ਕਾਰਨੀ ਦੀ ਲੀਡਰਸ਼ਿਪ ਲਈ ਸਮਰਥਨ ਦੀ ਤਾਕਤ ਨੂੰ ਵਧਾਇਆ ਹੈ। ਸੋਮਵਾਰ ਨੂੰ ਹੋਈਆਂ ਤਿੰਨੋਂ ਚੋਣਾਂ ਵਿੱਚ – ਚਿਕੌਟੀਮੀ-ਲੇ ਫਜੋਰਡ, ਕਿਊਬਿਕ, ਬੀਚਸ-ਈਸਟ ਯਾਰਕ, ਓਨਟਾਰੀਓ, ਅਤੇ ਉੱਤਰੀ ਵੈਨਕੂਵਰ-ਕੈਪਿਲਾਨੋ, ਬੀ.ਸੀ. – ਲਿਬਰਲ ਉਮੀਦਵਾਰ ਨੇ 50 ਪ੍ਰਤੀਸ਼ਤ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਉਪ-ਚੋਣਾਂ ਨੂੰ ਇਸ ਗੱਲ ਦਾ ਇੱਕ ਰਿਪੋਰਟ ਕਾਰਡ ਮੰਨਿਆ ਜਾ ਸਕਦਾ ਹੈ ਕਿ ਕਿਸੇ ਵੀ ਪਾਰਟੀ ਜਾਂ ਉਨ੍ਹਾਂ ਦੇ ਨੇਤਾ ਨੂੰ ਜਨਤਾ ਦੁਆਰਾ ਮੌਜੂਦਾ ਸਮੇਂ ਵਿਚ  ਕਿਵੇਂ ਦੇਖਿਆ ਜਾਂਦਾ ਹੈ।  ਇਸ ਲਈ ਇਹ ਨਤੀਜੇ ਦਰਸਾਉਂਦੇ ਹਨ ਕਿ ਕੈਨੇਡੀਅਨ, ਘੱਟੋ ਘੱਟ ਉਹ ਜੋ ਵੋਟਾਂ ਪਾਉਣ ਗਏ ਸਨ, ਅਜੇ ਵੀ ਪ੍ਰਧਾਨ ਮੰਤਰੀ ਨੂੰ ਸਭ ਤੋਂ ਵਧੀਆ ਚੋਣ ਵਜੋਂ ਦੇਖਦੇ ਹਨ।

ਵੋਟਰਾਂ ਵੋਲਂ ਇਹ ਸੁਨੇਹਾ,  ਅਮਰੀਕਾ ਨਾਲ ਤਿੱਖੀ ਵਪਾਰ ਜੰਗ ਦੇ ਵਿਚਕਾਰ ਦਿੱਤਾ ਗਿਆ ਹੈ।

ਨੈਨੋਸ ਰਿਸਰਚ ਦੇ ਸੰਸਥਾਪਕ, ਨਿਕ ਨੈਨੋਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਫਤਾਵਾਰੀ ਪੋਲਿੰਗ ਵਿੱਚ ਦੋ ਮੁੱਦੇ ਪ੍ਰਮੁਖ ਸਨ। ਇਕ ਨੌਕਰੀਆਂ ਅਤੇ ਦੂਸਰਾ ਟਰੰਪ। ਭਾਵੇਂਕਿ ਟਰੰਪ ਮੁੱਦਾ ਲਿਬਰਲਾਂ ਨੂੰ ਰਾਸ ਆ ਰਿਹਾ ਹੈ ਪਰ ਟਰੰਪ ਲਿਬਰਲਾਂ ਲਈ ਉਦੋਂ ਤੱਕ ਚੰਗਾ ਖੇਡਣਗੇ ਜਦੋਂ ਤੱਕ ਕੈਨੇਡੀਅਨਾਂ ਨੂੰ ਆਰਥਿਕਤਾ ਬਾਰੇ ਚਿੰਤਤ ਨਹੀਂ ਹੋਣ ਦਿੰਦੇ। ਜਿਵੇਂ ਉਸਨੇ ਯੁੱਧ ਦਾ ਐਲਾਨ ਕੀਤਾ ਗਿਆ ਹੈ,ਉਸ ਮੁਤਾਬਿਕ ਕੈਨੇਡੀਅਨਾਂ ਨੂੰ ਅਜੇ ਤੱਕ ਕਿਸੇ ਭਾਰੀ ਨੁਕਸਾਨ ਦਾ ਸਾਹਮਣਾ ਨਹੀ ਕਰਨਾ ਪਿਆ। ਅਗਰ ਅਜਿਹਾ ਵਾਪਰਦਾ ਹੈ ਤਾਂ ਕੀ ਇਹ ਮੁੱਦਾ ਫਿਰ ਵੀ ਲਿਬਰਲਾਂ ਨੂੰ ਲਾਭ ਪਹੁੰਚਾਉਂਦਾ ਰਹੇਗਾ।

ਸਾਬਕਾ ਐਨਡੀਪੀ ਨੇਤਾ ਜੈਕ ਲੇਟਨ ਦੇ ਸੰਚਾਰ ਨਿਰਦੇਸ਼ਕ, ਕੈਥਲੀਨ ਮੌਂਕ ਦਾ ਕਹਿਣਾ ਹੈ ਕਿ ਇਹ ਦੇਖਣਾ ਬਾਕੀ ਹੈ ਕਿ ਕੈਨੇਡੀਅਨਾਂ ਦੁਆਰਾ ਕਾਰਨੀ ਨੂੰ ਕਿਵੇਂ ਦੇਖਿਆ ਜਾਵੇਗਾ ਕਿਉਂਕਿ ਲੰਬੇ ਸਮੇਂ ਤੱਕ ਚੱਲਣ ਵਾਲੇ ਟੈਰਿਫਾਂ ਦੀ ਆਰਥਿਕ ਸੱਟ ਜਦੋਂ ਉਹਨਾਂ ਦੀ ਜੇਬ ਨੂੰ ਪਵੇਗੀ ਤਾਂ ਸਥਿਤੀ ਕੀ ਹੋਵੇਗੀ। ਭਾਵੇਂਕਿ ਜੀਡੀਪੀ ਦੇ ਅੰਕੜੇ ਉਤਸ਼ਾਹੀ ਹਨ। ਅਸੀਂ ਜੁਲਾਈ ਵਿੱਚ ਬਹੁਤ ਸਾਰੀਆਂ ਨੌਕਰੀਆਂ ਵਿਚ ਵਾਧਾ ਵੇਖਿਆ, ਪਰ ਇਹ ਸਭ ਇੱਕ ਗੁਲਾਬੀ ਤਸਵੀਰ ਨਹੀਂ ਹੈ।  ਭਾਵੇਂ ਸਰਕਾਰ ਜੀਡੀਪੀ ਦੇ ਅੰਕੜਿਆਂ ਵਰਗੇ ਅੰਕੜਿਆਂ ਨੂੰ ਅੱਗੇ ਵਧਾਉਂਦੀ ਰਹੇਗੀ ਪਰ ਲੰਬੇ ਸਮੇਂ ਵਿਚ ਇਸਦੇ ਨਤੀਜੇ ਸਾਹਮਣੇ ਆ ਜਾਣਗੇ। ਕੰਸਰਵੇਟਿਵ ਪਾਰਟੀ ਵੀ ਸ਼ਾਇਦ ਇਸੇ ਤਾਕ ਵਿਚ ਹੈ।

ਲਿਬਰਲਾਂ ਨੇ ਨਾ ਸਿਰਫ ਕਿਊਬੈਕ ਰਾਈਡਿੰਗ  ਵਿੱਚ ਕੰਸਰਵੇਟਿਵਾਂ ਨੂੰ ਨਿਰਣਾਇਕ ਤੌਰ ‘ਤੇ ਹਰਾਇਆ, ਜੋ ਕਿ ਪ੍ਰਧਾਨ ਮੰਤਰੀ ਦੁਆਰਾ ਕੰਸਰਵੇਟਿਵ ਦੇ ਇੱਕ ਸੰਸਦ ਮੈਂਬਰ ਰਿਚਰਡ ਮਾਰਟੇਲ ਨੂੰ ਸੈਨੇਟ ਵਿੱਚ ਸ਼ਾਮਲ ਹੋਣ ਲਈ ਮਨਾਉਣ ਤੋਂ ਬਾਅਦ ਖਾਲੀ ਹੋ ਗਈ ਸੀ। ਇਥੇ ਕੰਸਰਵੇਟਿਵ ਉਮੀਦਵਾਰ ਸਿਰਫ 12.5 ਪ੍ਰਤੀਸ਼ਤ ਵੋਟਾਂ ਨਾਲ ਤੀਜੇ ਸਥਾਨ ‘ਤੇ ਰਿਹਾ ਹੈ। ਇਸੇ ਤਰਾਂ ਲਿਬਰਲ ਉਮੀਦਵਾਰਾਂ ਦੇ ਮੁਕਾਬਲੇ ਕੰਸਰਵੇਟਿਵ ਦਾ ਓਨਟਾਰੀਓ ਅਤੇ ਵੈਨਕੂਵਰ ਸੀਟਾਂ ਤੇ ਵੀ ਹਾਲ ਮਾੜਾ ਰਿਹਾ ਹੈ। ਤਿੰਨਾਂ ਸੀਟਾਂ ਉਪਰ ਕੰਸਰਵੇਟਿਵ ਦਾ ਵੋਟ ਸ਼ੇਅਰ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਹੇਠਾਂ ਸਰਕਿਆਂ ਦਿਖਾਈ ਦਿੱਤਾ ਹੈ।

ਚੋਣ ਨਤੀਜਿਆਂ ਦੀ ਕਵਰੇਜ ਸਮੇਂ ਰਿਪੋਰਟਾਂ ਨੇ ਇਹਨਾਂ ਨੂੰ ਕੰਸਰਵੇਟਿਵ ਆਗੂ ਪੋਲੀਵਰ ਦੀ ਘੇਰਾਬੰਦੀ ਦੱਸਿਆ।

ਭਾਵੇਂਕਿ ਅਗਲੇ ਸਮੇਂ ਵਿਚ 6 ਹੋਰ ਉਪ ਚੋਣਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਇਹਨਾਂ ਚੋਣ ਨਤੀਜਿਆਂ ਨੇ ਕਾਰਨੀ ਦੀ ਲੀਡਰਸ਼ਿਪ ਨੂੰ ਮਜ਼ਬੂਤੀ ਦੇ ਨਾਲ ਕੰਸਰਵੇਟਿਵ ਆਗੂ ਦੀ ਲੋਕਪ੍ਰਿਯਤਾ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਇਹ ਸ਼ਾਇਦ ਕੰਸਰਵੇਟਿਵ ਲੀਡਰਸ਼ਿਪ ਵਿਚ ਤਬਦੀਲੀ ਦੇ ਸੱਦੇ ਨੂੰ ਵੀ ਮੁੜ ਉਭਾਰਨ ਲਈ ਕਾਫੀ ਹੈ।

Leave a Reply

Your email address will not be published. Required fields are marked *