Sep 8, 2026

ਪ੍ਰੀਮੀਅਰ ਤੇ ਹੋਰ ਆਗੂਆਂ ਨੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ-ਨਸਲੀ ਧਮਕੀਆਂ ਦੇ ਬਾਵਜੂਦ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕੀਤੀ-

( ਸੁਰਿੰਦਰ ਮਾਵੀ, ਨਰੇਸ਼ ਸ਼ਰਮਾ)- ਇਸ ਐਤਵਾਰ ਨੂੰ ਵਿੰਨੀਪੈਗ ਸ਼ਹਿਰ ਵਿਚ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23ਵਾਂ ਮਹਾਨ ਸਾਲਾਨਾ ਨਗਰ ਕੀਰਤਨ ਭਾਰੀ ਸ਼ਰਧਾ, ਉਤਸ਼ਾਹ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ । ਗੁਰਦੁਆਰਾ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਮੈਨੀਟੋਬਾ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਭਾਵੇਂਕਿ ਇਸ ਵਾਰ ਦਾ ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਸ਼ਰਾਰਤੀਆਂ ਅਨਸਰਾਂ ਵਲੋਂ ਨਗਰ ਕੀਰਤਨ ਪ੍ਰਤੀ ਨਸਲੀ ਟਿਪਣੀਆਂ ਅਤੇ ਧਮਕੀਆਂ ਨਾਲ ਮਾਹੌਲ ਵਿਚ ਡਰ ਅਤੇ ਸਹਿਮ ਭਰਨ ਦਾ ਯਤਨ ਕੀਤਾ ਗਿਆ ਪਰ ਇਸਦੇ ਬਾਵਜੂਦ ਭਾਰੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਵਿਨੀਪੈਗ ਪੁਲੀਸ ਮੁਤਾਬਕ 4 ਸਤੰਬਰ ਨੂੰ ਸ਼ਹਿਰ ਦੇ ਕਈ ਟਰਾਂਜ਼ਿਟ ਬੋਰਡਾਂ ’ਤੇ ਸਵਾਸਤਿਕਾ ਸਮੇਤ ਨਫ਼ਰਤੀ ਚਿੰਨ੍ਹਾਂ ਵਾਲੀ ਗ੍ਰਾਫ਼ਿਟੀ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਇਲਾਵਾ ਐਤਵਾਰ ਦੇ ਸਮਾਗਮ ਨੂੰ ਲੈ ਕੇ ਧਮਕੀਆਂ ਵੀ ਸਾਹਮਣੇ ਆਈਆਂ। ਪੁਲੀਸ ਨੇ ਮਾਮਲੇ ਨੂੰ ਸੰਭਾਵਿਤ ਨਫ਼ਰਤੀ ਅਪਰਾਧ ਮੰਨਦਿਆਂ ਜਾਂਚ ਮੇਜਰ ਕ੍ਰਾਈਮ ਯੂਨਿਟ ਦੇ ਹੇਟ ਕਰਾਈਮ ਕੋਆਰਡੀਨੇਟਰਾਂ ਨੂੰ ਸੌਂਪੀ ਹੈ। ਇਨ੍ਹਾਂ ਘਟਨਾਵਾਂ ਦੇ ਬਾਵਜੂਦ ਹਜ਼ਾਰਾਂ ਸਿੱਖਾਂ ਦਾ ਨਗਰ ਕੀਰਤਨ ਵਿੱਚ ਇਕੱਠੇ ਹੋਣਾ ਭਾਈਚਾਰੇ ਦੇ ਹੌਸਲੇ ਅਤੇ ਏਕਤਾ ਦਾ ਪ੍ਰਗਟਾਵਾ ਬਣਿਆ। ਲੈਜਿਸਲੇਟਿਵ ਬਿਲਡਿੰਗ ਦੇ ਪਾਰਕ ਵਿੱਚ ਸੰਗਤਾਂ ਦੀ ਵੱਡੀ ਭੀੜ ਇਕੱਠੀ ਹੋਈ, ਜੋ ਪ੍ਰਬੰਧਕਾਂ ਦੀਆਂ ਉਮੀਦਾਂ ਤੋਂ ਕਿਤੇ ਵੱਧ ਦੱਸੀ ਗਈ। ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਸੁੰਦਰ ਢੰਗ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਅਤੇ ਪਿੱਛੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਵਧ ਰਹੀਆਂ ਸਨ।

ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰੂ ਜੱਸ ਕੀਤਾ ਗਿਆ। ਢਾਡੀ ਜਥਿਆਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਵਾਰਾਂ ਪੇਸ਼ ਕੀਤੀਆਂ ਗਈਆਂ। ਮੈਨੀਟੋਬਾ ਦੇ ਵੱਖ-ਵੱਖ ਗਤਕਾ ਅਖਾੜਿਆਂ ਦੇ ਸਿੰਘਾਂ ਅਤੇ ਸਿੰਘਣੀਆਂ ਨੇ ਗਤਕੇ ਦੇ ਜੌਹਰ ਦਿਖਾਏ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕਾਂ ਨੇ ਸੇਵਾ ਵਿੱਚ ਹਿੱਸਾ ਲਿਆ। ਵੱਖ-ਵੱਖ ਵਪਾਰਕ ਅਦਾਰਿਆਂ ਅਤੇ ਸੰਸਥਾਵਾਂ ਵਲੋਂ ਖਾਣ ਪੀਣ ਅਤੇ ਸੁਆਦਲੇ ਪਕਵਾਨਾਂ ਦੇ ਸਟਾਲ ਲਗਾਏ ਗਏ ਜਿਹਨਾਂ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ।

ਨਗਰ ਕੀਰਤਨ ਵਿੱਚ ਨੀਲੀਆਂ ਅਤੇ ਪੀਲੀਆਂ ਦਸਤਾਰਾਂ ਤੇ ਦੁਪੱਟਿਆਂ ਨਾਲ ਸਜੀ ਸੰਗਤ ਦੀਆਂ ਕਤਾਰਾਂ ਨੇ ਵਿੰਨੀਪੈਗ ਦੀਆਂ ਸੜਕਾਂ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦਿੱਤਾ। ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ ਤੋਂ ਇਲਾਵਾ ਗੈਰ-ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸਹਿਯੋਗ ਦਿੱਤਾ। ਚੋਣਾਂ ਦੇ ਮਾਹੌਲ ਦਰਮਿਆਨ ਵੱਖ-ਵੱਖ ਸਿਆਸੀ ਆਗੂਆਂ ਨੇ ਵੀ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਅਤੇ ਇਸ ਨੂੰ ਵਿਭਿੰਨਤਾ, ਸਾਂਝ ਅਤੇ ਭਾਈਚਾਰਕ ਏਕਤਾ ਦੀ ਮਿਸਾਲ ਦੱਸਿਆ। ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਦੇ ਪ੍ਰਧਾਨ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਭਰਵੀਂ ਹਾਜ਼ਰੀ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਸੰਗਤ ਦੀ ਡੂੰਘੀ ਆਸਥਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ  ਧਰਤੀ ’ਤੇ ਵੱਸਦਾ ਸਿੱਖ ਭਾਈਚਾਰਾ ਆਪਣੀ ਧਾਰਮਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸੇਵਾ, ਸਾਂਝੀਵਾਲਤਾ ਅਤੇ ਮਨੁੱਖਤਾ ਦਾ ਸੰਦੇਸ਼ ਵੀ ਦੇ ਰਿਹਾ ਹੈ। ਇਸ ਮੌਕੇ ਧਾਰਮਿਕ ਸਟੇਜ ਉਪਰ ਵੱਖ ਵੱਖ ਆਗੂਆਂ ਨੇ ਸਿੱਖ ਪੰਥ ਨੂੰ ਨਗਰ ਕੀਰਤਨ ਦੀ ਵਧਾਈ ਦਿੱਤੀ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੈਨਿਊ ਨੇ ਵਿਸ਼ੇਸ਼ ਰੂਪ ਵਿਚ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਵਧਾਈ ਦਿੱਤੀ। ਉਹਨਾਂ ਪਿਛਲੇ ਦਿਨੀਂ ਸ਼ਰਾਰਤੀ ਅਨਸਰਾਂ ਵਲੋਂ ਨਸਲੀ ਟਿਪਣੀਆਂ ਕੀਤੇ ਜਾਣ ਦੀ ਨਿੰਦਾ ਕਰਦਿਆਂ ਸਿੱਖ ਭਾਈਚਾਰੇ ਦਾ ਮੈਨੀਟੋਬਾ ਦੀ ਤਰੱਕੀ ਅਤੇ ਵਿਕਾਸ ਵਿਚ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਸੂਬੇ ਦੀ ਆਰਥਿਕਤਾ ਅਤੇ ਬਹੁਸਭਿਆਚਾਰ ਦੀ ਪਛਾਣ ਦਾ ਇਕ ਅਨਿਖੜਵਾਂ ਅੰਗ ਹੈ।

ਤਸਵੀਰਾਂ-ਨਰੇਸ਼ ਸ਼ਰਮਾ।

featured-img

Leave a Reply

Your email address will not be published. Required fields are marked *