ਬਟਾਲਾ-ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਸੋਭਾ ਸਿੰਘ ਦੇ ਸ਼ਾਗਿਰਦ ਅਤੇ ਨਾਮਵਰ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ ਇੱਥੇ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਬਟਾਲਾ (ਨੇੜੇ ਕਾਦੀਆਂ ਵਾਲੀ ਚੁੰਗੀ) ਸ਼ਮਸ਼ਾਨਘਾਟ ਵਿੱਚ ਹੋਵੇਗਾ। ਹਰਭਜਨ ਬਾਜਵਾ ਨੇ ਸੋਭਾ ਸਿੰਘ ਆਰਟਿਸਟ ਕੋਲੋਂ ਅੰਦਰੇਟਾ ਜਾ ਕੇ ਚਿੱਤਰਕਾਰੀ ਸਿੱਖੀ ਅਤੇ ਫੋਟੋਗ੍ਰਾਫੀ ਵਿੱਚ ਵਿਲੱਖਣ ਪੈੜਾਂ ਪਾਈਆਂ। ਬਾਜਵਾ ਨੇ ਆਪਣੀਆਂ ਖਿੱਚੀਆਂ ਤਸਵੀਰਾਂ, ਸਲਾਈਡਾਂ ਤੇ ਹੋਰ ਇਤਿਹਾਸਕ ਤਸਵੀਰਾਂ ਪੰਜਾਬੀ ਸੱਥ ਲਾਂਬੜਾ ਨੂੰ ਭੇਟ ਕਰ ਦਿੱਤੀਆਂ ਸਨ ਜਦਕਿ ਆਪਣੀ ਲਾਇਬ੍ਰੇਰੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ) ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਨੇ ਵੱਖ-ਵੱਖ ਅਖ਼ਬਾਰਾਂ ਤੇ ਮੈਗਜ਼ੀਨਾਂ ਲਈ ਵੀ ਕੰਮ ਕੀਤਾ। ਉਹ ਪੰਜਾਬੀ ਵਿੱਚ ਕਵਿਤਾ ਵੀ ਲਿਖਦੇ ਸਨ। ਉਨ੍ਹਾਂ ਦੇ ਤਿੰਨ ਕਾਵਿ ਸੰਗ੍ਰਹਿ ਵੀ ਛਪ ਚੁੱਕੇ ਹਨ।
