Sep 14, 2026
‘ਜਦੋਂ ਇੱਕ ਖ਼ਬਰ ਨੇ ਵੈਨਕੂਵਰ ਸਿਟੀ ਨੂੰ ਨੀਤੀਆਂ ਸੁਧਾਰਨ ਲਈ ਕੀਤਾ ਮਜਬੂਰ’
ਵੈਨਕੂਵਰ ( ਡਾ ਗੁਰਵਿੰਦਰ ਸਿੰਘ ਧਾਲੀਵਾਲ )- ਪੰਜਾਬੀ ਪ੍ਰੈਸ ਕਲੱਬ ਆਫ਼ ਬੀਸੀ ਦੇ ਹੋਣਹਾਰ ਮੈਂਬਰ ਅਤੇ ਓਮਨੀ ਟੈਲੀਵਿਜ਼ਨ ਦੇ ਰਿਪੋਰਟਰ ਸਰਬਰਾਜ ਸਿੰਘ ਕਾਹਲੋਂ ਮਲਟੀ ਕਲਚਰਲ ਜਰਨਲਿਜ਼ਮ ਵਿਚ ਵੱਕਾਰੀ ‘ਵੈਬਸਟਰ ਅਵਾਰਡ’ ਲਈ ਨਾਮਜ਼ਦ ਹੋਏ ਹਨ। ਇਹ ਕੈਨੇਡਾ ਦੇ ਪੰਜਾਬੀ ਮੀਡੀਏ ਲਈ ਮਾਣ ਵਾਲੀ ਗੱਲ ਹੈ ਕਿ ਬਹੁ ਭਾਸ਼ਾਈ ਪੱਤਰਕਾਰੀ ਦੀ ਸ਼੍ਰੇਣੀ ਵਿੱਚ ਉੱਤਮ ਸਨਮਾਨ ਵਾਸਤੇ ਨਾਮਜ਼ਦਗੀ ਲਈ, ਕੈਨੇਡਾ ਦੇ ਨੌਜਵਾਨ ਸਿੱਖ ਪੱਤਰਕਾਰ ਨੂੰ ਇਹ ਮਾਣ ਹਾਸਲ ਹੋਇਆ ਹੈ। ਸਰਬਰਾਜ ਸਿੰਘ ਕਾਹਲੋਂ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਪਿੰਡ ਖਾਨੋਵਾਲ ਦੇ ਜੰਮਪਲ ਹਨ, ਜਿਹੜੇ ਵਿਦਿਆਰਥੀ ਵਜੋਂ 19 ਕੁ ਸਾਲ ਦੀ ਉਮਰ ‘ਚ ਕੈਨੇਡਾ ਆਏ ਅਤੇ ਇੱਥੇ ਕਮਿਊਨੀਕੇਸ਼ਨ ਦੇ ਖੇਤਰ ਵਿੱਚ ਡਿਗਰੀ ਹਾਸਲ ਕੀਤੀ। ਉਹਨਾਂ ਵੱਖ-ਵੱਖ ਮੀਡੀਆ ਕੇਂਦਰਾਂ ‘ਚ ਕੰਮ ਕੀਤਾ ਅਤੇ ਅੱਜ ਕੱਲ ਓਮਨੀ ਨਿਊਜ਼ ਦੇ ਰਿਪੋਰਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਨੌਜਵਾਨ ਸਰਬਰਾਜ ਸਿੰਘ ਕਾਹਲੋਂ ਪਿਛਲੇ ਕਾਫੀ ਸਮੇਂ ਤੋਂ, ਬੀਸੀ ਦੇ ਪੰਜਾਬੀ ਮੀਡੀਆ ਕਰਮੀਆਂ ਦੀ ਸਾਂਝੀ ਸੰਸਥਾ ‘ਪੰਜਾਬੀ ਪ੍ਰੈਸ ਕਲੱਬ ਆਫ਼ ਬੀਸੀ’ ਦੇ ਸਰਗਰਮ ਮੈਂਬਰ ਹਨ। ਉਹਨਾਂ ਨੂੰ ਬਹੁ ਭਾਸ਼ਾਈ ਸੱਭਿਆਚਾਰ ਸ਼੍ਰੇਣੀ ਵਿੱਚ ਅਵਾਰਡ ਲਈ ਨਾਮਜ਼ਦਗੀ ਇੱਕ ਅਜਿਹੀ ਰਿਪੋਰਟ ਲਈ ਮਿਲੀ ਹੈ, ਜੋ ਰਿਪੋਰਟ ਫਿਰੋਤੀਆਂ ਦੇ ਦਿਨਾਂ ਵਿੱਚ ਪੀੜਤਾਂ ਲਈ ਰਾਹਤ ਭਰੀ ਰਹੀ। ਦਰਅਸਲ ਕੈਨੇਡਾ ਵਿੱਚ ਫ਼ਿਰੌਤੀਆਂ ਦੇ ਦੌਰ ‘ਚ ਵੈਨਕੂਵਰ ਦੇ ਪੰਜਾਬੀ ਕਾਰੋਬਾਰੀਆਂ ਨੂੰ ਬਲੌਕ ਕੀਤੇ ਜਾਂ ਅਣਪਛਾਤੇ ਨੰਬਰਾਂ ਤੋਂ ਕਾਲਾਂ ਆਉਂਦੀਆਂ ਸਨ, ਜਿਸ ਕਾਰਨ ਉਹਨਾਂ ਅੰਦਰ ਕਾਫੀ ਭੈਅ ਸੀ। ਉਧਰੋਂ ਵੈਨਕੂਵਰ ਸਿਟੀ ਦੀਆਂ, ਇੰਸਪੈਕਸ਼ਨ ਅਤੇ ਹੋਰਨਾਂ ਖੇਤਰਾਂ ਨਾਲ ਸਬੰਧਿਤ ਫੋਨ ਕਾਲਾਂ ਵੀ ਬਲੌਕ ਨੰਬਰਾਂ ਤੋਂ ਆ ਰਹੀਆਂ ਸਨ, ਜੋ ਗੰਭੀਰ ਸਮੱਸਿਆ ਬਣ ਗਈ ਸੀ। ਅਜਿਹੀ ਚਿੰਤਾ ਸਰਬਰਾਜ ਸਿੰਘ ਕਾਹਲੋਂ ਨੇ ਆਪਣੀ ਵਿਸ਼ੇਸ਼ ਖਬਰ ਰਾਹੀਂ ਜ਼ਾਹਰ ਕੀਤੀ ਅਤੇ ਸਿਟੀ ਆਫ ਵੈਨਕੂਵਰ ਦੇ ਧਿਆਨ ‘ਚ ਇਹ ਮੁੱਦਾ ਲਿਆਂਦਾ। ਪਹਿਲਾਂ ਤੋਂ ਚਲੇ ਆ ਰਹੇ ਤਰੀਕੇ ਨੂੰ ਵੈਨਕੂਵਰ ਸਿਟੀ ਨੇ ਬਦਲਦਿਆ, ਫੋਨ ਕਾਲਾਂ ਬਲੌਕ ਨੰਬਰਾਂ ਤੋਂ ਕਰਨੀਆਂ ਬੰਦ ਕੀਤੀਆਂ, ਜਿਸ ਨਾਲ ਚਿੰਤਾਗ੍ਰਸਤ ਪੰਜਾਬੀਆਂ ਨੂੰ ਰਾਹਤ ਮਿਲੀ।
ਮੀਡੀਆ ਖੇਤਰ ਵਿੱਚ ਇਹ ਵੱਡੀ ਪ੍ਰਾਪਤੀ ਹੋਈ ਕਿ ਰਿਪੋਰਟਰ ਸਰਬਰਾਜ ਸਿੰਘ ਕਾਹਲੋਂ ਦੀ ਖ਼ਬਰ ਰੰਗ ਲਿਆਈ ਅਤੇ ਸਥਾਨਕ ਸਰਕਾਰ ਨੂੰ ਆਪਣੇ ਤੌਰ-ਤਰੀਕੇ ਬਦਲਣ ਲਈ ਮਜਬੂਰ ਹੋਣਾ ਪਿਆ। ਭਵਿੱਖ ਵਿੱਚ, ਕੈਨੇਡਾ ਦੇ ਹੋਰਨਾ ਸ਼ਹਿਰਾਂ ਦੀਆਂ ਸਥਾਨ ਸਰਕਾਰਾਂ ਦੇ ਵਿਭਾਗਾਂ ਦੀਆਂ ਬਲੌਕ ਨੰਬਰ ਦੀਆਂ ਕਾਲਾਂ ਵਿੱਚ ਵੀ, ਜੇਕਰ ਕੋਈ ਸੋਧ ਹੁੰਦੀ ਹੈ, ਤਾਂ ਯਕੀਨਨ ਇਸ ਦਾ ਸਿਹਰਾ ਵੀ ਪੱਤਰਕਾਰ ਸਰਬਰਾਜ ਸਿੰਘ ਕਾਹਲੋਂ ਦੀ ਮੁਢਲੇ ਮੀਡੀਆ ਯਤਨਾਂ ਦੇ ਸਿਰ ਬੱਝਦਾ ਹੈ। ਓਮਨੀ ਟੀਵੀ ਦੀ ਰਿਪੋਰਟ ਅਤੇ ਪੰਜਾਬੀ ਪ੍ਰੈੱਸ ਕਲੱਬ ਦੇ ਮੈਂਬਰ ਸਰਬਰਾਜ ਸਿੰਘ ਕਾਹਲੋਂ ਨੂੰ Excellence in Multilingual Journalism (ਬਹੁ-ਭਾਸ਼ਾਈ ਪੱਤਰਕਾਰੀ ਵਿੱਚ ) ਸ਼੍ਰੇਣੀ ਵਿੱਚ ਵੱਕਾਰੀ ਵੈੱਬਸਟਰ ਅਵਾਰਡ (Webster Award) ਦੀ ਨਾਮਜ਼ਦਗੀ ਜਿਤਾਉਣ ਵਾਲੀ ਟੀਮ ਦੇ ਮੈਂਬਰਾਂ ; ਐਲਨ ਚੈੱਕ (Alan Chek), ਕ੍ਰਿਸਟਨ ਜੌਹਨਸਨ (Kristen Johnson), ਅਤੇ ਸੋਨੀਆ ਕਾਲੜਾ (Sonia Kalra) ਦੇ ਨਾਲ, ਸ਼ਾਨਦਾਰ ਰਿਪੋਰਟ “Vancouver Builders’ Extortion Fears Leads to Policy Change” ਲਈ ਸਾਂਝੇ ਰੂਪ ਮੁਬਾਰਕਾਂ ਹਨ। ਇਸ ਟੀਮ ਨੇ ਪਰਦੇ ਦੇ ਪਿੱਛੇ ਰਹਿ ਕੇ, ਸਰਬਰਾਜ ਸਿੰਘ ਕਾਹਲੋਂ ਦੀ ਖੋਜ ਭਰਪੂਰ ਰਿਪੋਰਟ ਨੂੰ ੳਮਨੀ ਟੀਵੀ ‘ਤੇ ਮੰਚ ‘ਤੇ ਮਾਣ ਦਵਾਇਆ ਹੈ। ਉਨ੍ਹਾਂ ਦੀ ਸਾਂਝੀ ਮਿਹਨਤ ਅਤੇ ਪ੍ਰਭਾਵਸ਼ਾਲੀ ਪੱਤਰਕਾਰੀ ਨੇ, ਵੱਡਾ ਅਤੇ ਸਾਰਥਕ ਬਦਲਾਅ ਲਿਆਂਦਾ ਹੈ। ਜ਼ਿਕਰ ਯੋਗ ਹੈ ਕਿ 2 ਨਵੰਬਰ ਨੂੰ ਮਲਟੀ ਕਲਚਰਲ ਜਰਨਲਿਜਮ ਡੀ ਸ਼੍ਰੇਣੀ ਦੇ ਦੀਆਂ ਨਾਮਜ਼ਦਗੀਆਂ ਵਿੱਚੋਂ ਜੇਤੂਆਂ ਦੇ ਨਾਮ ਐਲਾਨੇ ਜਾਣਗੇ। ਇਹ ਮਾਣ-ਸਨਮਾਨ ਉਨ੍ਹਾਂ ਦੀ ਵੱਡੀ ਪ੍ਰਾਪਤੀ ਹੈ, ਜੋ ਹੋਰਨਾਂ ਨਵੇਂ ਅਤੇ ਉਭਰਦੇ ਪੱਤਰਕਾਰਾਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ।

Leave a Reply

Your email address will not be published. Required fields are marked *