Sep 14, 2026

ਐਡਮਿੰਟਨ (ਗੁਰਪ੍ਰੀਤ ਸਿੰਘ)-ਪੱਛਮੀ ਐਡਮਿੰਟਨ ਦੇ ਡੋਂਸਡੇਲ ਇਲਾਕੇ (ਡੋਂਸਡੇਲ ਡਰਾਈਵ ਤੇ 45 ਐਵੇਨਿਊ) ‘ਚ ਐਤਵਾਰ ਸਵੇਰੇ ਵਾਪਰੀ ਇੱਕ ਦੁਖਦਾਈ ਘਟਨਾ ‘ਚ ਐਡਮਿੰਟਨ ਪੁਲਿਸ ਸਰਵਿਸ (EPS) ਵੱਲੋਂ ਗੋਲੀ ਚਲਾਉਣ ‘ਤੇ ਇੱਕ 36 ਸਾਲਾ ਵਿਅਕਤੀ ਦੀ ਮੌਤ ਹੋ ਗਈ।

ਪੁਲਿਸ ਮੁਤਾਬਕ ਸਵੇਰੇ ਰਿਪੋਰਟ ਮਿਲੀ ਸੀ ਕਿ ਇੱਕ ਹਥਿਆਰਬੰਦ ਵਿਅਕਤੀ ਨੇ ਇੱਕ ਘਰ ‘ਚ ਦਾਖਲ ਹੋ ਕੇ ਇੱਕ ਔਰਤ ਅਤੇ ਇੱਕ ਬੱਚੇ ‘ਤੇ ਹਮਲਾ ਕਰ ਦਿੱਤਾ ਹੈ। ਮੌਕੇ ‘ਤੇ ਪਹੁੰਚਣ ‘ਤੇ ਪੁਲਿਸ ਨੂੰ ਜ਼ਖਮੀ ਅਤੇ ਗਵਾਹ ਮਿਲੇ। ਜਦੋਂ ਪੁਲਿਸ ਨੇ ਘਰ ਨੂੰ ਘੇਰਿਆ ਤਾਂ ਸ਼ੱਕੀ ਵਿਅਕਤੀ ਹੱਥ ‘ਚ ਬੰਦੂਕ ਲੈ ਕੇ ਮੁੱਖ ਦਰਵਾਜ਼ਾ ਖੋਲ੍ਹ ਕੇ ਬਾਹਰ ਆਇਆ। ਜ਼ਬਾਨੀ ਚੇਤਾਵਨੀ ਨਾ ਮੰਨਣ ‘ਤੇ ਤਿੰਨ ਪੁਲਿਸ ਅਫਸਰਾਂ ਵੱਲੋਂ ਫਾਇਰਿੰਗ ਕੀਤੀ ਗਈ। ਪੁਲਿਸ ਦੀ  ਮੈਡੀਕਲ ਟੀਮ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਇਕ ਔਰਤ ਨੂੰ ਗੋਲੀ ਲੱਗੀ ਹੈ ਅਤੇ ਬੱਚੇ ਨੂੰ ਹੋਰ ਸਰੀਰਕ ਸੱਟਾਂ ਲੱਗੀਆਂ ਹਨ, ਪਰ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਕੋਈ ਵੀ ਪੁਲਿਸ ਅਫਸਰ ਜ਼ਖਮੀ ਨਹੀਂ ਹੋਇਆ। ਪੁਲਿਸ ਮੁਤਾਬਕ ਸ਼ੱਕੀ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਇਹ ਘਟਨਾ ਘਰੇਲੂ ਹਿੰਸਾ ਨਾਲ ਸਬੰਧਿਤ ਮੰਨੀ ਜਾ ਰਹੀ ਹੈ।
ਇਸ ਘਟਨਾ ਦੀ ਜਾਂਚ ਹੁਣ ਅਲਬਰਟਾ ਸੀਰੀਅਸ ਇੰਸੀਡੈਂਟ ਰਿਸਪਾਂਸ ਟੀਮ (ASIRT) ਕਰ ਰਹੀ ਹੈ।

Leave a Reply

Your email address will not be published. Required fields are marked *