Sep 23, 2026

ਮੁੜ ਮੇਅਰ ਚੁਣੇ ਜਾਣ ਤੇ 60 ਦਿਨਾਂ ਦੇ ਅੰਦਰ ਸਭ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ-

ਸਰੀ ( ਦੇ ਪ੍ਰ ਬਿ)- ਸਰੀ ਦੀ ਤਰੱਕੀ ਅਤੇ ਸਰਬਪੱਖੀ ਵਿਕਾਸ ਲਈ ਵੱਡਾ ਯੋਗਦਾਨ ਪਾਉਣ ਵਾਲੇ ਅਤੇ ਧੜੱਲੇਦਾਰ ਆਗੂ ਵਜੋਂ ਜਾਣੇ ਜਾਂਦੇ ਸਾਬਕਾ ਮੇਅਰ ਡੱਗ ਮੈਕਲੱਮ ਨੇ ਸਰੀ ਚੋਣਾਂ ਵਿਚ ਸੇਫ ਸਰੀ ਕੋਲੀਸ਼ਨ ਨੂੰ ਮੁੜ ਸ਼ਹਿਰ ਦੀ ਅਗਵਾਈ ਸੌਂਪੇ ਜਾਣ ਦੀ ਅਪੀਲ ਕਰਦਿਆਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਅਗਰ ਉਹ ਦੁਬਾਰਾ ਚੁਣੇ ਜਾਂਦੇ ਹਨ ਤਾਂ ਨਿਊਟਨ ਵਿਚ ਇਕ ਨਵਾਂ ਜਨਰਲ ਹਸਪਤਾਲ ਬਣਾਉਣਗੇ। ਉਹਨਾਂ ਕਿਹਾ ਕਿ ਸਰੀ ਵੈਨਕੂਵਰ ਤੋਂ ਬਾਦ ਭਾਰੀ ਵਸੋਂ ਵਾਲਾ ਵੱਡਾ ਸ਼ਹਿਰ ਹੈ ਪਰ ਕੇਵਲ ਇਥੇ ਕੇਵਲ ਇਕ ਹਸਪਤਾਲ ਹੈ ਜਦੋਂਕਿ ਵੈਨਕੂਵਰ ਵਿਚ ਛੇ ਹਸਪਤਾਲ ਹਨ। ਉਹਨਾਂ ਕਿਹਾ ਕਿ ਭਾਵੇਂਕਿ ਕਲੋਵਰਡੇਲ ਵਿਚ ਹਸਪਤਾਲ ਬਣ ਰਿਹਾ ਹੈ ਪਰ ਨਿਊਟਨ ਵਿਚ ਤੁਰੰਤ ਇਕ ਹੋਰ ਨਵਾਂ ਹਸਪਤਾਲ ਬਣਾਉਣ ਦੀ ਲੋੜ ਹੈ। ਉਹਨਾਂ  ਕਿੰਗ ਜਾਰਜ ਬੁਲੇਵਾਰਡ ਅਤੇ 70ਬੀ ਐਵੇਨਿਊ  ‘ਤੇ ਸਿਟੀ ਦੀ ਮਲਕੀਅਤ ਵਾਲੀ ਸਵਾ ਸੱਤ ਏਕੜ ਜ਼ਮੀਨ ਨੂੰ ਨਵੇਂ ਹਸਪਤਾਲ ਲਈ ਉਚਿਤ ਥਾਂ ਦੱਸਦਿਆਂ ਕਿਹਾ ਕਿ  ਉਹ ਮੁੜ ਮੇਅਰ ਚੁਣੇ ਜਾਣ ਦੀ ਸੂਰਤ ਵਿਚ  ਹਸਪਤਾਲ ਨਾਲ ਸਬੰਧਿਤ ਹਰ  ਮਨਜ਼ੂਰੀ ਨੂੰ ਲੈਂਦਿਆਂ  60 ਦਿਨਾਂ ਦੇ ਅੰਦਰ ਸਿਟੀ ਦਾ ਹਰ ਪਰਮਿਟ ਜਾਰੀ ਕਰਨ, ਅਤੇ ਉਸਾਰੀ ਲਈ ਫੰਡਿੰਗ ਵਾਸਤੇ ਸਿੱਧੇ ਵਿਕਟੋਰੀਆ ਅਤੇ ਓਟਵਾ ਤੱਕ ਪਹੁੰਚ ਕਰਨਗੇ।
ਇਹ ਨਵਾਂ ਹਸਪਤਾਲ ‘ਸਰੀ ਮੈਮੋਰੀਅਲ’ ਤੋਂ ਇਲਾਵਾ ਦੂਜਾ ਪੂਰੀਆਂ ਸਿਹਤ ਸੇਵਾਵਾਂ ਵਾਲਾ ਹਸਪਤਾਲ ਹੋਵੇਗਾ।
ਉਹਨਾਂ ਹੋਰ ਕਿਹਾ  ਕਿ ਹੁਣ ਸਮਾਂ ਆ ਗਿਆ ਹੈ ਕਿ ਸਰੀ ਵੈਨਕੂਵਰ ਦੇ ਬਰਾਬਰ ਪਹੁੰਚੇ, ਜਿੱਥੇ ਇਸ ਸਮੇਂ ਛੇ ਹਸਪਤਾਲ ਚੱਲ ਰਹੇ ਹਨ।
ਸਾਬਕਾ ਮੇਅਰ ਨੇ  ਮਾਣ ਨਾਲ ਕਿਹਾ, “ਮੈਂ ਇਸ ਸ਼ਹਿਰ ਵਿੱਚ ਬਹੁਤ ਕੁਝ ਬਣਾਇਆ ਹੈ — ਸਕਾਈਟ੍ਰੇਨ, ਬੇਅਰ ਕ੍ਰੀਕ ਸਟੇਡੀਅਮ, 84ਵੀਂ ਐਵੇਨਿਊ ਕਨੈਕਟਰ ਅਤੇ ਕੁੱਲ ਮਿਲਾ ਕੇ 46 ਵੱਡੇ ਪ੍ਰੋਜੈਕਟਾਂ ਦੀ ਉਸਾਰੀ ਕਰਵਾਈ ਹੈ। ਹੁਣ ਉਸਦਾ ਡਰੀਮ ਪ੍ਰਾਜੈਕਟ ਸਰੀ ਲਈ ਦੂਸਰਾ ਨਵਾਂ ਹਸਪਤਾਲ ਹੈ। ਇਹ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀਆਂ ਮਾਵਾਂ, ਸਾਡੇ ਬੱਚਿਆਂ, ਸਾਡੇ ਬਜ਼ੁਰਗਾਂ ਅਤੇ ਸਾਡੇ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਲਈ ਕਿਤੇ ਹੋਰ ਨਾ ਜਾਣਾ ਪਵੇ। ਇਹ ਸਮਾਂ ਹੈ ਕਿ ਸਰੀ ਨਾਲ ਵਰਲਡ ਕਲਾਸ ਸਿਟੀ ਵਾਲਾ ਵਿਵਹਾਰ ਕੀਤਾ ਜਾਵੇ ਕਿਉਂਕਿ ਇਹ ਹੁਣ ਵਰਲਡ ਕਲਾਸ ਸਿਟੀ ਬਣ ਰਿਹਾ ਹੈ।

Leave a Reply

Your email address will not be published. Required fields are marked *