ਪ੍ਰੋ. ਕੁਲਬੀਰ ਸਿੰਘ
ਏ ਆਈ ਖੋਜ ਕੰਪਨੀ ਐਂਥਰੋਪਿਕ ਦੇ ਖੋਜਕਾਰ ਜੈਕਬ ਕੌਕਸਨ (Jacobe Coxon) ਦੀ ਚੇਤਾਵਨੀ ਨਾਲ ਨਵੇਂ ਸਿਰ ਤੋਂ ਏ ਆਈ ਸੰਬੰਧੀ ਦੁਨੀਆਂ ਭਰ ਵਿਚ ਚਰਚਾ ਸ਼ੁਰੂ ਹੋ ਗਈ ਹੈ।
ਇਹ ਚਰਚਾ ਕੇਵਲ ਤਕਨੀਕ ਦੇ ਵਿਕਾਸ ਤੱਕ ਸੀਮਤ ਨਹੀਂ ਹੈ ਸਗੋਂ ਏ ਆਈ ਬਨਾਉਣ ਵਾਲੀਆਂ ਕੰਪਨੀਆਂ ਦੇ ਅਧਿਕਾਰੀਆਂ, ਵਿਗਿਆਨੀਆਂ ਅਤੇ ਚਰਚਿਤ ਨੇਤਾਵਾਂ ਵੱਲੋਂ ਦਿੱਤੀਆਂ ਚੇਤਾਵਨੀਆਂ ਕਾਰਨ ਸ਼ੁਰੂ ਹੋਈ ਹੈ।
ਉਪ-ਕੁਲਪਤੀਆਂ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਵੀ ਸਮਾਜਕ, ਮਾਨਵੀ ਤੌਰ ਏ ਆਈ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ ‘ਤੇ ਜ਼ੋਰ ਦਿੱਤਾ ਹੈ।
ਗੱਲ ਹੁਣ ਇਸ ਤੋਂ ਅੱਗੇ ਨਿਕਲ ਗਈ ਹੈ। ਜੈਕਬ ਕੌਕਸਨ ਨੇ ਕਿਹਾ ਹੈ ਕਿ ਨੇੜ-ਭਵਿੱਖ ਵਿਚ ਇਹ ਮਨੁੱਖ ਜਾਤੀ ਲਈ ਹੀ ਖਤਰਾ ਬਣ ਸਕਦੀ ਹੈ। ਲਗਾਤਾਰ ਵੱਧਦੀ ਤਾਕਤ ਨਾਲ ਸੁਰੱਖਿਆ ਸੰਬੰਧੀ ਚਿੰਤਾ ਪੈਦਾ ਹੋ ਗਈ ਹੈ।
ਹਰੇਕ ਕੰਪਨੀ ਇਸਨੂੰ ਹੋਰ ਤੇਜ਼, ਹੋਰ ਸਮਰੱਥ ਬਨਾਉਣ ’ਤੇ ਲੱਗੀ ਹੋਈ ਹੈ। ਜਿਸ ਦਿਨ ਅਜਿਹਾ ਸੰਭਵ ਹੋ ਗਿਆ ਤਾਂ ਏ ਆਈ ਸਿਸਟਮ ਦੇ ਫੈਸਲਿਆਂ ਨੂੰ ਸਮਝਣਾ ਅਤੇ ਉਨ੍ਹਾਂ ’ਤੇ ਕੰਟਰੋਲ ਕਰਨਾ ਔਖਾ ਹੋ ਜਾਵੇਗਾ। ਅਜਿਹੇ ਸਮੇਂ ਸਥਿਤੀ ਗੰਭੀਰ ਹੋ ਸਕਦੀ ਹੈ। ਵਿਸ਼ੇਸ਼ ਕਰਕੇ ਜਦੋਂ ਏ ਆਈ ਨੂੰ ਖੁਦ ਫੈਸਲੇ ਲੈਣ ਦੇ ਸਮਰੱਥ ਬਣਾ ਦਿੱਤਾ ਗਿਆ ਤਾਂ ਮਨੁੱਖ ਜਾਤੀ ਲਈ ਹੀ ਖਤਰੇ ਖੜੇ ਹੋ ਜਾਣਗੇ।
ਮਾਰਚ 2023 ਵਿਚ ਵੀ ਅਜਿਹੀ ਚਿੰਤਾ ਵਿਅਕਤ ਕੀਤੀ ਗਈ ਸੀ। ਉਦੋਂ ਇਸ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਬਹੁਤ ਤਾਕਤਵਾਰ ਏ ਆਈ ਮਾਡਲਾਂ ਦੇ ਵਿਕਾਸ ਨੂੰ ਕੁਝ ਸਮੇਂ ਲਈ ਰੋਕਣ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਪ੍ਰਭਾਵਾਂ ਦਾ ਗੰਭੀਰ ਅਧਿਐਨ ਕਰਨ ਦੀ ਸਲਾਹ ਦਿੱਤੀ ਸੀ।
ਇਹੀ ਨਹੀਂ ਇਸ ਨਾਲ ਅਨੇਕ ਹੋਰ ਖਤਰੇ ਤੇ ਚਿੰਤਾਵਾਂ ਵੀ ਜੁੜੀਆਂ ਹੋਈਆਂ ਹਨ। ਏ ਆਈ ਅਤੇ ਆਟੋਮੇਸ਼ਨ ਕਾਰਨ ਬਹੁਤ ਸਾਰੇ ਰਵਾਇਤੀ ਕੰਮ ਮਸ਼ੀਨਾਂ ਦੁਆਰਾ ਕੀਤੇ ਜਾ ਰਹੇ ਹਨ। ਡਾਟਾ ਐਂਟਰੀ ਤੋਂ ਲੈ ਕੇ ਗਾਹਕ ਸੇਵਾ ਅਤੇ ਇਥੋਂ ਤੱਕ ਕਿ ਸਿਰਜਣਾਤਮਕ ਅਤੇ ਵਿਸ਼ਲੇਸ਼ਣਾਤਮਕ ਕੰਮਾਂ ਵਿਚ ਵੀ ਮਨੁੱਖ ਦੀ ਥਾਂ ਏ ਆਈ ਲੈ ਰਹੀ ਹੈ, ਜਿਸ ਨਾਲ ਆਰਥਕ ਅਸਮਾਨਤਾ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ।
ਗਲਤ ਜਾਣਕਾਰੀ ਅਤੇ ਛੇੜਛਾੜ ਦੀ ਸਮੱਸਿਆ ਨਾਲ ਸਮਾਜ ਅਤੇ ਸਰਕਾਰਾਂ ਪਹਿਲਾਂ ਹੀ ਜੂਝ ਰਹੀਆਂ ਹਨ। ਏ ਆਈ ਦੁਆਰਾ ਤਿਆਰ ਕੀਤੀਆਂ ਡੀਪਫੇਕ ਵੀਡੀਓ, ਤਸਵੀਰਾਂ ਅਤੇ ਆਵਾਜ਼ਾਂ ਨੇ ਸੱਚ ਅਤੇ ਝੂਠ ਵਿਚਾਲੇ ਫ਼ਰਕ ਕਰਨਾ ਕਠਿਨ ਕਰ ਦਿੱਤਾ ਹੈ। ਇਸਦੀ ਵਰਤੋਂ ਝੂਠੀਆਂ ਖਬਰਾਂ ਫੈਲਾਉਣ, ਚੋਣਾਂ ਨੂੰ ਪ੍ਰਭਾਵਤ ਕਰਨ ਅਤੇ ਸਮਾਜਕ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ
ਇਸਦੀ ਖ਼ੁਦਮੁਖਤਿਆਰ ਹਥਿਆਰ ਵਜੋਂ ਵਰਤੋਂ ਹੋ ਸਕਦੀ ਹੈ। ਫ਼ੌਜੀ ਖੇਤਰ ਵਿਚ ਅਜਿਹੇ ਹਥਿਆਰਾਂ ਦਾ ਵਿਕਾਸ ਹੋ ਰਿਹਾ ਹੈ ਜਿਹੜੇ ਮਨੁੱਖੀ ਦਖ਼ਲ ਜਾਂ ਕਮਾਂਡ ਤੋਂ ਬਿਨਾਂ ਟੀਚੇ ਚੁਣ ਕੇ ਹਮਲਾ ਕਰ ਸਕਦੇ ਹਨ। ਜੇਕਰ ਇਹ ਤਕਨੀਕ ਗਲਤ ਹੱਥਾਂ ਵਿਚ ਚਲੀ ਜਾਂਦੀ ਹੈ ਤਾਂ ਨਤੀਜੇ ਖ਼ਤਰਨਾਕ ਹੋ ਸਕਦੇ ਹਨ।
ਇਹ ਵੀ ਚਿੰਤਾ ਹੈ ਕਿ ਭਵਿੱਖ ਵਿਚ ਮਨੁੱਖ ਦਾ ਇਸਤੋਂ ਕੰਟਰੋਲ ਖ਼ਤਮ ਹੋ ਸਕਦਾ ਹੈ। ਏ ਆਈ ਦੇ ਅਜਿਹੇ ‘ਸੁਪਰ- ਇੰਟੈਲੀਜੈਂਸ’ ਪੱਧਰ ਦੇ ਮਾਡਲ ਮਨੁੱਖ ਲਈ ਘਾਤਕ ਸਿੱਧ ਹੋ ਸਕਦੇ ਹਨ।
ਦੂਸਰਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸਦੀ ਇਕ ਸਾਧਨ ਦੇ ਰੂਪ ਵਿਚ ਸੁਚੱਜੀ ਵਰਤੋਂ ਹੋ ਰਹੀ ਹੈ। ਉਪਰੋਕਤ ਚਿੰਤਾਵਾਂ ਦੇ ਪ੍ਰਸੰਗ ਵਿਚ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਏ ਆਈ ਆਪਣੇ ਆਪ ਵਿਚ ਕੋਈ ਬੁਰੀ ਤਾਕਤ ਜਾਂ ਜੀਵ ਨਹੀਂ ਹੈ। ਇਹ ਮਨੁੱਖ ਦੁਆਰਾ ਬਣਾਇਆ ਗਿਆ ਇਕ ਤਕਨੀਕੀ ਸੰਦ ਹੈ। ਇਹ ਜਟਿਲ ਸਮੱਸਿਆਵਾਂ ਦਾ ਤੱਤਫਟ ਹੱਲ ਕਰਨ ਦੇ ਸਮਰੱਥ ਹੈ। ਇਹ ਕੈਂਸਰ ਵਰਗੀਆਂ ਗੁੰਝਲਦਾਰ ਬਿਮਾਰੀਆਂ ਦੇ ਇਲਾਜ ਅਤੇ ਊਰਜਾ-ਸੰਕਟ ਜਿਹੀਆਂ ਵਿਸ਼ਵ-ਵਿਆਪੀ ਸਮੱਸਿਆਵਾਂ ਦੇ ਹੱਲ ਲੱਭਣ ਵਿਚ ਮਨੁੱਖਤਾ ਦੀ ਮਦਦ ਕਰ ਰਹੀ ਹੈ।
ਇਸ ਵਿਚ ਚੇਤਨਾ ਦੀ ਘਾਟ ਹੈ। ਮੌਜੂਦਾ ਏ ਆਈ ਸਿਸਟਮ ਸਿਰਫ਼ ਡਾਟਾ ਅਤੇ ਐਲਗੋਰਿਦਮ ਦੇ ਅਧਾਰ ‘ਤੇ ਕੰਮ ਕਰਦੇ ਹਨ। ਉਨ੍ਹਾਂ ਵਿਚ ਮਨੁੱਖਾਂ ਵਾਂਗ ਭਾਵਨਾਵਾਂ, ਇੱਛਾਵਾਂ ਜਾਂ ਕੋਈ ਨਿੱਜੀ ਸੁਆਰਥ ਨਹੀਂ ਹੁੰਦਾ। ਇਸ ਲਈ ਉਹ ਆਪਣੇ ਆਪ ਜਾਣਬੁੱਝ ਕੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣ ਦੀ ਯੋਜਨਾਂ ਨਹੀਂ ਬਣਾ ਸਕਦੇ।
ਇਕ ਪਾਸੇ ਇਹ ਨੌਕਰੀਆਂ ਖਤਮ ਕਰ ਰਿਹਾ ਹੈ ਦੂਸਰੇ ਪਾਸੇ ਨਵੀਂ ਕਿਸਮ ਦੀਆਂ ਨੌਕਰੀਆਂ ਪੈਦਾ ਵੀ ਕਰ ਰਿਹਾ ਹੈ। ਜਿਵੇਂ ਏ ਆਈ ਐਥਿਕਸ, ਡਾਟਾ ਸਾਇੰਸ ਅਤੇ ਮਸ਼ੀਨ ਲਰਨਿੰਗ ਇੰਜੀਨੀਅਰਿੰਗ ਆਦਿ।
ਅਸਲ ਖ਼ਤਰਾ ਏ ਆਹੀ ਮਸ਼ੀਨ ਦਾ ਨਹੀਂ ਸਗੋਂ ਇਸ ਗੱਲ ਦਾ ਹੈ ਕਿ ਮਨੁੱਖ ਇਸ ਤਾਕਤਵਰ ਤਕਨੀਕ ਦੀ ਵਰਤੋਂ ਕਿਵੇਂ ਕਰਦੇ ਹਨ। ਜੇਕਰ ਅਸੀਂ ਸਹੀ ਨਿਯਮ, ਨੈਤਿਕ ਮਾਪਦੰਡ ਅਤੇ ਅੰਤਰਰਾਸ਼ਟਰੀ ਸਮਝੌਤੇ ਸਥਾਪਿਤ ਕਰਦੇ ਹਾਂ ਅਤੇ ਏ ਆਈ ਮਨੁੱਖਤਾ ਦੇ ਵਿਨਾਸ਼ ਦਾ ਕਾਰਨ ਬਣਨ ਦੀ ਬਜਾਏ, ਵਿਕਾਸ ਦੀ ਸੱਭ ਤੋਂ ਵੱਡੀ ਤਾਕਤ ਬਣ ਸਕਦੀ ਹੈ। ਇਸ ਤਕਨੀਕ ਨੂੰ ਮਨੁੱਖੀ ਕਦਰਾਂ- ਕੀਮਤਾਂ ਦੇ ਅਨੁਕੂਲ ਰੱਖਣਾ ਅਤੇ ਇਸਦੀ ਪਾਰਦਰਸ਼ਤਾ ਯਕੀਨੀ ਬਨਾਉਣਾ ਹੀ ਸਾਡੇ ਸੁਰੱਖਿਅਤ ਭਵਿੱਖ ਦੀ ਕੁੰਜੀ ਹੈ।
ਦੁਨੀਆਂ ਦੇ ਵੱਖ-ਵੱਖ ਦੇਸ਼ ਆਪਣੀਆਂ ਜ਼ਰੂਤਾਂ ਅਨੁਸਾਰ ਨਿਯਮ-ਕਾਨੂੰਨ ਬਣਾ ਰਹੇ ਹਨ। ਇਸ ਦਿਸ਼ਾ ਵਿਚ ਯੂਰਪੀਅਨ ਯੂਨੀਅਨ ਨੇ ਪਹਿਲ ਕੀਤੀ ਹੈ। ਅਮਰੀਕਾ ਵਿਚ ਸੂਬਿਆਂ ਦੀ ਪੱਧਰ ’ਤੇ ਕਾਨੂੰਨ ਬਣ ਰਹੇ ਹਨ। ਚੀਨ ਵਿਚ ਵੱਖ-ਵੱਖ ਖੇਤਰਾਂ ਲਈ ਛੇ ਵੱਖ-ਵੱਖ ਨਿਯਮ ਲਾਗੂ ਹਨ। ਭਾਰਤ ਵਿਚ ਅਜਿਹਾ ਕੋਈ ਨਿਯਮ-ਕਾਨੂੰਨ ਨਹੀਂ ਹੈ। ਪਰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਲੋੜ ਇਸ ਗੱਲ ਦੀ ਹੈ ਕਿ ਨਿਯਮ-ਕਾਨੂੰਨ ਇੰਨੇ ਸਖ਼ਤ ਨਾ ਹੋਣ ਕਿ ਤਕਨੀਕ ਦਾ ਵਿਕਾਸ ਰੁਕ ਜਾਵੇ। ਇੰਨੇ ਢਿੱਲੇ ਵੀ ਨਾ ਹੋਣ ਕਿ ਸੁਰੱਖਿਆ ਅਤੇ ਨਿੱਜਤਾ ਨੂੰ ਖ਼ਤਰਾ ਪੈਦਾ ਹੋਵੇ।
