ਐਬਸਫੋਰਡ ( ਦੇ ਪ੍ਰ ਬਿ)– ਮਿਸ਼ਨ ਚੈਂਬਰ ਆਫ਼ ਕਾਮਰਸ ਦੀ ਸਾਬਕਾ ਪ੍ਰਧਾਨ ਅਤੇ ਡਾਇਰੈਕਟਰ ਅਤੇ ਐਬਟਸਫੋਰਡ ਮੈਸਕੁਈ ਰੋਟਰੀ ਕਲੱਬ ਵੱਲੋਂ ਦੋ ਵਾਰ ‘ਪ੍ਰੈਜ਼ੀਡੈਂਟਸ ਅਵਾਰਡ’ ਜਿੱਤਣ ਵਾਲੀ ਰਾਜ ਪਤਾਰਾ ਆਪਣੀ ਸਮਾਜ ਸੇਵੀ ਸਰਗਰਮੀਆਂ ਨੂੰ ਅੱਗੇ ਵਧਾਉਂਦੇ ਹੋਏ ਐਬਟਸਫੋਰਡ ਸਕੂਲ ਟਰੱਸਟੀ ਦੀ ਚੋਣ ਲਈ ਮੈਦਾਨ ਵਿਚ ਹੈ।
ਰਾਜ ਪਤਾਰਾ ਕੋਲ ਸਿਹਤ ਸੰਭਾਲ, ਗੈਰ-ਲਾਭਕਾਰੀ ਸੰਸਥਾਵਾਂ ਦੀ ਅਗਵਾਈ, ਛੋਟੇ ਕਾਰੋਬਾਰ ਦੇ ਸੰਚਾਲਨ ਅਤੇ ਸਰਕਾਰੀ ਖੇਤਰ ਵਿੱਚ ਕੰਮ ਕਰਨ ਦਾ 15 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਹੁਣ ਮਿਊਂਸਪਲ, ਸੂਬਾਈ ਅਤੇ ਫੈਡਰਲ ਪੱਧਰ ‘ਤੇ ਸਾਂਝੇਦਾਰੀ ਕਾਇਮ ਕਰਨ, ਬੱਚਿਆਂ ਅਤੇ ਨੌਜਵਾਨਾਂ ਦੇ ਰੌਸ਼ਨ ਭਵਿੱਖ ਲਈ ਕੰਮ ਕਰਨ ਲਈ ਸਕੂਲ ਟਰੱਸਟੀ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਚਾਹਵਾਨ ਹੈ। ਉਹ ਐਬਟਸਫੋਰਡ ਦੀ ਵਸਨੀਕ ਹੈ ਤੇ ਇਕ ਧੀ ਦੀ ਮਾਂ ਵੀ ਹੈ ਜੋ ‘ਚੀਫ਼ ਡੈਨ ਜਾਰਜ ਮਿਡਲ ਸਕੂਲ’ ਵਿੱਚ ਪੜ ਰਹੀ ਹੈ। ਰਾਜ ਪਤਾਰਾ ਇਸ ਤੋਂ ਪਹਿਲਾਂ ‘ਕਲੀਅਰਬਰੁਕ ਐਲੀਮੈਂਟਰੀ ਸਕੂਲ’ ਦੀ ‘ਪੇਰੈਂਟ ਐਡਵਾਈਜ਼ਰੀ ਕੌਂਸਲ’ ਵਿੱਚ ਵੀ ਸੇਵਾ ਨਿਭਾ ਚੁੱਕੀ ਹੈ । ਉਨ੍ਹਾਂ ਦਾ ਮੰਨਣਆ ਹੈ ਕਿ ਇਸ ਤਜਰਬੇ ਨੇ ਉਨ੍ਹਾਂ ਨੂੰ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਕਾਂ ਲਈ ਸਥਾਨਕ ਚੁਣੌਤੀਆਂ ਅਤੇ ਮੌਕਿਆਂ ਨੂੰ ਸਮਝਣ ਵਿੱਚ ਮਦਦ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮੈਂ “ਇੱਕ ਮਾਂ ਹੋਣ ਦੇ ਨਾਤੇ, ਉਸ ਭਰੋਸੇ ਨੂੰ ਸਮਝਦੀ ਹਾਂ ਜੋ ਪਰਿਵਾਰ ਰੋਜਾਨਾ ਸਾਡੇ ਸਕੂਲਾਂ ਅਤੇ ਸਿੱਖਿਆ ਪ੍ਰਣਾਈਲ ਤੇ ਕਰਦੇ ਹਨ। ਜਦੋਂ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਨ, ਤਾਂ ਉਹ ਇੱਕ ਸੁਰੱਖਿਅਤ ਮਾਹੌਲ, ਮਜ਼ਬੂਤ ਵਿੱਦਿਅਕ ਪ੍ਰਣਾਲੀ ਅਤੇ ਅਜਿਹੇ ਸਿੱਖਿਅਕਾਂ ਦੀ ਉਮੀਦ ਕਰਦੇ ਹਨ ਜੋ ਬੱਚਿਆਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਤੱਕ ਕਿਸੇ ਮੁਕਾਮ ਤੇ ਪਹੁੰਚਣ ਲਈ ਮਦਦ ਕਰਨ। ਲੋਕਾਂ ਦੇ ਇਸ ਭਰੋਸੇ ਨੂੰ ਕਮਾਉਣਾ ਅਤੇ ਉਸ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ।
ਰਾਜ ਪਤਾਰਾ ਨੇ 2018 ਵਿੱਚ ਵੀ ਐਬਟਸਫੋਰਡ ਸਕੂਲ ਟਰੱਸਟੀ ਦੀ ਚੋਣ ਲੜੀ ਸੀ ਅਤੇ 7,860 ਵੋਟਾਂ ਨਾਲ 12ਵਾਂ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਟਰੱਸਟੀ ਵਜੋਂ ਸੇਵਾ ਕਰਨ ਦੀ ਮੇਰੀ ਇੱਛਾ ਇਸ ਸਾਲ ਸ਼ੁਰੂ ਨਹੀਂ ਹੋਈ। ਮੈਂ 2018 ਵਿੱਚ ਆਪਣਾ ਨਾਮ ਅੱਗੇ ਵਧਾਇਆ ਸੀ ਕਿਉਂਕਿ ਮੇਰਾ ਉਦੋਂ ਵੀ ਇਹ ਮੰਨਣਾ ਸੀ – ਅਤੇ ਹੁਣ ਵੀ ਹੈ – ਕਿ ਇਕ ਮਜ਼ਬੂਤ ਸਕੂਲ ਤੇ ਸਿੱਖਿਆ ਪ੍ਰਣਾਲੀ ਹੀ ਇੱਕ ਮਜ਼ਬੂਤ ਭਾਈਚਾਰੇ ਦੀ ਨੀਂਹ ਹੁੰਦੇ ਹਨ। ਰਾਜ ਪਤਾਰਾ ਖੁਦ ਕੈਲਗਰੀ ਦੀ ‘ਮਾਉਂਟ ਰਾਇਲ ਯੂਨੀਵਰਸਿਟੀ’ ਤੋਂ ਸ਼ੋਸ਼ਾਲੋਜੀ ( ਸਮਾਜ ਸ਼ਾਸਤਰ) ਵਿੱਚ ਬੈਚੁਲਰ ਦੀ ਡਿਗਰੀ ਹੈ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ‘ਬ੍ਰੇਕਥਰੂ ਟੀ1ਡੀ’ (Breakthrough T1D) ਨਾਲ ਕੰਮ ਕੀਤਾ ਹੈ – ਜੋ ਕਿ ਟਾਈਪ 1 ਸ਼ੂਗਰ (ਡਾਇਬਟੀਜ਼) ਨਾਲ ਜੂਝ ਰਹੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਇੱਕ ਗੈਰ-ਲਾਭਕਾਰੀ ਸੰਸਥਾ ਹੈ। ਸਮਾਜ ਸੇਵੀ ਕਾਰਜਾਂ ਦੇ ਨਾਲ ਪਤਾਰਾ ਦਾ ਮੰਨਣਾ ਹੈ ਕਿ ਸਾਡੇ ਬੱਚਿਆ ਦੇ ਰੌਸ਼ਨ ਭਵਿੱਖ ਲਈ ਚੰਗੇ ਸਕੂਲ ਅਤੇ ਮਜਬੂਤਦ ਵਿਦਿਅਕ ਪ੍ਰਣਾਲੀ ਦੀ ਬਹੁਤ ਮਹੱਤਤਾ ਹੈ। ਉਹਨਾਂ ਦੀ ਇਸ ਮੁਹਿੰਮ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਵਿਦਿਆਰਥੀ ਨੂੰ ਸਫਲ ਹੋਣ ਦਾ ਮੌਕਾ ਮਿਲੇ, ਮਾਪਿਆਂ ਦੀ ਆਵਾਜ਼ ਸੁਣੀ ਜਾਵੇ ਅਤੇ ਹਰ ਪਰਿਵਾਰ ਨੂੰ ਸਾਡੀ ਸਿੱਖਿਆ ਪ੍ਰਣਾਲੀ ‘ਤੇ ਭਰੋਸਾ ਹੋਵੇ। ਮੈਂ ਇਸ ਲਈ ਚੋਣ ਲੜ ਰਹੀ ਹਾਂ ਕਿਉਂਕਿ ਮੈਨੂੰ ਸਾਡੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਾਡੇ ਭਾਈਚਾਰੇ ਦੇ ਭਵਿੱਖ ਦੀ ਡੂੰਘੀ ਪਰਵਾਹ ਹੈ। ਮਜ਼ਬੂਤ ਸਕੂਲ ਹੀ ਮਜ਼ਬੂਤ ਪਰਿਵਾਰਾਂ, ਮਜ਼ਬੂਤ ਭਾਈਚਾਰੇ ਅਤੇ ਇੱਕ ਮਜ਼ਬੂਤ ਤੇ ਖੁਸ਼ਹਾਲ ਐਬਟਸਫੋਰਡ ਦੀ ਸਿਰਜਣਾ ਕਰ ਸਕਦੇ ਹਨ।
ਉਨ੍ਹਾਂ ਦੀ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਲਈ patara4trustee.ca ‘ਤੇ ਜਾਓ।
