● ਗੱਲਾਂ ਨਾਲ ਨਹੀਂ ਕੰਮਾਂ ਨਾਲ ਪਛਾਣ ਕੀਤੀ ਸਥਾਪਤ–
ਮਨਿੰਦਰ ਸਿੰਘ ਗਿੱਲ–
ਸਰੀ –ਅੱਜ ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿੱਚੋਂ ਸਰੀ ਇੱਕ ਉੱਭਰਦਾ ਨਾਂ ਹੈ। ਵਧਦੀ ਆਬਾਦੀ ਦੇ ਮੱਦੇਨਜ਼ਰ ਸ਼ਹਿਰ ਨੂੰ ਨਵੇਂ ਘਰਾਂ, ਸੜਕਾਂ, ਆਵਾਜਾਈ, ਪੁਲਿਸ ਸੁਰੱਖਿਆ, ਅੱਗ ਬੁਝਾਊ ਸੇਵਾਵਾਂ, ਬੱਚਿਆਂ ਦੀ ਸੰਭਾਲ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਵੱਡੀ ਲੋੜ ਹੈ। ਅਜਿਹੇ ਸਮੇਂ ਵਿੱਚ ਸਿਰਫ਼ ਵਾਅਦੇ ਕਰਨ ਵਾਲੀ ਨਹੀਂ, ਸਗੋਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਾਲੀ ਲੀਡਰਸ਼ਿਪ ਦੀ ਲੋੜ ਹੁੰਦੀ ਹੈ। ਮੇਅਰ ਬ੍ਰੈਂਡਾ ਲੌਕ ਨੇ ਆਪਣੇ ਕਾਰਜਕਾਲ ਦੌਰਾਨ ਇਹ ਦਰਸਾਇਆ ਹੈ ਕਿ ਦ੍ਰਿੜ੍ਹ ਇਰਾਦੇ, ਵਿੱਤੀ ਅਨੁਸ਼ਾਸਨ ਅਤੇ ਸਪੱਸ਼ਟ ਦ੍ਰਿਸ਼ਟੀ ਨਾਲ ਸਰੀ ਨੂੰ ਵਿਕਾਸ ਦੀ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।
ਬ੍ਰੈਂਡਾ ਲੌਕ ਦੀ ਅਗਵਾਈ ਹੇਠ ਪੰਜ ਸਾਲਾਂ ਲਈ ਲਗਭਗ 1.6 ਬਿਲੀਅਨ ਡਾਲਰ ਦੇ ਪੂੰਜੀ ਨਿਵੇਸ਼ ਨੂੰ ਮਨਜ਼ੂਰੀ ਮਿਲਣਾ ਸਰੀ ਦੇ ਭਵਿੱਖ ਵਿੱਚ ਕੀਤਾ ਗਿਆ ਇੱਕ ਮਹੱਤਵਪੂਰਨ ਨਿਵੇਸ਼ ਹੈ। ਇਹ ਅੰਕੜਾ ਸਿਰਫ਼ ਸਰਕਾਰੀ ਬਜਟ ਦੀ ਇੱਕ ਲਾਈਨ ਨਹੀਂ, ਸਗੋਂ ਸ਼ਹਿਰ ਦੀਆਂ ਸੜਕਾਂ, ਜਨਤਕ ਇਮਾਰਤਾਂ, ਸੁਰੱਖਿਆ ਸੇਵਾਵਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਿਆਪਕ ਯੋਜਨਾ ਦਾ ਪ੍ਰਤੀਕ ਹੈ।
ਸਰੀ ਪੁਲਿਸ ਸਰਵਿਸ ਵਿੱਚ ਤਬਦੀਲੀ ਸ਼ਹਿਰ ਦੇ ਇਤਿਹਾਸ ਦਾ ਇੱਕ ਬਹੁਤ ਹੀ ਗੁੰਝਲਦਾਰ ਅਤੇ ਮਹਿੰਗਾ ਮਾਮਲਾ ਰਿਹਾ ਹੈ। ਇਸ ਤਬਦੀਲੀ ਦੇ ਖਰਚੇ ਨੂੰ ਸਰੀ ਦੇ ਕਰਦਾਤਾਵਾਂ ’ਤੇ ਪੂਰੀ ਤਰ੍ਹਾਂ ਪੈਣ ਤੋਂ ਬਚਾਉਣ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਤੋਂ 250 ਮਿਲੀਅਨ ਡਾਲਰ ਤੱਕ ਦੀ ਵਿੱਤੀ ਸਹਾਇਤਾ ਹਾਸਲ ਕਰਨਾ ਮੇਅਰ ਲੌਕ ਦੀ ਇੱਕ ਅਹਿਮ ਪ੍ਰਾਪਤੀ ਹੈ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਸ਼ਹਿਰ ਦੇ ਹਿੱਤਾਂ ਲਈ ਸੂਬਾਈ ਸਰਕਾਰ ਸਾਹਮਣੇ ਮਜ਼ਬੂਤੀ ਨਾਲ ਪੱਖ ਰੱਖਿਆ।
ਜਨਤਕ ਸੁਰੱਖਿਆ ਦੇ ਖੇਤਰ ਵਿੱਚ 140 ਪੁਲਿਸ ਅਧਿਕਾਰੀਆਂ, 80 ਅੱਗ ਬੁਝਾਊ ਕਰਮਚਾਰੀਆਂ ਅਤੇ 40 ਬਾਇਲਾਅ ਅਧਿਕਾਰੀਆਂ ਦਾ ਵਾਧਾ ਵੀ ਮਹੱਤਵਪੂਰਨ ਕਦਮ ਹੈ। ਤੇਜ਼ੀ ਨਾਲ ਵਧਦੇ ਸ਼ਹਿਰ ਵਿੱਚ ਸਿਰਫ਼ ਇਮਾਰਤਾਂ ਬਣਾਉਣਾ ਹੀ ਵਿਕਾਸ ਨਹੀਂ ਹੁੰਦਾ; ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਵੀ ਵਿਕਾਸ ਦਾ ਬੁਨਿਆਦੀ ਹਿੱਸਾ ਹੈ। ਨਵੇਂ ਅਧਿਕਾਰੀਆਂ ਦੀ ਭਰਤੀ ਨਾਲ ਐਮਰਜੈਂਸੀ ਸੇਵਾਵਾਂ ਦੀ ਸਮਰੱਥਾ ਅਤੇ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਸ਼ਹਿਰ ਦੀ ਯੋਗਤਾ ਵਿੱਚ ਵਾਧਾ ਹੋਵੇਗਾ।
ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਸਰੀ ਨੇ ਫੈਡਰਲ ਹਾਊਸਿੰਗ ਐਕਸਿਲਰੇਟਰ ਫੰਡ ਅਧੀਨ 95 ਮਿਲੀਅਨ ਡਾਲਰ ਦੀ ਰਕਮ ਪ੍ਰਾਪਤ ਕੀਤੀ। 13,000 ਨਵੇਂ ਘਰਾਂ ਦੇ ਟੀਚੇ ਦੇ ਮੁਕਾਬਲੇ 13,800 ਤੋਂ ਵੱਧ ਨੈੱਟ ਨਵੇਂ ਘਰ ਦਰਜ ਕੀਤੇ ਜਾਣਾ ਇੱਕ ਉਤਸ਼ਾਹਜਨਕ ਪ੍ਰਾਪਤੀ ਹੈ। ਇਸ ਦੇ ਨਾਲ ਰਿਹਾਇਸ਼ੀ ਪਰਮਿਟ ਪ੍ਰਕਿਰਿਆ ਵਿੱਚ 75 ਫ਼ੀਸਦੀ ਤੇਜ਼ੀ ਲਿਆਉਣ ਦਾ ਦਾਅਵਾ ਇਹ ਦਰਸਾਉਂਦਾ ਹੈ ਕਿ ਸਿਟੀ ਹਾਲ ਨੇ ਸਿਰਫ਼ ਟੀਚੇ ਨਿਰਧਾਰਤ ਨਹੀਂ ਕੀਤੇ, ਸਗੋਂ ਪ੍ਰਸ਼ਾਸਨਿਕ ਰੁਕਾਵਟਾਂ ਘਟਾਉਣ ਵੱਲ ਵੀ ਤੇਜ਼ੀ ਨਾਲ ਕੰਮ ਕੀਤਾ ਹੈ।
ਸਰੀ ਵਰਗੇ ਤੇਜ਼ੀ ਨਾਲ ਫੈਲ ਰਹੇ ਸ਼ਹਿਰ ਲਈ ਸੜਕਾਂ ਅਤੇ ਆਵਾਜਾਈ ਜੀਵਨ-ਰੇਖਾ ਹਨ। ਬ੍ਰੈਂਡਾ ਲੌਕ ਦੀ ਅਗਵਾਈ ਹੇਠ ਪੰਜ ਸਾਲਾਂ ਲਈ ਸੜਕਾਂ ਅਤੇ ਆਵਾਜਾਈ ਵਾਸਤੇ 358.5 ਮਿਲੀਅਨ ਡਾਲਰ ਮਨਜ਼ੂਰ ਕੀਤੇ ਗਏ। ਸਾਲ 2024 ਵਿੱਚ ਅੱਠ ਕਿਲੋਮੀਟਰ ਸੜਕਾਂ ਵਿੱਚ ਸੁਧਾਰ ਕੀਤਾ ਗਿਆ ਅਤੇ 27 ਕਿਲੋਮੀਟਰ ਸੜਕਾਂ ਮੁੜ ਪੱਕੀਆਂ ਕੀਤੀਆਂ ਗਈਆਂ। ਬ੍ਰੈਂਡਾ ਲੌਕ ਦੀ ਅਗਵਾਈ ‘ਚ ਸ਼ਹਿਰ ਦੇ ਵਿਕਾਸ ਦੀ ਰਫ਼ਤਾਰ ਦੇ ਜ਼ਿਕਰ ਦੌਰਾਨ ਮੈਂ ਦੱਸਣਾ ਚਾਹਾਂਗਾ ਕਿ ਸਕਾਟ ਰੋਡ ਤੋਂ ਲੈਕੇ ਕਿੰਗ ਜੌਰਜ਼ 80 ਐਵਨਿਊ ਦਾ ਮਸਲਾ ਜੋ ਪਿਛਲੇ 26 ਸਾਲਾਂ ਤੋਂ ਲਟਕ ਰਿਹਾ ਸੀ ਕਿਸੇ ਵੀ ਕੌਂਸਲ ਨੇ ਨਹੀਂ ਬਣਾਇਆ ਪਰ ਬ੍ਰੈਂਡਾ ਲੌਕ ਨੇ ਇਸਨੂੰ ਤਰਜੀਹ ਦਿੰਦਿਆਂ ਇਸਨੂੰ ਮੁਕੰਮਲ ਕਰਕੇ ਆਪਣੀ ਮਜ਼ਬੂਤ ਇੱਛਾ ਸ਼ਕਤੀ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ 140 ਸਟਰੀਟ ਪੂਰੀ ਡਬਲ ਕਰਕੇ ਲੰਬੇ ਸਮੇਂ ਤੋਂ ਟਰੈਫਿਕ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਨੂੰ ਰਾਹਤ ਦਿੱਤੀ, ਟਰੈਫਿਕ ਦੀ ਹੀ ਸਮੱਸਿਆ ਨਾਲ ਘੁਲਦੇ ਏਏ ਰਹੇ ਲੋਕਾਂ ਦਾ ਜੀਵਨ ਸੁਖਾਲਾ ਕਰਨ ਲਈ ਸਿਟੀ ਆਫ ਸਰੀ ਹੁਣ 132 ਸਟਰੀਟ ਨੂੰ ਵੀ ਡਬਲ ਕਰਨ ਜਾ ਰਹੀ ਹੈ। ਬ੍ਰੈਂਡਾ ਲੌਕ ਨ੍ਹੇ ਹੁਣ ਜਿੱਥੇ 76 ਐਵਨਿਊ ਨੂੰ ਵੀ ਡਬਲ ਕਰਨ ਦਾ ਭਰੋਸਾ ਦਿੱਤਾ ਹੈ ਉੱਥੇ 64 ਐਵਨਿਊ ਨੂੰ 152 ਤੋਂ ਅੱਗੇ ਲੈਂਗਲੀ ਤੱਕ ਪੂਰਾ ਡਬਲ ਕੀਤਾ ਤੇ 152 ਸਟਰੀਟ ਹਾਈਵੇ 10 ਤੋਂ ਲੈ ਕੇ ਸਾਊਥ ਸਰੀ ਤੱਕ ਜੋ ਸਿੰਗਲ ਲੇਨ ਸੀ ਉਹ ਵੀ ਸਿਰਫ ਡਬਲ ਹੀ ਨਹੀਂ ਕੀਤੀ ਸਗੋਂ ਸਾਈਡਾਂ ਤੇ ਫੈਂਸ ਆਦਿ ਲਗਵਾ ਕੇ ਉਸਨੂੰ ਸੁੰਦਰ ਦਿੱਖ ਵੀ ਪ੍ਰਦਾਨ ਕੀਤੀ ਹੈ। ਮੈਂ ਜੇਕਰ ਇੱਕ-ਇਕ ਵਿਕਾਸ ਦਾ ਜ਼ਿਕਰ ਕਰਾਂ ਤਾਂ ਲਿਸਟ ਬਹੁਤ ਲੰਮੇਰੀ ਹੋ ਜਾਵੇਗੀ ਪਰ 72 ਐਵੀਨਿਊ ਦਾ ਜ਼ਿਕਰ ਬਹੁਤ ਜਰੂਰੀ ਹੈ ਜਿਸਨੂੰ 152 ਤੋਂ ਲੈ ਕੇ 168 ਸਟਰੀਟ ਅਤੇ 168 ਤੋਂ ਲੈ ਕੇ 176 ਤੱਕ ਅੱਗੇ ਵਧਾਉਣ ਦੇ ਫੈਸਲੇ ਨੂੰ ਅਮਲੀ ਰੂਪ ਦੇਕੇ ਬ੍ਰੈਂਡਾ ਲੌਕ ਨੇ ਸਾਬਤ ਕਰ ਵਿਖਾਇਆ ਹੈ ਕਿ ਸਿਰਫ ਵਾਅਦਿਆਂ ‘ਚ ਨਹੀਂ ਕੰਮ ਕਰਨ ‘ਚ ਵਿਸ਼ਵਾਸ਼ ਰੱਖਦੀ ਹੈ। ਮੁੱਕਦੀ ਗੱਲ ਕਿ ਮੈਂ ਬਤੌਰ ਸਰੀ ਵਾਸੀ ਪਿਛਲੇ 45 ਸਾਲ ਦੇ ਆਪਣੇ ਪੀਰੀਅਡ ਵਿੱਚ ਕਿਸੇ ਮੇਅਰ ਨੂੰ ਏਨੀ ਸ਼ਿੱਦਤ ਨਾਲ ਸ਼ਹਿਰ ਨੂੰ ਸਮਰਪਿਤ ਹੁੰਦੇ ਨਹੀਂ ਵੇਖਿਆ। ਅਸੀਂ ਸਰੀ ਵਾਸੀ ਬ੍ਰੈਂਡਾ ਲੌਕ ਅਤੇ ਉਸਦੀ ਟੀਮ ਨੂੰ 4 ਸਾਲ ਦਾ ਹੋਰ ਸਮਾਂ ਦੇਕੇ ਭਰੋਸਾ ਕਰ ਸਕਦੇ ਹਾਂ ਕਿ ਸ਼ਹਿਰ ਦੀਆਂ ਬਾਕੀ ਰਹਿੰਦੀਆਂ ਸਮੱਸਿਆਵਾਂ ਨੂੰ ਵੀ ਹੱਲ ਹੁੰਦਾ ਵੇਖਾਂਗੇ।
ਸਾਲ 2025 ਵਿੱਚ 11 ਕਿਲੋਮੀਟਰ ਲੰਬੇ ਨਵੇਂ ਸਾਈਕਲਿੰਗ ਅਤੇ ਪੈਦਲ ਮਾਰਗਾਂ ਦਾ ਨਿਰਮਾਣ ਸਰੀ ਨੂੰ ਵਧੇਰੇ ਸਿਹਤਮੰਦ, ਸੁਰੱਖਿਅਤ ਅਤੇ ਵਾਤਾਵਰਣ ਪੱਖੀ ਸ਼ਹਿਰ ਬਣਾਉਣ ਵੱਲ ਕਦਮ ਹੈ। ਇਸੇ ਤਰ੍ਹਾਂ 16 ਕਿਲੋਮੀਟਰ ਲੰਬੇ ਸਰੀ–ਲੈਂਗਲੀ ਸਕਾਈਟ੍ਰੇਨ ਵਿਸਥਾਰ ਅਤੇ ਇਸ ਦੇ ਅੱਠ ਨਵੇਂ ਸਟੇਸ਼ਨਾਂ ਦਾ ਨਿਰਮਾਣ ਭਵਿੱਖ ਦੇ ਸਰੀ ਦੀ ਤਸਵੀਰ ਬਦਲਣ ਵਾਲਾ ਪ੍ਰਾਜੈਕਟ ਹੈ। ਭਾਵੇਂ ਇਹ ਕਈ ਸਰਕਾਰੀ ਪੱਧਰਾਂ ਦੀ ਸਾਂਝੀ ਯੋਜਨਾ ਹੈ, ਪਰ ਸ਼ਹਿਰ ਦੀ ਲੀਡਰਸ਼ਿਪ ਦੀ ਭੂਮਿਕਾ ਇਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਰਹਿੰਦੀL ਹੈ।
ਪਰਿਵਾਰਾਂ ਅਤੇ ਕੰਮਕਾਜੀ ਮਾਪਿਆਂ ਦੀਆਂ ਲੋੜਾਂ ਨੂੰ ਸਮਝਦਿਆਂ 250 ਤੋਂ ਵੱਧ ਨਵੇਂ ਪੂਰੇ ਸਮੇਂ ਵਾਲੇ ਚਾਈਲਡਕੇਅਰ ਸਥਾਨਾਂ ਲਈ ਫੰਡ ਮੁਹੱਈਆ ਕਰਵਾਉਣਾ ਵੀ ਸ਼ਲਾਘਾਯੋਗ ਹੈ। ਚਾਈਲਡਕੇਅਰ ਸਿਰਫ਼ ਬੱਚਿਆਂ ਦੀ ਦੇਖਭਾਲ ਦਾ ਮੁੱਦਾ ਨਹੀਂ, ਸਗੋਂ ਮਹਿਲਾਵਾਂ ਦੀ ਆਰਥਿਕ ਭਾਗੀਦਾਰੀ, ਪਰਿਵਾਰਕ ਸਥਿਰਤਾ ਅਤੇ ਸਥਾਨਕ ਅਰਥਵਿਵਸਥਾ ਨਾਲ ਜੁੜਿਆ ਹੋਇਆ ਹੈ। ਇਸ ਲਈ ਨਵੇਂ ਚਾਈਲਡਕੇਅਰ ਸਥਾਨ ਸਰੀ ਦੇ ਪਰਿਵਾਰਾਂ ਲਈ ਸਿੱਧੀ ਰਾਹਤ ਦਾ ਕੰਮ ਕਰਨਗੇ।
ਵਾਤਾਵਰਣ ਦੇ ਖੇਤਰ ਵਿੱਚ 2010 ਦੇ ਨਿਰਧਾਰਤ ਆਧਾਰ ਦੇ ਮੁਕਾਬਲੇ ਲੈਂਡਫ਼ਿਲ ਵਿੱਚ ਜਾਣ ਵਾਲੇ ਕੂੜੇ ਵਿੱਚ 31 ਫ਼ੀਸਦੀ ਕਮੀ ਵੀ ਧਿਆਨਯੋਗ ਹੈ। ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਬ੍ਰੈਂਡਾ ਲੌਕ ਦੀ ਵਿਕਾਸ ਦੀ ਸੋਚ ਸਿਰਫ਼ ਕੰਕਰੀਟ ਅਤੇ ਸੜਕਾਂ ਤੱਕ ਸੀਮਿਤ ਨਹੀਂ, ਸਗੋਂ ਇੱਕ ਸਾਫ਼-ਸੁਥਰਾ ਅਤੇ ਟਿਕਾਊ ਸ਼ਹਿਰ ਬਣਾਉਣ ਨਾਲ ਵੀ ਜੁੜੀ ਹੋਈ ਹੈ।
ਬ੍ਰੈਂਡਾ ਲੌਕ ਦੀ ਲੀਡਰਸ਼ਿਪ ਨੂੰ ਇਸ ਲਈ ਵਿਸ਼ੇਸ਼ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਇੱਕ ਬਹੁਤ ਤੇਜ਼ੀ ਨਾਲ ਬਦਲ ਰਹੇ ਸ਼ਹਿਰ ਦੀਆਂ ਵੱਖ-ਵੱਖ ਲੋੜਾਂ ਨੂੰ ਇੱਕੋ ਸਮੇਂ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਰਿਹਾਇਸ਼, ਪੁਲਿਸ, ਅੱਗ ਬੁਝਾਊ ਸੇਵਾਵਾਂ, ਸੜਕਾਂ, ਜਨਤਕ ਆਵਾਜਾਈ, ਚਾਈਲਡਕੇਅਰ ਅਤੇ ਵਾਤਾਵਰਣ—ਹਰ ਖੇਤਰ ਵਿੱਚ ਹੋਇਆ ਕੰਮ ਇੱਕ ਵਿਸ਼ਾਲ ਵਿਕਾਸ ਦ੍ਰਿਸ਼ਟੀ ਵੱਲ ਇਸ਼ਾਰਾ ਕਰਦਾ ਹੈ। ਸਰੀ ਨੂੰ ਅੱਜ ਅਜਿਹੀ ਅਗਵਾਈ ਦੀ ਲੋੜ ਹੈ ਜੋ ਸ਼ੋਰ-ਸ਼ਰਾਬੇ ਦੀ ਥਾਂ ਨਤੀਜਿਆਂ ਨਾਲ ਆਪਣੀ ਪਛਾਣ ਬਣਾਏ। ਇਨ੍ਹਾਂ ਪ੍ਰਾਪਤੀਆਂ ਦੇ ਆਧਾਰ ’ਤੇ ਬ੍ਰੈਂਡਾ ਲੌਕ ਨੂੰ ਸਰੀ ਦੀ “ਕਾਮਯਾਬ ਮੇਅਰ” ਕਹਿਣਾ ਬਿਲਕੁਲ ਢੁੱਕਵਾਂ ਹੈ। ਉਨ੍ਹਾਂ ਦੀ ਅਗਵਾਈ ਹੇਠ ਸਰੀ ਨੇ ਸਿਰਫ਼ ਆਪਣੇ ਮੌਜੂਦਾ ਸੰਕਟਾਂ ਦਾ ਸਾਹਮਣਾ ਨਹੀਂ ਕੀਤਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ, ਆਧੁਨਿਕ, ਸੁਵਿਧਾਜਨਕ ਅਤੇ ਟਿਕਾਊ ਸ਼ਹਿਰ ਦੀ ਮਜ਼ਬੂਤ ਨੀਂਹ ਵੀ ਰੱਖੀ ਹੈ।
-ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ)

