ਨਿਊਟਨ ਵਿਚ ਜਨਰਲ ਹਸਪਤਾਲ, ਨਿਊਟਨ ਤੱਕ ਸਕਾਈ ਟਰੇਨ ਅਤੇ ਪੁਲਿਸ ਹੈਲੀਕਾਪਟਰ ਲਈ ਚੋਣ ਵਾਅਦਾ ਲੈਣ ਦੀ ਲੋੜ-
ਸਰੀ ( ਦੇ ਪ੍ਰ ਬਿ) — ਇਸ ਅਕਤੂਬਰ ਵਿੱਚ ਸਰੀ ਦੇ ਵਸਨੀਕ ਅੱਠ ਦਿਨਾਂ ਦੇ ਅੰਦਰ ਦੋ ਵਾਰ ਵੋਟ ਪਾਉਣਗੇ। ਇਸ ਮੌਕੇ ਸੇਫ ਸਰੀ ਕੋਲੀਸ਼ਨ ਦੇ ਆਗੂ ਡੱਗ ਮੈਕਲਮ ਦਾ ਕਹਿਣਾ ਹੈ ਕਿ ਸ਼ਹਿਰ ਦੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹਨਾਂ ਦਾ ਵੋਟ ਤਿੰਨ ਮੰਗਾਂ ‘ਤੇ ਕੇਂਦਰਿਤ ਹੋਵੇ। ਇਹ ਤਿੰਨ ਮੰਗਾਂ ਜਾਂ ਮੁੱਦੇ ਹਨ -ਨੰਬਰ ਇਕ- ਨਿਊਟਨ ਵਿੱਚ ਪੂਰੀਆਂ ਸਹੂਲਤਾਂ ਵਾਲੇ ‘ਜਨਰਲ ਹਸਪਤਾਲ ਦੀ ਉਸਾਰੀ’। ਦੂਸਰਾ -ਸਾਡੇ ਸ਼ਹਿਰ ਨੂੰ ਅਪਰਾਧੀਆਂ ਤੋਂ ਬਚਾਉਣ ਲਈ ਸ਼ਹਿਰ ਦੀ ਨਿਗਰਾਨੀ ਲਈ ਪੁਲਿਸ ਹੈਲੀਕਾਪਟਰ ਅਤੇ ਡਰੋਨਾਂ ਦਾ ਫਲੀਟ ਉਪਲਬਧ ਹੋਵੇ। ਤੀਸਰਾ- ਕਿੰਗ ਜਾਰਜ ਬੁਲੇਵਾਰਡ ਤੋਂ ਨਿਊਟਨ ਤੱਕ ਸਕਾਈ-ਟਰੇਨ ਦੀ ਉਸਾਰੀ। ਜੋ ਵੀ ਪਾਰਟੀ ਇਨ੍ਹਾਂ ਤਿੰਨਾਂ ਮੰਗਾਂ ਨੂੰ ਪੂਰਾ ਕਰਨ ਦਾ ਪੱਕਾ ਵਾਅਦਾ ਕਰਦੀ ਹੈ, ਉਹ 24 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਵਿੱਚ ਸਰੀ ਦੇ ਵਸਨੀਕਾਂ ਦੇ ਵੋਟ ਦੀ ਹੱਕਦਾਰ ਹੋਵੇਗੀ।
ਉਹਨਾਂ ਹੋਰ ਕਿਹਾ ਕਿ ਇਹਨਾਂ ਸੂਬਾਈ ਚੋਣਾਂ ਮੌਕੇ ਸਰੀ ਦੇ ਲੋਕਾਂ ਕੋਲ ਆਪਣੀ ਗੱਲ ਮੰਨਵਾਉਣ ਲਈ ਵਧੇਰੇ ਤਾਕਤ ਹੈ। ਇਹ ਮੌਕਾ ਹੈ ਕਿ ਸਰੀ ਵਿਕਟੋਰੀਆ ਨੂੰ ਆਪਣੀਆਂ ਤਰਜੀਹਾਂ ਦੱਸੇ। ਇਸ ਸ਼ਹਿਰ ਨੂੰ ਉਕਤ ਤਿੰਨ ਚੀਜ਼ਾਂ ਦੀ ਤੁਰੰਤ ਲੋੜ ਹੈ ਅਤੇ ਹਰ ਪਾਰਟੀ ਆਗੂ ਜੋ ਸਰੀ ਦੀਆਂ ਸੀਟਾਂ ਜਿੱਤਣਾ ਚਾਹੁੰਦਾ ਹੈ, ਉਸ ਨੂੰ ਇਹ ਮੰਗਾਂ ਸੁਣਨ ਅਤੇ ਇਨ੍ਹਾਂ ਨੂੰ ਪੂਰਾ ਕਰਨ ਦਾ ਵਾਅਦਾ ਕਰਨਾ ਹੋਵੇਗਾ।
ਡੱਗ ਮੈਕਲਮ ਨੇ ਸਰੀ ਨਿਵਾਸੀਆਂ ਨੂੰ ਉਕਤ ਮੰਗਾਂ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਤੋਂ ਬਿਨਾਂ ਕੋਈ ਵੀ ਪਾਰਟੀ ਸਰਕਾਰ ਨਹੀਂ ਬਣਾ ਸਕਦੀ ਅਤੇ ਅਗਲੇ ਚਾਰ ਹਫ਼ਤੇ ਉਹਨਾਂ ਕੋਲ ਇਸ ਗੱਲ ਦੀ ਅਹਿਮੀਅਤ ਸਮਝਾਉਣ ਦਾ ਸਹੀ ਸਮਾਂ ਹੈ।
ਸੂਬਾਈ ਚੋਣਾਂ ਦੌਰਾਨ ਆਗੂਆਂ ਲਈ ਤਿੰਨ ਸਵਾਲ-
ਸੇਫ ਸਰੀ ਕੋਲੀਸ਼ਨ ਦੇ ਆਗੂ ਡੱਗ ਮੈਕਲਮ ਨੇ ਆਪਣੀ ਗੱਲ ਵਿਸਥਾਰ ਵਿਚ ਕਰਦਿਆਂ ਕਿਹਾ ਹੈ ਕਿ ਹੁਣ ਤੋਂ ਲੈ ਕੇ 24 ਅਕਤੂਬਰ ਤੱਕ ਸਰੀ ਦੇ ਵਸਨੀਕਾਂ ਦੀ ਤਰਫੋਂ ਉਹ ਬੀ.ਸੀ. ਐਨ.ਡੀ.ਪੀ. ਅਤੇ ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂਆਂ ਅੱਗੇ ‘ਹਾਂ’ ਜਾਂ ‘ਨਾਂਹ’ ਵਾਲੇ ਤਿੰਨ ਸਵਾਲ ਰੱਖ ਰਹੇ ਹਨ।
ਕੀ ਤੁਸੀਂ ਨਿਊਟਨ ਵਿੱਚ ਪੂਰੀਆਂ ਸਹੂਲਤਾਂ ਵਾਲੇ ‘ਸਰੀ ਜਨਰਲ ਹਸਪਤਾਲ’ ਲਈ ਫੰਡ ਦਿਓਗੇ ?
ਵੈਨ੍ਕੂਵਰ ਦੀ ਆਬਾਦੀ ਲਗਭਗ 7,30,000 ਹੈ ਅਤੇ ਉੱਥੇ 6 ਹਸਪਤਾਲ ਹਨ। ਸਰੀ ਦੀ ਆਬਾਦੀ ਵੀ ਲਗਭਗ 7,30,000 ਹੈ ਪਰ ਇਥੇ ਸਿਰਫ਼ ਇੱਕ ਹਸਪਤਾਲ ਹੈ। ਸਿਟੀ ਚੋਣ ਜਿਤਣ ਦੀ ਸੂਰਤ ਵਿਚ ਮੈਕਲਮ ਦੀ ਅਗਵਾਈ ਵਾਲੀ ਕੌਂਸਲ 6965 ਕਿੰਗ ਜਾਰਜ ਬੁਲੇਵਾਰਡ ‘ਤੇ ਸ਼ਹਿਰ ਦੀ ਮਲਕੀਅਤ ਵਾਲੀ 7.2 ਏਕੜ ਜ਼ਮੀਨ ਇਸ ਕੰਮ ਲਈ ਸਮਰਪਿਤ ਕਰੇਗੀ ਅਤੇ 60 ਦਿਨਾਂ ਦੇ ਅੰਦਰ ਸ਼ਹਿਰ ਦੇ ਸਾਰੇ ਲੋੜੀਂਦੇ ਪਰਮਿਟ ਜਾਰੀ ਕੀਤੇ ਜਾਣਗੇ।
ਕੀ ਤੁਸੀਂ ਨਿਊਟਨ ਤੱਕ ਸਕਾਈ-ਟ੍ਰੇਨ ਲਈ ਫੰਡ ਦਿਓਗੇ ?
ਡੱਗ ਮੈਕਲਮ ਨੇ ਪਿਛਲੇ ਸਮੇਂ ਦੌਰਾਨ ਸੂਬਾਈ ਅਤੇ ਸੰਘੀ ਸਰਕਾਰਾਂ ਨਾਲ ਮਿਲਕੇ ਫਲੀਟਵੁੱਡ, ਕਲੇਟਨ ਹਾਈਟਸ, ਕਲੋਵਰਡੇਲ ਅਤੇ ਲੈਂਗਲੀ ਤੱਕ ਸਕਾਈ-ਟ੍ਰੇਨ ਪਹੁੰਚਾਈ ਹੈ। ਹੁਣ ਉਹ ਕਿੰਗ ਜਾਰਜ ਬੁਲੇਵਾਰਡ ਤੋਂ ਹੁੰਦੇ ਹੋਏ ਨਿਊਟਨ ਤੱਕ ਸਕਾਈ-ਟ੍ਰੇਨ ਪਹੁੰਚਾਉਣ ਲਈ ਵੀ ਅਜਿਹੀ ਹੀ ਵਚਨਬੱਧਤਾ ਦੁਹਰਾ ਰਹੇ ਹਨ। ਨਿਊਟਨ ਸ਼ਹਿਰ ਦਾ ਸਭ ਤੋਂ ਵੱਡਾ ਅਤੇ ਸਹੂਲਤਾਂ ਪੱਖੋਂ ਸਭ ਤੋਂ ਵੱਧ ਪਛੜਿਆ ਹੋਇਆ ਇਲਾਕਾ ਹੈ। ਉਹਨਾਂ ਆਪਣੀ ਗੱਲ ਜਾਰੀ ਰਖਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਸੂਬਾਈ ਸਰਕਾਰਾਂ ਨਾਲ ਗੱਲਬਾਤ ਦੀ ਮੇਜ਼ ‘ਤੇ ਬੈਠ ਚੁੱਕਾ ਹਾਂ ਅਤੇ ਮੈਂ ‘ਫੋਟੋ ਖਿਚਵਾਉਣ ਦੇ ਦਿਖਾਵੇ’ ਅਤੇ ‘ਵਚਨਬੱਧਤਾ’ ਵਿਚਲਾ ਫਰਕ ਜਾਣਦਾ ਹਾਂ। ਸਰੀ ਦੇ ਵਸਨੀਕ ਵੋਟ ਪਾਉਣ ਤੋਂ ਪਹਿਲਾਂ ਇਨ੍ਹਾਂ ਵਿੱਚੋਂ ਹਰੇਕ ਮੁੱਦੇ ‘ਤੇ ‘ਹਾਂ’ ਜਾਂ ‘ਨਾਂਹ’ ਸੁਣਨ ਦੇ ਹੱਕਦਾਰ ਹਨ। ਜਿਹੜੀਆਂ ਪਾਰਟੀਆਂ ‘ਹਾਂ’ ਕਹਿਣਗੀਆਂ, ਉਹ ਹੀ ਸਰੀ ਦੇ ਵਸਨੀਕਾਂ ਦਾ ਸਮਰਥਨ ਹਾਸਲ ਕਰਨਗੀਆਂ ਅਤੇ ਮੈਂ ਇਹ ਯਕੀਨੀ ਬਣਾਉਣ ਲਈ ਸਰੀ ਦੇ ਲੋਕਾਂ ਦੇ ਨਾਲ ਖੜਾ ਰਹਾਂਗਾ ਕਿ ਉਹ ਆਪਣੇ ਵਾਅਦੇ ‘ਤੇ ਕਾਇਮ ਰਹਿਣ।
ਸਰੀ ਵਿੱਚ ਮੇਅਰ ਅਤੇ ਕੌਂਸਲ ਲਈ ਵੋਟਾਂ ਸ਼ਨੀਵਾਰ, 17 ਅਕਤੂਬਰ ਨੂੰ ਪੈਣਗੀਆਂ। ਜਦੋਂਕਿ ਸੂਬਾਈ ਚੋਣਾਂ ਸ਼ਨੀਵਾਰ, 24 ਅਕਤੂਬਰ ਨੂੰ ਹੋਣਗੀਆਂ।
