ਚੰਡੀਗੜ-ਉਘੇ ਫਿਲਮੀ ਅਭਿਨੇਤਾ, ਫਿਲਮਕਾਰ ਅਤੇ ਸਮਾਜਿਕ ਕਾਰਕੁਨ ਅਮਿਤੋਜ ਮਾਨ ਸਮੇਤ ਐਡਵੋਕੇਟ ਨਵਕਿਰਨ ਸਿੰਘ, ਖੁਸ਼ਿੰਦਰ ਸਿੰਘ, ਕੁਲਵਿੰਦਰ ਮਾਨ, ਮਹਿੰਦਰ ਪਾਲ, ਪ੍ਰਭਜੋਤ ਕੌਰ ਤੇ ਗੌਰਵ ਰਾਣਾ ਵੱਲੋਂ ਨਵੀਂ ਪਾਰਟੀ ‘ਪੰਜਾਬ ਸਾਂਝੀਵਾਲਤਾ ਦਲ’ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪੁਰਾਣੀਆਂ ਪਾਰਟੀਆਂ ਕੋਲ ਸੂਬੇ ਦੇ ਵਿਕਾਸ ਲਈ ਨੀਤੀ ਨਹੀਂ ਹੈ। ਅਮਿਤੋਜ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਾਅਦੇ ਦੀ ਥਾਂ ਲੋਕਾਂ ਨੂੰ ਨੀਤੀਆਂ ਦਿੱਤੀਆਂ ਜਾਣਗੀਆਂ, ਜਿਸ ਨਾਲ ਸੂਬੇ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ 19 ਨੀਤੀਆਂ ਨੂੰ ਜਾਰੀ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਹਰ ਵਰਗ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ‘ਆਪ’ ਸਰਕਾਰ ਵੱਲੋਂ 26300 ਕਰੋੜ ਰੁਪਏ ਸਾਲਾਨਾ ਸਬਸਿਡੀ ਦਿੱਤੀ ਜਾ ਰਹੀ ਹੈ, ਜਦੋਂ ਕਿ ਉਸ ਵੱਲੋਂ ਸਬਸਿਡੀ ਵਿੱਚੋਂ 12500 ਕਰੋੜ ਰੁਪਏ ਖਰਚ ਕੇ 23 ਫ਼ਸਲਾਂ ’ਤੇ ਐੱਮ ਐਸ ਪੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿੱਖਿਆ ਤੇ ਸਿਹਤ ਦੇ ਖੇਤਰ ਦਾ ਸੁਧਾਰ ਕੀਤਾ ਜਾਵੇਗਾ। ਪੁਲੀਸ ਸ਼ਿਕਾਇਤ ਅਥਾਰਟੀ ਦੇ ਨਿਯਮਾਂ ਵਿੱਚ ਵੀ ਸੋਧਾਂ ਕੀਤੀਆਂ ਜਾਣਗੀਆਂ।
