Sep 26, 2026

ਵਿੰਨੀਪੈੱਗ ( ਸੁਰਿੰਦਰ ਮਾਵੀ)-ਕੈਨੇਡਾ ਖਿਲਾਫ ਅਮਰੀਕੀ ਫ਼ੌਜੀ ਕਾਰਵਾਈ ਦੀ ਸੰਭਾਵਨਾ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਦੂਰ ਦਾ ਖ਼ਤਰਾ ਦੱਸਿਆ ਹੈ, ਪਰ ਇਸ ਨੂੰ ਨਜ਼ਰਅੰਦਾਜ਼ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਅਜਿਹੇ ਹਾਲਾਤ ਲਈ ਤਿਆਰੀ ਰਹਿਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਨੂੰ ‘ਐਕਸਟਰੀਮ ਟੇਲ ਰਿਸਕ’ ਕਿਹਾ, ਅਜਿਹਾ ਖ਼ਤਰਾ ਜਿਸ ਦੀ ਸੰਭਾਵਨਾ ਬਹੁਤ ਘੱਟ ਹੋਵੇ, ਪਰ ਨਤੀਜੇ ਬੇਹੱਦ ਗੰਭੀਰ ਹੋ ਸਕਦੇ ਹਨ। ਇੱਕ ਇੰਟਰਵਿਊ ਵਿੱਚ ਕਾਰਨੀ ਨੇ ਕਿਹਾ ਕਿ ਇਹ ਕੋਈ ‘ਬੇਸ ਕੇਸ’ ਨਹੀਂ ਹੈ, ਪਰ ਇਸ ਸੰਭਾਵਨਾ ਲਈ ਤਿਆਰ ਨਾ ਹੋਣਾ ਗ਼ੈਰ-ਜ਼ਿੰਮੇਵਾਰਾਨਾ ਹੋਵੇਗਾ। ਉਨ੍ਹਾਂ ਇਸ ਨੂੰ ‘ਰਿਸਕ ਮੈਨੇਜਮੈਂਟ’ ਦਾ ਹਿੱਸਾ ਦੱਸਿਆ ਅਤੇ ਫ਼ੌਜੀ ਤਿਆਰੀਆਂ ਬਾਰੇ ਵੇਰਵੇ ਦੇਣ ਤੋਂ ਇਨਕਾਰ ਕੀਤਾ।

ਕਾਰਨੀ ਦੇ ਬਿਆਨ ਨੇ ਕੈਨੇਡਾ-ਅਮਰੀਕਾ ਸਬੰਧਾਂ ਵਿੱਚ ਪਹਿਲਾਂ ਤੋਂ ਚੱਲ ਰਹੇ ਤਣਾਅ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਕਿਹਾ ਕਿ ਵੱਖ-ਵੱਖ ਜੋਖ਼ਮਾਂ ਦਾ ਮੁਲਾਂਕਣ ਕਰਨਾ ਸਰਕਾਰਾਂ ਅਤੇ ਫ਼ੌਜਾਂ ਦੀ ਆਮ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਦੀ ਸੁਰੱਖਿਆ ਨਾਲ ਜੁੜੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਂਦਾ ਹੈ। ਹਾਲਾਂਕਿ ਉਨ੍ਹਾਂ ਇਹ ਦੱਸਣ ਤੋਂ ਗੁਰੇਜ਼ ਕੀਤਾ ਕਿ ਕੈਨੇਡਾ ਨੇ ਕਿਹੜੇ ਖ਼ਾਸ ਦ੍ਰਿਸ਼ਾਂ ਲਈ ਤਿਆਰੀ ਕੀਤੀ ਹੈ। ਮੰਤਰੀ ਇਵਾਨ ਸੋਲੋਮਨ ਨੇ ਵੀ ਕਿਹਾ ਕਿ ਕਿਸੇ ਵੀ ਸੰਭਾਵੀ ਸਥਿਤੀ ਨੂੰ ਪਰਖਣਾ ਸਰਕਾਰ ਦੇ ਕੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹਰ ਲੰਮੇ ਸਮੇਂ ਦੇ ਜੋਖ਼ਮ ਨੂੰ ਧਿਆਨ ਵਿੱਚ ਰੱਖ ਕੇ ਸਰਕਾਰਾਂ ਤਿਆਰੀ ਕਰਦੀਆਂ ਹਨ। ਪਰ ਫ਼ੌਜੀ ਤਿਆਰੀਆਂ ਦੀ ਕਿਸਮ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕੋਈ ਵੇਰਵਾ ਨਹੀਂ ਦਿੱਤਾ।

ਕਾਰਨੀ ਦੇ ਬਿਆਨ ਨਾਲ ਅਸਹਿਮਤੀ ਵੀ ਸਾਹਮਣੇ ਆਈ ਹੈ। ਸਾਬਕਾ ਰੱਖਿਆ ਤੇ ਵਿਦੇਸ਼ ਮੰਤਰੀ ਪੀਟਰ ਮੈਕਕੇ ਨੇ ਕਿਹਾ ਕਿ ਅਜਿਹੀ ਗੱਲਬਾਤ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਗੱਲਬਾਤ ਦੀ ਮੇਜ਼ ’ਤੇ ਵਾਪਸ ਜਾ ਕੇ ਅਮਰੀਕੀ ਟੈਰਿਫ਼ਾਂ ਦੇ ਮੁੱਦੇ ’ਤੇ ਧਿਆਨ ਦੇਣਾ ਚਾਹੀਦਾ ਹੈ।

ਇਸੇ ਦੌਰਾਨ ਕੈਨੇਡਾ ਅਮਰੀਕਾ ’ਤੇ ਆਪਣੀ ਆਰਥਿਕ, ਤਕਨੀਕੀ ਅਤੇ ਰੱਖਿਆ ਨਿਰਭਰਤਾ ਘਟਾਉਣ ਦੇ ਵਿਕਲਪਾਂ ’ਤੇ ਵਿਚਾਰ ਕਰ ਰਿਹਾ ਹੈ। ਕਾਰਨੀ ਨੇ ਚੀਨ ਨਾਲ ਆਰਥਿਕ ਸਬੰਧ ਵਧਾਉਣ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ ਹੈ। ਰੱਖਿਆ ਮੋਰਚੇ ’ਤੇ ਕੈਨੇਡਾ ਦੇ ਪਹਿਲੇ ਐੱਫ਼-35 ਲੜਾਕੂ ਜਹਾਜ਼ ਨੇ ਟੈਕਸਸ ਵਿੱਚ ਪਹਿਲੀ ਉਡਾਣ ਭਰੀ ਹੈ। ਕੈਨੇਡਾ ਨੇ 88 ਜਹਾਜ਼ ਖ਼ਰੀਦਣ ਦੀ ਯੋਜਨਾ ਬਣਾਈ ਸੀ, ਪਰ ਬਾਕੀ ਖ਼ਰੀਦ ਦੀ ਸਮੀਖਿਆ ਜਾਰੀ ਹੈ। ਕਾਰਨੀ ਮੁਤਾਬਕ ਫ਼ੈਸਲੇ ਵਿੱਚ ਜਹਾਜ਼ਾਂ ਦੀ ਸਮਰੱਥਾ, ਰਣਨੀਤਕ ਨਿਰਭਰਤਾ ਅਤੇ ਆਰਥਿਕ ਲਾਭ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

ਕੈਨੇਡਾ ਸਾਹਮਣੇ ਹੁਣ ਦੋਹਰੀ ਚੁਣੌਤੀ ਹੈ, ਸੰਭਾਵੀ ਸੁਰੱਖਿਆ ਜੋਖ਼ਮਾਂ ਲਈ ਤਿਆਰ ਰਹਿਣਾ ਅਤੇ ਨਾਲ ਹੀ ਅਮਰੀਕਾ ਨਾਲ ਆਪਣੇ ਅਹਿਮ ਰਿਸ਼ਤੇ ਨੂੰ ਸੰਭਾਲਣਾ। ਕਾਰਨੀ ਦੇ ਬਿਆਨ ਨੇ ਇਸ ਬਹਿਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਕਿ ਬਦਲਦੇ ਹਾਲਾਤਾਂ ਵਿੱਚ ਕੈਨੇਡਾ ਆਪਣੀ ਆਰਥਿਕ ਅਤੇ ਰਣਨੀਤਕ ਨਿਰਭਰਤਾ ਨੂੰ ਕਿਵੇਂ ਮੁੜ ਪਰਿਭਾਸ਼ਿਤ ਕਰਦਾ ਹੈ।

Leave a Reply

Your email address will not be published. Required fields are marked *