ਪਾਰਟੀ ਅੰਦਰਲੇ ਕਲੇਸ਼ ਤੋਂ ਦੁਖੀ ਖ਼ਾਨ ਹੁਣ ਆਜ਼ਾਦ ਵਿਧਾਇਕ ਵਜੋਂ ਕਰਨਗੇ ਕੰਮ–
ਵਿੰਨੀਪੈੱਗ ( ਸੁਰਿੰਦਰ ਮਾਵੀ, ਨਰੇਸ਼ ਸ਼ਰਮਾ)-
ਮੈਨੀਟੋਬਾ ਦੀ ਰਾਜਨੀਤਕ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਲੀਡਰ ਓਬੀ ਖ਼ਾਨ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਤਣਾਅ ਤੋਂ ਤੰਗ ਆ ਕੇ ਆਪਣੇ ਅਹੁਦੇ ਅਤੇ ਕਾਕਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਮੰਗਲਵਾਰ ਤੋਂ ਵਿਧਾਨ ਸਭਾ ਵਿੱਚ ਇੱਕ ਆਜ਼ਾਦ ਮੈਂਬਰ ਵਜੋਂ ਬੈਠਣਗੇ। ਅਪ੍ਰੈਲ 2025 ਵਿੱਚ ਪਾਰਟੀ ਦੀ ਕਮਾਨ ਸੰਭਾਲਣ ਵਾਲੇ ਓਬੀ ਖ਼ਾਨ ਮੈਨੀਟੋਬਾ ਦੀ ਸਿਆਸਤ ਵਿੱਚ ਪਾਕਿਸਤਾਨੀ ਮੂਲ ਦੇ ਪਹਿਲੇ ਅਜਿਹੇ ਸਿਆਸਤਦਾਨ ਹਨ ਜਿਨ੍ਹਾਂ ਨੇ ਕਿਸੇ ਮੁੱਖ ਧਾਰਾ ਦੀ ਸੂਬਾਈ ਪਾਰਟੀ ਦੇ ਲੀਡਰ ਦਾ ਅਹੁਦਾ ਸੰਭਾਲਿਆ ਸੀ।
ਓਟਾਵਾ ਵਿੱਚ ਜੰਮੇ ਅਤੇ ਪਾਕਿਸਤਾਨੀ ਵੰਸ਼ ਨਾਲ ਸਬੰਧਿਤ, ਓਬੀ ਖ਼ਾਨ ਕੈਨੇਡੀਅਨ ਫੁੱਟਬਾਲ ਲੀਗ (CFL) ਦੇ ਸਾਬਕਾ ਪ੍ਰਸਿੱਧ ਖਿਡਾਰੀ ਵੀ ਰਹੇ ਹਨ, ਜਿਨ੍ਹਾਂ ਨੇ ਵਿਨੀਪੈਗ ਬਲ਼ੂ ਬੌਂਬਰਜ਼ (Winnipeg Blue Bombers) ਸਮੇਤ ਕਈ ਟੀਮਾਂ ਲਈ ਨੌਂ ਸਾਲ ਖੇਡਿਆ। ਖੇਡ ਜਗਤ ਤੋਂ ਬਾਅਦ ਉਨ੍ਹਾਂ ਨੇ ਸਫਲ ਉਦਯੋਗਪਤੀ ਵਜੋਂ ਪਛਾਣ ਬਣਾਈ ਅਤੇ ਮਾਰਚ 2022 ਵਿੱਚ ਸਿਆਸਤ ਵਿੱਚ ਪ੍ਰਵੇਸ਼ ਕੀਤਾ।
ਸੋਮਵਾਰ ਨੂੰ ਆਪਣੇ ਵਿਧਾਨ ਸਭਾ ਦਫ਼ਤਰ ਵਿਖੇ ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਹੀ 13 ਦੇ ਮੁਕਾਬਲੇ 6 ਵੋਟਾਂ ਨਾਲ ਅੰਦਰੂਨੀ ਭਰੋਸੇ ਦਾ ਵੋਟ ਜਿੱਤ ਲਿਆ ਸੀ, ਪਰ ਪਾਰਟੀ ਦੇ ਕੁਝ ਮੈਂਬਰ ਲਗਾਤਾਰ ਉਨ੍ਹਾਂ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਵਿੱਚ ਲੱਗੇ ਹੋਏ ਸਨ। ਉਨ੍ਹਾਂ ਸਾਫ਼ ਆਖਿਆ ਕਿ ਉਹ ਸੂਬੇ ਦੇ ਲੋਕਾਂ ਲਈ ਲੜਨਾ ਚਾਹੁੰਦੇ ਹਨ, ਪਰ ਆਪਣੀ ਹੀ ਪਾਰਟੀ ਜਾਂ ਸਾਥੀਆਂ ਨਾਲ ਘਿਨੌਣੀ ਖੇਡ ਨਹੀਂ ਖੇਡ ਸਕਦੇ ਅਤੇ ਨਾ ਹੀ ਆਪਣੇ ਅਸੂਲਾਂ ਦੀ ਬਲੀ ਦੇ ਸਕਦੇ ਹਨ।
“ਮੈਂ ਇੱਥੇ ਐਨ ਡੀ ਪੀ ਨਾਲ ਲੜਨ ਅਤੇ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਆਇਆ ਸੀ, ਆਪਣੀ ਹੀ ਪਾਰਟੀ ਨਾਲ ਲੜਨ ਲਈ ਨਹੀਂ,” ਖ਼ਾਨ ਨੇ ਪੱਤਰਕਾਰਾਂ ਨੂੰ ਕਿਹਾ। ਉਨ੍ਹਾਂ ਦੱਸਿਆ ਕਿ ਉਹ ਮੰਗਲਵਾਰ ਤੋਂ ਪੀਸੀ ਕਾਕਸ ਛੱਡ ਦੇਣਗੇ, ਪਰ ਫੋਰਟ ਵਾਈਟ ਹਲਕੇ ਤੋਂ ਆਜ਼ਾਦ ਵਿਧਾਇਕ ਵਜੋਂ ਕੰਮ ਕਰਦੇ ਰਹਿਣਗੇ। ਖ਼ਾਨ ਨੇ ਕਿਹਾ ਕਿ ਉਹ ਉਸ ਕਾਕਸ ਦਾ ਹਿੱਸਾ ਨਹੀਂ ਬਣ ਸਕਦੇ ਜਿਸ ਵਿੱਚ ਇੱਕ ਛੋਟਾ ਗਰੁੱਪ ਨੈਤਿਕਤਾ, ਨਿਯਮਾਂ ਅਤੇ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਈ ਵਿਧਾਇਕਾਂ ਦਾ ਨਾਮ ਲੈ ਕੇ ਧੰਨਵਾਦ ਵੀ ਕੀਤਾ।
ਉਨ੍ਹਾਂ ਦੇ ਇਸ ਕਦਮ ਨਾਲ 57 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਪੀ.ਸੀ. ਪਾਰਟੀ ਕੋਲ ਹੁਣ ਸਿਰਫ਼ 19 ਸੀਟਾਂ ਰਹਿ ਗਈਆਂ ਹਨ, ਜਦੋਂ ਕਿ ਵਾਬ ਕਿਨਿਊ (Wab Kinew) ਦੀ ਐਨ.ਡੀ.ਪੀ. (NDP) ਸਰਕਾਰ ਕੋਲ 34 ਸੀਟਾਂ ਹਨ। ਪਾਰਟੀ ਅਤੇ ਕਾਕਸ ਵੱਲੋਂ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਗਿਆ ਕਿ ਅੱਗੇ ਸਦਨ ਵਿੱਚ ਉਨ੍ਹਾਂ ਦੀ ਅਗਵਾਈ ਕੌਣ ਕਰੇਗਾ, ਜਦੋਂ ਕਿ ਪਾਰਟੀ ਬੋਰਡ ਨੇ ਨਵਾਂ ਲੀਡਰ ਚੁਣਨ ਲਈ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ।
ਮੈਨੀਟੋਬਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਕ੍ਰਿਸਟੋਫਰ ਐਡਮਜ਼ ਨੇ ਕਿਹਾ ਕਿ ਖ਼ਾਨ ਦਾ ਅਸਤੀਫ਼ਾ ਹੈਰਾਨੀਜਨਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਕਸ ਨੂੰ ਲੱਗਦਾ ਹੈ ਕਿ ਪਾਰਟੀ ਅੱਗੇ ਨਹੀਂ ਵਧ ਸਕਦੀ, ਤਾਂ ਉਹ ਲੀਡਰ ਬਦਲਣ ਵਿੱਚ ਦੇਰ ਨਹੀਂ ਕਰਦੇ।
